
ਅਨਾਜ ਅਤੇ ਚਾਰੇ ਲਈ ਵਧੀਆ ਬਾਜਰੇ ਦੀ ਕਾਸ਼ਤ
Indian Millets: ਮਿਲਟਸ ਛੋਟੇ ਦਾਣਿਆਂ ਵਾਲੇ ਪੌਸ਼ਟਿਕ ਅਨਾਜ ਹਨ ਜੋ ਕਿ ਖੁਰਾਕੀ ਤੱਤਾਂ ਨਾਲ ਭਰਪੂਰ ਹਨ। ਪ੍ਰਮੁੱਖ ਮਿਲਟਸ ਜਿਵੇਂ ਕਿ ਬਾਜਰਾ ਅਤੇ ਜਵਾਰ ਨਾ ਸਿਰਫ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ, ਬਲਕਿ ਪਸ਼ੂਆਂ ਨੂੰ ਵੀ ਪੌਸ਼ਟਿਕ ਚਾਰਾ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਤੋਂ ਬਹੁਮੁੱਲੇ ਪਦਾਰਥ ਵੀ ਬਣਦੇ ਹਨ ਜੋ ਕਿ ਉਪਭੋਗਤਾ ਸਵਾਦਾਂ ਦੇ ਅਨੁਸਾਰ ਬਹੁਤ ਢੁਕਵੇਂ ਹੁੰਦੇ ਹਨ।
ਇਸ ਤਰਾਂ ਪ੍ਰਮੁੱਖ ਮਿਲਟਸ ਬਾਜਰਾ ਅਤੇ ਜਵਾਰ, ਬਹੁਮੁੱਖੀ ਫਸਲਾਂ ਹਨ ਜੋ ਕਿ ਮਨੁੱਖਾਂ ਲਈ ਅਨਾਜ, ਬਹੁਮੁੱਲੇ ਪਦਾਰਥ ਅਤੇ ਪਸ਼ੂਆਂ ਲਈ ਚਾਰਾ ਤੇ ਅਚਾਰ ਬਣਾਉਣ ਲਈ ਬਹੁਤ ਢੁਕਵੀਆਂ ਹਨ। ਬਾਜਰਾ ਅਤੇ ਜਵਾਰ ਫਸਲਾਂ ਦੇ ਬਹੁਮੁਖੀ ਪੱਖ ਹੇਠਾਂ ਦਿਤੇ ਗਏ ਹਨ-
ਅਨਾਜ ਲਈ ਢੁਕਵੀਆਂ: ਹਰੀ ਕ੍ਰਾਂਤੀ ਤੋਂ ਪਹਿਲਾਂ ਬਾਜਰਾ ਅਤੇ ਜਵਾਰ ਅਨਾਜ ਵੱਜੋਂ ਪੰਜਾਬ ਵਿੱਚ ਚੰਗੇ ਰਕਬੇ ਵਿੱਚ ਉਗਾਈਆਂ ਜਾਂਦੀਆਂ ਸਨ। ਇਹ ਪੰਜਾਬੀ ਸੱਬਿਆਚਾਰ ਅਤੇ ਲੋਕ ਗੀਤਾਂ ਦਾ ਵੀ ਅਟੁੱਟ ਹਿੱਸਾ ਹਨ। ਬਾਜਰੇ ਦੀ ਰੋਟੀ ਤੇ ਖਿਚੜੀ ਅਤੇ ਜਵਾਰ ਦੀ ਚੂਰੀ ਅੱਜ ਵੀ ਪੰਜਾਬ ਦੇ ਲੋਕਾਂ ਵਿੱਚ ਬਹੁਤ ਪ੍ਰਚੱਲਿਤ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਆਂ ਤਿਆਰ ਕੀਤੀਆਂ ਗਈਆਂ ਕਿਸਮਾਂ ਜਿਵੇਂ ਕਿ ਬਾਜਰੇ ਦੀਆਂ ਪੀ ਸੀ ਬੀ 167 ਤੇ ਪੀ ਸੀ ਬੀ 165 ਅਤੇ ਜਵਾਰ ਦੀ ਐਸ ਐਲ 46 ਅਨਾਜ ਵੱਜੋਂ ਵਰਤੀਆਂ ਜਾਣ ਲਈ ਬਹੁਤ ਢੁਕਵੀਆਂ ਹਨ। ਦੋਹੇ ਕਿਸਮਾਂ ਦੇ ਦਾਣਿਆਂ ਵਿਚ ਖੁਰਾਕੀ ਤੱਤ ਬਹੁਤ ਜ਼ਿਆਦਾ ਹਨ ਜਿਵੇਂ ਕਿ ਉੱਚ ਮਾਤਰਾ ਵਿਚ ਲੋਹਾ ਅਤੇ ਜ਼ਿੰਕ, ਜੋ ਕਿ ਮਨੁੱਖੀ ਸਿਹਤ ਦੀ ਤੰਦਰੁਸਤੀ ਅਤੇ ਫੁਰਤੀ ਲਈ ਬਹੁਤ ਜ਼ਰੂਰੀ ਹਨ। ਜਿਨ੍ਹਾਂ ਔਰਤਾਂ ਅਤੇ ਬੱਚਿਆਂ ਵਿੱਚ ਅਨੀਮੀਆ ਪਾਇਆ ਗਿਆ ਹੋਵੇ (ਜੋ ਕਿ ਲੋਹੇ ਦੀ ਕਮੀ ਕਰਕੇ ਹੁੰਦਾ ਹੈ), ਉਨਾਂ ਲਈ ਇਨ੍ਹਾਂ ਕਿਸਮਾਂ ਦੇ ਦਾਣਿਆਂ ਦਾ ਸੇਵਨ ਲੋਹੇ ਦੀ ਕਮੀ ਨੂੰ ਪੂਰਾ ਕਰਨ ਵਿਚ ਬਹੁਤ ਸਹਾਈ ਹੈ। ਪੀ ਸੀ ਬੀ 167, ਪੀ ਸੀ ਬੀ 165 ਅਤੇ ਐਸ ਐਲ 46 ਤੋਂ ਕਰਮਵਾਰ ਤਕਰੀਬਨ 15.2, 12.8 ਅਤੇ 7.0 ਕੁਇਨਟਲ ਪ੍ਰਤੀ ਏਕੜ ਦਾਣਿਆਂ ਦਾ ਝਾੜ ਮਿਲਦਾ ਹੈ।
ਬਹੁਮੁੱਲੇ ਪਦਾਰਥ ਬਣਾਉਣ ਲਈ ਢੁਕਵੀਆਂ: ਬਾਜਰੇ ਦੀਆਂ ਪੀ ਸੀ ਬੀ 167 ਤੇ ਪੀ ਸੀ ਬੀ 165 ਅਤੇ ਜਵਾਰ ਦੀਆਂ ਐਲ ਐਲ 45 ਤੇ ਐਸ ਐਲ 46 ਕਿਸਮਾਂ ਬਹੁਮੁੱਲੇ ਪਦਾਰਥ ਜਿਵੇਂ ਕਿ ਪਿੰਨੀ, ਚਿਲਾ, ਕੇਕ, ਪੋਸ਼ਣ ਪੱਟੀ, ਗੁੜ ਵਾਲੇ ਲੱਡੂ, ਖਿੱਲਾਂ, ਰੋਟੀ, ਪਾਸਤਾ, ਕੁਰਕਰੇ, ਮਲਟੀਗ੍ਰੇਨ ਆਟਾ ਅਤੇ ਹੋਰ ਕਈ ਪਦਾਰਥ ਬਣਾਉਣ ਲਈ ਬਹੁਤ ਢੁਕਵੀਆਂ ਹਨ। ਇਨ੍ਹਾਂ ਕਿਸਮਾਂ ਤੋਂ ਤਿਆਰ ਕੀਤੇ ਗਏ ਸਾਰੇ ਹੀ ਪਦਾਰਥ ਬਹੁਤ ਸੁਆਦੀ ਅਤੇ ਪ੍ਰਸ਼ੰਸਾਯੋਗ ਪਾਏ ਗਏ। ਪੈ ਸੈ ਬੈ 167, ਪੀ ਸੀ ਬੀ 165 ਅਤੇ ਐਸ ਐਲ 46 ਕਿਸਮਾਂ ਦੇ ਦਾਣਿਆਂ ਵਿਚ ਖਿੱਲਾਂ ਬਣਨ ਦਾ ਖਾਸ ਗੁਣ ਹੈ।
ਇਨ੍ਹਾਂ ਗੁਣਾਂ ਦੇ ਅਧਾਰ 'ਤੇ ਪ੍ਰਮੁੱਖ ਮਿਲਟਸ ਦੀਆਂ ਇਹ ਕਿਸਮਾਂ ਛੋਟੇ ਸਕੇਲ ਉਦਯੋਗ ਲਈ ਬਹੁਤ ਲਾਹੇਵੰਦ ਹਨ। ਇਨ੍ਹਾਂ ਤੋਂ ਨਾ ਸਿਰਫ ਕਿਸਾਨਾਂ ਦੀ ਆਮਦਨ ਵਧੇਗੀ ਬਲਕਿ ਉਪਭੋਗਤਾ ਨੂੰ ਵੀ ਇਨ੍ਹਾਂ ਸੁਆਦੀ ਬਹੁਮੁੱਲੇ ਪਦਾਰਥਾਂ ਦਾ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਹ ਮਿਲਟਸ ਗਲੂਟਨ ਰਹਿਤ, ਘੱਟ ਗਲਾਈਸੀਮਿਕ ਇੰਡੈਕਸ, ਵੱਧ ਫਾਈਬਰ, ਪ੍ਰੋਟੀਨ ਅਤੇ ਤਾਕਤ ਦਾ ਵਧੀਆ ਸਰੋਤ ਹਨ। ਇਨ੍ਹਾਂ ਕਾਰਨਾਂ ਕਰਕੇ, ਬਾਜਰਾ ਅਤੇ ਜਵਾਰ ਦੀਆਂ ਉੱਪਰ ਦਿੱਤੀਆਂ ਕਿਸਮਾਂ ਗਲੂਟਨ ਏਲਰਜੀ ਵਾਲੇ ਲੋਕਾਂ ਜਾਂ ਸ਼ੂਗਰ ਵਾਲੇ ਮਰੀਜ਼ਾਂ ਲਈ ਪੋਸ਼ਣ ਦਾ ਇੱਕ ਵਧੀਆ ਸਰੋਤ ਹਨ।
ਇਸ ਤੋਂ ਇਲਾਵਾ ਇਨ੍ਹਾਂ ਵਿਚ ਫਾਈਬਰ (ਰੇਸ਼ਾ) ਜ਼ਿਆਦਾ ਹੋਣ ਕਰਕੇ ਇਨ੍ਹਾਂ ਨੂੰ ਖਾਣ ਤੋਂ ਬਾਅਦ ਕਾਫੀ ਦੇਰ ਤੱਕ ਪੇਟ ਭਰਿਆ ਰਹਿੰਦਾ ਹੈ ਜਿਸ ਨਾਲ ਵਾਰੀ ਵਾਰੀ ਖਾਣ ਦੀ ਅਰਜ ਨਹੀਂ ਹੁੰਦੀ ਅਤੇ ਇਸ ਤਰ੍ਹਾਂ ਇਹ ਮਿਲਟ ਪਸਲਾਂ ਭਾਰ ਘਟਾਉਣ ਵਿਚ ਬਹੁਤ ਸਹਾਈ ਹਨ। ਇਸ ਦੇ ਨਾਲ ਹੀ ਕਾਰਬੋਹਾਈਡ੍ਰੇਟ ਉਚਿੱਤ ਮਾਤਰਾ ਵਿਚ ਹੋਣ ਕਰਕੇ ਇਨ੍ਹਾਂ ਦੇ ਸੇਵਨ ਨਾਲ ਸਰੀਰ ਵਿਚ ਤਾਕਤ ਵੀ ਪੂਰੀ ਬਣੀ ਰਹਿੰਦੀ ਹੈ। ਇਸ ਲਈ ਸਿਹਤ ਨੂੰ ਤੰਦਰੁਸਤ ਰੱਖਣ ਲਈ ਬਾਜਰਾ ਅਤੇ ਜਵਾਰ ਮਿਲਟ ਫਸਲਾਂ ਪੂਰੀ ਤਰਾਂ ਢੁਕਵੀਆਂ ਹਨ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਗੁਣਾ ਲਈ ਤਿਆਰ ਕੀਤੀਆਂ ਕਿਸਮਾਂ ਵਿਚ ਸਾਰੇ ਤੱਤ ਭਰਪੂਰ ਮਾਟਰਾ ਵਿੱਚ ਹਨ, ਜੋ ਕਿ ਮਨੁਖੀ ਸਰੀਰ ਨੂੰ ਆਮ ਕੰਮਕਾਜ ਲਈ ਲੋੜੀਂਦੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ।
ਇਹ ਵੀ ਪੜ੍ਹੋ: ਅਗਲੇ ਸਾਲ ਲਈ ਵਧੀਆ ਕੁਆਲਿਟੀ ਵਾਲਾ ਕਣਕ ਦਾ ਬੀਜ ਪੈਦਾ ਕਰਨ ਲਈ ਕਿਸਾਨ ਵੀਰ ਇਹ 6 ਸਾਵਧਾਨੀਆਂ ਵਰਤਣ
ਚਾਰੇ ਲਈ ਢੁਕਵੀਆਂ: ਪ੍ਰਮੁੱਖ ਮਿਲਟਸ ਬਾਜਰਾ ਅਤੇ ਜਵਾਰ ਸਿਰਫ ਮਨੁੱਖੀ ਸਿਹਤ ਲਈ ਹੀ ਨਹੀਂ ਸਗੋਂ ਪਸ਼ੂਆਂ ਲਈ ਵੀ ਬਹੁਤ ਲਾਭਦਾਇਕ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਆਂ ਤਿਆਰ ਕੀਤੀਆਂ ਬਾਜਰੇ ਦੀਆਂ ਪੀ ਸੀ ਬੀ 165, ਪੀ ਸੀ ਬੀ 166 ਅਤੇ ਜਵਾਰ ਦੀਆਂ ਐਸ ਐਲ਼ 45 ਅਤੇ ਐਸ਼ ਐਲ਼ 46 ਕਿਸਮਾਂ ਪਸ਼ੂਆਂ ਦੇ ਚਾਰੇ ਲਈ ਬਹੁਤ ਢੁਕਵੀਆਂ ਹਨ। ਇਨ੍ਹਾਂ ਕਿਸਮਾਂ ਦਾ ਚਾਰਾ ਖੁਰਾਕੀ ਤੱਤਾਂ ਨਾਲ ਭਰਪੂਰ ਹੈ ਜੋ ਕਿ ਪਸ਼ੂੂਆਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕੀਤੀ ਗਈ ਖੋਜ ਵਿਚ ਪਾਇਆ ਗਿਆ ਕਿ ਇਹ ਸਾਰੀਆਂ ਕਿਸਮਾਂ ਦਾ ਚਾਰਾ ਪਸ਼ੂਆਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਦੁੱਧ ਦੀ ਕੁਆਲਿਟੀ ਵਧਾਉਣ ਵਿੱਚ ਬਹੁਤ ਸਹਾਈ ਹਨ।
ਇਨ੍ਹਾਂ ਵਿਚ ਕੱਚੀ ਪ੍ਰੌਟੀਨ (8.0 – 8.5 ਪ੍ਰਤੀਸ਼ੱਤ), ਪਚਣਸ਼ੀਲਤਾ (46.5 – 47.5 ਪ੍ਰਤੀਸ਼ੱਤ), ਸੁੱਕਾ ਮਾਦਾ ਉੱਚ ਮਾਤਰਾ ਵਿੱਚ ਪਾਇਆ ਗਿਆ, ਅਤੇ ਹਾਨੀਕਾਰਕ ਤੱਤ ਏ ਡੀ ਐਫ, ਐਨ ਡੀ ਐਫ ਬਹੁਤ ਘੱਟ ਮਾਟਰਾ ਵਿਚ ਪਾਏ ਗਏ। ਬਾਜਰੇ ਦੀਆਂ ਕਿਸਮਾਂ ਪੀ ਸੀ ਬੀ 165 (234 ਕੁੰ/ਏਕੜ) ਤੇ ਪੀ ਸੀ ਬੀ 166 (282 ਕੁੰ/ਏਕੜ) ਅਤੇ ਜਵਾਰ ਦੀਆਂ ਕਿਸਮਾਂ ਐਸ ਐਲ 45 (271 ਕੁੰ/ਏਕੜ) ਤੇ ਐਸ ਐਲ 46 (275 ਕੁੰ/ਏਕੜ) ਤੋਂ ਵਧੀਆ ਹਰੇ ਚਾਰੇ ਦਾ ਝਾੜ ਮਿਲਦਾ ਹੈ।
ਸਾਈਲੇਜ ਬਣਾਉਣ ਲਈ ਢੁਕਵੀਆਂ: ਪੰਜਾਬ ਵਿਚ ਮੱਕੀ ਸਾਈਲੇਜ ਬਣਾਉਣ ਲਈ ਬਹੁਤ ਪ੍ਰਚਲਤ ਹੈ ਕਿਉਂਕਿ ਇਸ ਦੇ ਚਾਰੇ ਵਿਚ ਪ੍ਰੋਟੀਨ (8.0 – 8.5%) ਅਤੇ ਉਚ ਮਾਤਰਾ ਵਿਚ ਕਾਰਬੋਹਾਈਡ੍ਰੇਟ ਪਾਏ ਜਾਂਦੇ ਹਨ, ਪਰ ਮੱਕੀ ਨੂੰ ਪਾਣੀ ਦੀ ਲੋੜ ਬਹੁਤ ਹੁੰਦੀ ਹੈ। ਇਨ੍ਹਾਂ ਸਾਰੇ ਕਾਰਕਾਂ ਦਾ ਬਦਲ ਦੇਣ ਲਈ ਬਾਜਰੇ ਦੀ ਪੀ ਸੀ ਬੀ 166 ਅਤੇ ਜਵਾਰ ਦੀਆਂ ਐਸ ਐਲ 45 ਕਿਸਮਾਂ ਬਹੁਤ ਢੁਕਵੀਆਂ ਹਨ। ਪੀ ਸੀ ਬੀ 166 ਅਤੇ ਐਸ ਐਲ 45 ਦਾ ਹਰਾ ਚਾਰਾ ਖੁਰਾਕੀ ਤੱਤਾਂ ਨਾਲ ਭਰਪੂਰ ਹੈ ਜਿਵੇਂਂ ਕਿ ਪੀਸੀ ਬੀ 166 ਵਿਚ ਕੱਚੀ ਪ੍ਰੋਟੀਨ 8.5 % ਅਤੇ ਐਸ ਐਲ 45 ਵਿਚ 8.7 % ਕੱਚੀ ਪ੍ਰੋਟੀਨ ਹੈ।
ਚਾਰੇ ਦੀ ਪਚਣਸ਼ੀਲਤਾ ਬਹੁਤ ਜ਼ਿਆਦਾ ਹੈ ਜੋ ਕਿ 47.8 % ਪੀ ਸੀ ਬੀ 166 ਅਤੇ ਐਸ ਐਲ 45 ਦੀ 46.8% ਹੈ। ਇਸ ਤੋਂ ਇਲਾਵਾ ਪ੍ਰਮੁੱਖ ਮਿਲਟਸ ਬਾਜਰੇ ਅਤੇ ਜਵਾਰ ਦੀ ਪਾਣੀ ਦੀ ਲੋੜ ਘੱਟ ਹੋਣ ਕਰਕੇ ਅਤੇ ਉੱਚ ਤਾਪਮਾਨ ਨੂੰ ਸਹਿਣ ਦੀ ਸਮਰੱਥਾ ਰੱਖਦੇ ਹੋਏ, ਬਾਜਰੇ ਅਤੇ ਜਵਾਰ ਦੇ ਹਰੇ ਚਾਰੇ ਨੂੰ ਅਚਾਰ ਬਣਾ ਕੇ ਵਰਤਿਆ ਜਾ ਸਕਦਾ ਹੈ ਅਤੇ ਪਸ਼ੂਆਂ ਨੂੰ ਖੁਰਾਕੀ ਤੱਤਾਂ ਨਾਲ ਭਰਪੂਰ ਪੌਸ਼ਟਿਕ ਚਾਰਾ ਲੰਮੇ ਸਮੇਂ ਲਈ ਦਿੱਤਾ ਜਾ ਸਕਦਾ ਹੈ।
ਵਾਤਾਵਰਣ ਪ੍ਰਣਾਲੀ ਲਈ ਫਾਇਦੇਮੰਦ: ਪ੍ਰਮੁੱਖ ਮਿਲਟਸ ਬਾਜਰਾ ਅਤੇ ਜਵਾਰ, ਵਾਤਾਵਰਣ ਪਰਣਾਲੀ ਲਈ ਬਹੁਤ ਫਾਇਦੇਮੰਦ ਹਨ ਕਿਉਂਕਿ ਇਨ੍ਹਾਂ ਨੂੰ ਘੱਟ ਪਾਣੀ, ਘੱਟ ਖਾਦਾਂ, ਘੱਟ ਕੀਟਨਾਸ਼ਕਾਂ ਅਤੇ ਘੱਟ ਉਤਪਾਦਕ ਸਮੱਗਰੀ ਨਾਲ ਉਗਾਕੇ ਵਧੀਆ ਝਾੜ ਲਿਆ ਜਾ ਸਕਦਾ ਹੈ। ਬਾਜਰੇ ਨੂੰ ਸੋਕੇ ਦੀ ਫਸਲ ਕਿਹਾ ਜਾਂਦਾ ਹੈ ਅਤੇ ਇਹ ਉਚ ਤਾਪਮਾਨ ਜਿਵੇਂ ਕਿ 46℃ ਤੇ ਵੀ ਚੰਗਾ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਇਨ੍ਹਾਂ ਫਸਲਾਂ ਨੂੰ ਸਿਰਫ ਮੀਂਹ ਦੇ ਪਾਣੀ ਨਾਲ ਵੀ ਉਗਾਇਆ ਜਾ ਸਕਦਾ ਹੈ। ਇਸ ਤਰਾਂ ਜਲਵਾਯੂ ਪਰਵਰਤਨ ਦੇ ਸਮੇਂ ਵਿਚ ਜਦੋਂ ਔਸਤਨ ਰੋਜ਼ਾਨਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਸਤਰ ਲਗਾਤਾਰ ਘੱਟ ਰਿਹਾ ਹੈ, ਬਾਜਰਾ ਅਤੇ ਜਵਾਰ ਫਸਲਾਂ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦੀ ਕਾਸ਼ਤ ਬਹੁਤ ਲਾਹੇਵੰਦ ਹੋਵੇਗੀ।
ਇਸ ਤਰ੍ਹਾਂ ਬਹੁਮੁੱਖੀ ਪੱਖਾਂ ਵਾਲੀਆਂ ਮਿਲਟ ਫਸਲਾਂ ਨਾ ਸਿਰਫ ਖਪਤਕਾਰਾਂ ਲਈ ਲਾਹੇਵੰਦ ਹਨ, ਬਲਕਿ ਉਤਪਾਦਕਾਂ ਲਈ ਵੀ ਕਮਾਈ ਦਾ ਵਧੀਆ ਸਰੋਤ ਹਨ। ਜੈਵ ਵਿਭਿੰਨਤਾ ਨੂੰ ਬਰਕਰਾਰ ਰੱਖਣ ਲਈ ਇਨ੍ਹਾਂ ਜਲਵਾਯੂ ਲੱਚਕਤਾ ਵਾਲੀਆਂ ਨੂੰ ਮਿਲਟਸ ਫਸਲਾਂ ਉਗਾ ਕੇ ਖੇਤੀ ਨੂੰ ਵੀ ਟਿਕਾਊ ਅਤੇ ਲਾਹੇਵੰਦ ਬਣਾਇਆ ਜਾ ਸਕਦਾ ਹੈ।
ਸਰੋਤ: ਰੁਚਿਕਾ ਭਾਰਦਵਾਜ ਅਤੇ ਆਰ ਐਸ ਸੋਹੂ
ਚਾਰਾ, ਬਾਜਰਾ ਅਤੇ ਪੋਸ਼ਣ ਸੈਕਸ਼ਨ
ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ
Summary in English: Millets: Grow versatile millets and make farming profitable