ਅਲਸੀ ਦੀ ਫਸਲ ਭਾਰਤ `ਚ ਵੱਡੇ ਪੱਧਰ 'ਤੇ ਬੀਜਾਂ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਇਨ੍ਹਾਂ ਬੀਜਾਂ 'ਚੋਂ ਮੁੜ ਤੇਲ ਕੱਢਿਆ ਜਾਂਦਾ ਹੈ। ਇਸਦੇ ਬੀਜਾਂ `ਚ ਤੇਲ ਦੀ ਮਾਤਰਾ 33-47% ਹੁੰਦੀ ਹੈ। ਪੰਜਾਬ `ਚ ਅਲਸੀ ਦੀ ਕਾਸ਼ਤ ਮੁੱਖ ਤੌਰ ਤੇ ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਜਿਲ੍ਹਿਆਂ `ਚ ਕੀਤੀ ਜਾਂਦੀ ਹੈ। ਅੱਜ ਅਸੀਂ ਇਸ ਲੇਖ ਰਾਹੀਂ ਤੁਹਾਡੇ ਲਈ ਅਲਸੀ ਦੀ ਕਾਸ਼ਤ ਦੀ ਪੂਰੀ ਜਾਣਕਾਰੀ ਲੈ ਕੇ ਆਏ ਹਾਂ, ਜਿਸ ਰਾਹੀਂ ਤੁਸੀਂ ਅਲਸੀ ਦੀ ਕਾਸ਼ਤ ਆਸਾਨੀ ਨਾਲ ਕਰ ਸਕੋਗੇ।
ਅਲਸੀ `ਚ ਚਿਕਨਾਈ ਵਧੇਰੇ ਹੋਣ ਕਾਰਨ ਇਸ ਤੋਂ ਰੰਗ-ਰੋਗਨ, ਜਲ-ਰੋਧਕ ਫੈਬਰਿਕ ਆਦਿ ਤਿਆਰ ਕੀਤੇ ਜਾਂਦੇ ਹਨ। ਕੁੱਝ ਖੇਤਰਾਂ `ਚ ਇਸਦੀ ਵਰਤੋਂ ਖਾਣ ਲਈ ਵੀ ਕੀਤੀ ਜਾਂਦੀ ਹੈ। ਅਲਸੀ ਤੋਂ ਤਿਆਰ ਕੇਕ ਨੂੰ ਖਾਦ ਤੇ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਪੇਪਰ ਤੇ ਪਲਾਸਟਿਕ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਉੱਨਤ ਸਿਫਾਰਸ਼ਾਂ ਨੂੰ ਅਮਲ `ਚ ਲਿਆ ਕੇ ਅਲਸੀ ਦੇ ਝਾੜ `ਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ।
ਕਾਸ਼ਤ ਦਾ ਵੇਰਵਾ:
ਮੌਸਮ: ਅਲਸੀ ਦੀ ਫ਼ਸਲ ਜ਼ਿਆਦਾ ਮੀਂਹ ਵਾਲੇ ਇਲਾਕਿਆਂ `ਚ ਚੰਗੀ ਹੁੰਦੀ ਹੈ।
ਜ਼ਮੀਨ: ਚੰਗੇ ਜਲ ਨਿਕਾਸ ਵਾਲੀ ਚੀਕਣੀ ਮਿੱਟੀ ਵਾਲੀ ਜ਼ਮੀਨ ਇਸ ਫ਼ਸਲ ਲਈ ਸਭ ਤੋਂ ਚੰਗੀ ਹੁੰਦੀ ਹੈ।
ਫ਼ਸਲੀ ਚੱਕਰ: ਝੋਨਾ-ਅਲਸੀ
ਉੱਨਤ ਕਿਸਮਾਂ:
● ਐਲ ਸੀ 2063 (2007): ਇਹ ਕਿਸਮ ਉਖੇੜੇ, ਕੁੰਗੀ ਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਦਾਣਿਆਂ `ਚ ਤੇਲ ਦੀ ਮਾਤਰਾ 38.4 ਪ੍ਰਤੀਸ਼ਤ ਹੁੰਦੀ ਹੈ। ਇਸ ਦਾ ਔਸਤ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ ਤੇ ਇਹ ਪੱਕਣ ਲਈ 158 ਦਿਨ ਲੈਂਦੀ ਹੈ।
● ਐਲ ਸੀ 2023 (1998): ਇਸ ਦੀ ਸਿਫ਼ਾਰਸ਼ ਬਰਾਨੀ ਅਤੇ ਸੇਂਜੂ ਦੋਹਾਂ ਹਾਲਤਾਂ ਲਈ ਕੀਤੀ ਗਈ ਹੈ। ਇਹ ਕਿਸਮ ਉਖੇੜੇ, ਕੁੰਗੀ ਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਇਸ ਦੇ ਬੀਜ `ਚ ਤੇਲ ਦੀ ਮਾਤਰਾ 37.4 ਪ੍ਰਤੀਸ਼ਤ ਹੁੰਦੀ ਹੈ ਤੇ ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੱਕਣ ਲਈ ਬਰਾਨੀ ਹਾਲਤਾਂ `ਚ 158 ਤੇ ਸੇਂਜੂ ਹਾਲਤਾਂ `ਚ 163 ਦਿਨ ਲੈਂਦੀ ਹੈ।
ਕਾਸ਼ਤ ਦੇ ਉੱਨਤ ਢੰਗ:
● ਖੇਤ ਦੀ ਤਿਆਰੀ: ਖੇਤ ਨੂੰ ਕਿੰਨੀ ਵਾਰ ਵਾਹੁਣਾ ਹੈ, ਇਹ ਗੱਲ ਖੇਤ `ਚ ਉੱਗੇ ਘਾਹ-ਫੂਸ `ਤੇ ਨਿਰਭਰ ਕਰਦੀ ਹੈ।
● ਬਿਜਾਈ ਦਾ ਸਮਾਂ: ਅਲਸੀ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰ੍ਹਵਾੜੇ ਕਰਨੀ ਚਾਹੀਦੀ ਹੈ।
● ਬੀਜ ਦੀ ਮਾਤਰਾ: ਇੱਕ ਏਕੜ ਲਈ 15 ਕਿਲੋ ਬੀਜ ਦੀ ਲੋੜ ਪੈਂਦੀ ਹੈ।
● ਬਿਜਾਈ ਦਾ ਢੰਗ: ਬਿਜਾਈ 4-5 ਸੈਂਟੀਮੀਟਰ ਡੂੰਘਾਈ ਤੇ ਡਰਿੱਲ ਜਾਂ ਪੋਰੇ ਨਾਲ ਕਰਨੀ ਚਾਹੀਦੀ ਹੈ। ਲਾਈਨਾਂ ਦਾ ਫ਼ਾਸਲਾ 23 ਸੈਂਟੀਮੀਟਰ ਤੇ ਪੌਦਿਆਂ ਦਾ ਫ਼ਾਸਲਾ 7-10 ਸੈਂਟੀਮੀਟਰ ਰੱਖੋ। ਇਸ ਦੀ ਬਿਜਾਈ ਝੋਨੇ ਦੀ ਕਟਾਈ ਤੋਂ ਬਾਅਦ ਬਿਨਾਂ ਵਹਾਈ ਤੋਂ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਜਾਣੋ ਅਲਸੀ ਦੇ ਤੇਲ ਦੇ ਅਨੋਖੇ ਫਾਇਦੇ
● ਖਾਦਾਂ: 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ) ਤੇ 16 ਕਿਲੋ ਫ਼ਾਸਫ਼ੋਰਸ (100 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਵਰਤੋ। ਸਾਰੀ ਖਾਦ ਬੀਜਣ ਸਮੇਂ ਪਾਉ। ਫ਼ਾਸਫ਼ੋਰਸ ਤੱਤ ਸੁਪਰਫ਼ਾਸਫ਼ੇਟ ਖਾਦ ਰਾਹੀਂ ਪਾਉਣ ਨੂੰ ਤਰਜ਼ੀਹ ਦਿਉ।
● ਨਦੀਨਾਂ ਦੀ ਰੋਕਥਾਮ: ਅਲਸੀ ਦੀ ਫ਼ਸਲ ਨੂੰ ਦੋ ਗੋਡੀਆਂ ਕਰੋ। ਪਹਿਲੀ ਬਿਜਾਈ ਤੋਂ ਤਿੰਨ ਹਫ਼ਤੇ ਪਿੱਛੋਂ ਤੇ ਦੂਜੀ ਗੋਡੀ ਬਿਜਾਈ ਤੋਂ ਛੇ ਹਫ਼ਤੇ ਪਿੱਛੋਂ ਕਰੋ। ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ।
● ਸਿੰਚਾਈ: ਅਲਸੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ 3 ਤੋਂ 4 ਪਾਣੀ ਕਾਫੀ ਹਨ। ਅਲਸੀ ਨੂੰ ਫੁੱਲ ਨਿਕਲਣ ਸਮੇਂ ਇੱਕ ਪਾਣੀ ਦੇਣਾ ਜ਼ਰੂਰੀ ਹੈ।
● ਫ਼ਸਲ ਦੀ ਕਟਾਈ: ਇਹ ਫ਼ਸਲ ਅਪ੍ਰੈਲ ਦੇ ਮਹੀਨੇ `ਚ ਕੱਟਣ ਲਈ ਤਿਆਰ ਹੋ ਜਾਂਦੀ ਹੈ।
ਪੌਦ ਸੁਰੱਖਿਆ:
● ਕੀੜੇ:
1. ਲੂਸਣ ਦੀ ਸੁੰਡੀ: ਇਹ ਸੁੰਡੀ ਪੱਤੇ ਖਾ ਕੇ ਨੁਕਸਾਨ ਕਰਦੀ ਹੈ।
● ਬਿਮਾਰੀਆਂ:
1. ਕੁੰਗੀ: ਗੁਲਾਬੀ ਰੰਗ ਦੇ ਧੱਬੇ ਤੇ ਧਾਰੀਆਂ ਪੱਤਿਆਂ, ਟਾਹਣੀਆਂ ਤੇ ਫਲੀਆਂ ਉੱਤੇ ਪੈ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ (ਐਲ ਸੀ 2023 ਤੇ ਐਲ ਸੀ 2063) ਬੀਜੋ। ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ।
2. ਉਖੇੜਾ: ਛੋਟੀ ਉਮਰ ਦੀ ਫ਼ਸਲ `ਤੇ ਹਮਲਾ ਹੋਣ `ਤੇ ਪੌਦੇ ਮਰ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਐਲ ਸੀ 2023 ਤੇ ਐਲ ਸੀ 2063 ਬੀਜੋ।
3. ਚਿੱਟਾ ਰੋਗ: ਪੱਤਿਆਂ `ਤੇ ਚਿੱਟੇ ਰੰਗ ਦਾ ਧੂੜਾ ਨਜ਼ਰ ਆਉਂਦਾ ਹੈ। ਜ਼ਿਆਦਾ ਹਮਲੇ ਸਮੇਂ ਪੱਤੇ, ਟਾਹਣੀਆਂ ਤੇ ਫੁੱਲ ਵੀ ਇਸ ਦੀ ਲਪੇਟ `ਚ ਆ ਜਾਂਦੇ ਹਨ। ਇਸ ਨਾਲ ਪੱਤੇ ਝੜ੍ਹ ਜਾਂਦੇ ਹਨ ਤੇ ਬੀਜ ਸੁੱਕੜ ਜਾਂਦੇ ਹਨ।
Summary in English: Learn about advanced varieties and complete information on cultivation of linseed