1. Home
  2. ਖੇਤੀ ਬਾੜੀ

Paddy Cultivation Costs: ਕਿਸਾਨ ਵੀਰੋ, ਝੋਨੇ ਦੀ ਕਾਸ਼ਤ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਨਾਲ ਹੋਵੇਗਾ ਖਰਚਾ ਘੱਟ ਤੇ ਮੁਨਾਫਾ ਵੱਧ

ਲੇਖ ਵਿੱਚ ਸਾਂਝੇ ਕੀਤੇ ਗਏ ਨੁਕਤਿਆਂ ਨਾਲ ਜਿੱਥੇ ਕਿਸਾਨ ਆਪਣੀ ਫ਼ਸਲ ਦੀ ਗੁਣਵੱਤਾ ਬਰਕਰਾਰ ਰੱਖ ਸਕਦਾ ਹੈ, ਉਥੇ ਹੀ ਪੈਦਾਵਾਰ ਦੇ ਖਰਚੇ ਘਟਾ ਕੇ ਝੋਨੇੇ ਦੀ ਫ਼ਸਲ ਤੋਂ ਆਪਣਾ ਮੁਨਾਫ਼ਾ ਵੀ ਵਧਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ?

KJ Staff
KJ Staff
ਝੋਨੇ ਦੀ ਕਾਸ਼ਤ ਤੋਂ ਵਧੇਰੇ ਮੁਨਾਫ਼ਾ ਲੈਣ ਦੇ ਨੁਕਤੇ

ਝੋਨੇ ਦੀ ਕਾਸ਼ਤ ਤੋਂ ਵਧੇਰੇ ਮੁਨਾਫ਼ਾ ਲੈਣ ਦੇ ਨੁਕਤੇ

Paddy Crop: ਝੋਨਾ ਸਾਉਣੀ ਦੀ ਵੱਧ ਆਮਦਨ ਦੇਣ ਵਾਲੀ ਇੱਕ ਮੁੱਖ ਫ਼ਸਲ ਹੈ, ਪਰ ਇਸਦੀ ਲਗਾਤਾਰ ਕਾਸ਼ਤ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ।

ਜੇਕਰ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਝੋਨੇ ਦੀ ਕਾਸ਼ਤ ਕੀਤੀ ਜਾਵੇ ਤਾਂ ਪਾਣੀ ਦੀ ਬੱਚਤ ਕਰਦੇ ਹੋਏ ਵੀ ਝੋਨੇ ਨੂੰ ਵਧੇਰੇ ਲਾਹੇਵੰਦ ਬਣਾਇਆ ਜਾ ਸਕਦਾ ਹੈ।

ਝੋਨੇ ਦੇ ਬੇਲੋੜੇ ਕਾਸ਼ਤਕਾਰੀ ਖਰਚੇ ਘਟਾਉਣੇ ਜ਼ਰੂਰੀ

• ਝੋਨੇ ਦੀ ਕਾਸ਼ਤ ਤੋਂ ਪਹਿਲਾਂ ਜ਼ਮੀਨ ਨੂੰ ਇੱਕਸਾਰ ਪੱਧਰਾ ਕਰਨ ਨਾਲ 20 ਤੋਂ 25 ਫੀਸਦੀ ਪਾਣੀ ਬਚਾਇਆ ਜਾ ਸਕਦਾ ਹੈ। ਲੇਜ਼ਰ ਕਰਾਹੇ ਦੀ ਵਰਤੋਂ ਨਾਲ ਹਰ ਤੀਜੇ ਸਾਲ ਇਸ ਨੂੰ ਪੱਧਰਾ ਕਰ ਲੈਣਾ ਚਾਹੀਦਾ ਹੈ। ਪਡਲਰ ਜਾਂ ਪਲਵਰਾਇਜਿੰਗ ਰੋਲਰ ਦੀ ਵਰਤੋਂ ਨਾਲ ਕੱਦੂ ਕੀਤੇ ਖੇਤ ਵਿਚ ਝੋਨਾ ਲਗਾਉਣ ਨਾਲ 20-25 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

• ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ.ਆਰ. 126, ਪੀ.ਆਰ. 131, ਆਦਿ ਦੀ ਹੀ ਬਿਜਾਈ ਕਰੋ ਕਿਉਂਕਿ ਇਹਨਾਂ ਨੂੰ ਲੰਮੇ ਸਮੇਂ ਵਾਲੀਆਂ ਕਿਸਮਾਂ ਨਾਲੋਂ 15-20% ਘੱਟ ਪਾਣੀ ਦੀ ਲੋੜ ਹੁੰਦੀ ਹੈ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਵਿੱਚ ਕੀਟਨਾਸ਼ਕਾਂ, ਮਜ਼ਦੂਰੀ ਅਤੇ ਪਾਣੀ ਦੀ ਬੱਚਤ ਹੋਣ ਕਾਰਨ ਇਹਨਾਂ ਤੋਂ ਚੰਗੀ ਆਮਦਨ ਹੋ ਜਾਂਦੀ ਹੈ। ਇਹਨਾਂ ਦਾ ਪਰਾਲ ਘੱਟ ਹੋਣ ਕਰਕੇ ਪਰਾਲ ਦਾ ਪ੍ਰਬੰਧ ਸੁਖਾਲਾ ਹੋ ਜਾਂਦਾ ਹੈ। ਇਹ ਖੇਤ ਨੂੰ ਜਲਦੀ ਵਿਹਲਾ ਕਰ ਦਿੰਦੀਆਂ ਹਨ ਜਿਸ ਨਾਲ ਕਣਕ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ ਅਤੇ ਝਾੜ ਵੀ ਵਧੀਆ ਨਿੱਕਲਦਾ ਹੈ।

• ਝੋਨੇ ਵਿਚ ਬੀਜ ਦੁਆਰਾ ਲੱਗਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਬੀਜ ਦੀ ਸੋਧ ਜ਼ਰੂਰ ਕਰੋ। ਇਸ ਤੇ ਕੇਵਲ ਮਾਮੂਲੀ ਜਿਹਾ ਹੀ ਖਰਚ ਆਉਂਦਾ ਹੈ। ਬੀਜ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ ਵਿਚੋਂ ਅੱਧੀਆਂ ਬੀਮਾਰੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਬਾਅਦ ਵਿਚ ਕੋਈ ਇਲਾਜ ਨਹੀਂ ਹੋ ਸਕਦਾ।

• ਝੋਨੇ ਦੀ ਲਵਾਈ 15 ਜੂਨ ਤੋ ਬਾਅਦ ਹੀ ਕਰੋ। ਝੋਨੇ ਸਿੱਧੀ ਬਿਜਾਈ ਤਕਨਕੀਕ ਵੀ ਪਾਣੀ ਬਚਾਉਣ ਲਈ ਕਾਰਗਾਰ ਹੈ ਜਿਸ ਤੇ ਖਰਚਾ ਵੀ ਘੱਟ ਆਉਂਦਾ ਹੈ।

• ਕਈ ਕਿਸਾਨ ਹਲਕੀਆਂ ਜਾਂ ਰੇਤਲੀਆਂ ਜਮੀਨਾਂ ਵਿੱਚ ਵੀ ਝੋਨਾ ਲਗਾ ਰਹੇ ਹਨ ਜਿਹਨਾਂ ਵਿੱਚ ਪਾਣੀ ਨੂੰ ਸਾਂਭ ਕੇ ਰੱਖਣ ਦੀ ਸਮਰੱਥਾ ਘੱਟ ਹੁੰਦੀ ਹੈ। ਇਸ ਕਰਕੇ ਝੋਨੇ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ। ਪਾਣੀ ਨਾ ਖੜਨ ਕਰਕੇ ਨਦੀਨ ਨਾਸ਼ਕਾਂ ਦਾ ਅਸਰ ਵੀ ਘੱਟ ਹੁੰਦਾ ਹੈ। ਅਜਿਹੀਆਂ ਜ਼ਮੀਨਾਂ ਵਿੱਚ ਝੋਨੇ ਦੀ ਕਾਸ਼ਤ ਉੱਪਰ ਖਰਚ ਵੀ ਵਧ ਜਾਂਦਾ ਹੈ ਅਤੇ ਝਾੜ ਵੀ ਪੂਰਾ ਨਹੀਂ ਮਿਲਦਾ। ਇਸ ਲਈ ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੇ ਬਜਾਏ ਕੋਈ ਹੋਰ ਫ਼ਸਲ ਦੀ ਕਾਸ਼ਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਪੀ.ਏ.ਯੂ. ਟਰੈਕਟਰ ਚਲਿਤ ਝੋਨੇ ਦੀ Mat-Type Nursery Seeder Machine ਦੇ ਫਾਇਦੇ, ਧਿਆਨ ਰੱਖਣਯੋਗ ਨੁਕਤੇ ਅਤੇ ਕਿਸਾਨਾਂ ਦੀ Success Story

• ਇਸੇ ਤਰਾਂ ਕਈ ਇਲਾਕਿਆਂ ਵਿੱਚ ਕਿਸਾਨਾਂ ਨੇ ਝੋਨੇ ਨੂੰ ਟਿਊਬਵੈਲਾਂ ਦੇ ਮਾੜੇ ਪਾਣੀ ਨਾਲ ਵੀ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਝੋਨੇ ਦਾ ਘੱਟੋ ਘੱਟ ਸਮੱਰਥਨ ਮੱੁਲ ਤੇ ਸੁਖਾਲਾ ਮੰਡੀਕਰਨ ਹੋ ਜਾਂਦਾ ਹੈ। ਪਰ ਮਾੜੇ ਪਾਣੀ ਨਾਲ ਉਗਾਏ ਝੋਨੇੇ ਤੇ ਜਿਆਦਾ ਖਰਚਾ ਕਰਕੇ ਵੀ ਅਸੀਂ ਪੂਰਾ ਝਾੜ ਅਤੇ ਆਮਦਨ ਨਹੀਂ ਲੈ ਸਕਦੇ।

• ਖਾਦਾਂ ਦੀ ਵਰਤੋਂ ਮਿੱਟੀ-ਪਰਖ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਲੋੜ ਤੋਂ ਜਿਆਦਾ ਖਾਦਾਂ ਪਾਉਣ ਨਾਲ ਫਸਲ ਦਾ ਝਾੜ ਤਾਂ ਨਹੀਂ ਵਧਦਾ ਪ੍ਰੰਤੂ ਫਸਲ ’ਤੇ ਕੀੜੇ-ਮਕੌੜੇ ਅਤੇ ਬੀਮਾਰੀਆਂ ਦੀ ਆਮਦ ਜਰੂਰ ਵਧ ਜਾਂਦੀ ਹੈ ਅਤੇ ਖਰਚਾ ਤਾਂ ਵਧਦਾ ਹੀ ਹੈ।

• ਆਮ ਤੌਰ ਤੇ ਕਿਸਾਨ ਝੋਨੇੇ ਦੀ ਲਵਾਈ ਤੋਂ ਲੈ ਕੇ ਇਸਦੇ ਪੱਕਣ ਤੱਕ ਖੇਤਾਂ ਵਿੱਚੋਂ ਪਾਣੀ ਸੁੱੱਕਣ ਨਹੀਂ ਦਿੰਦੇ। ਤਜਰਬਿਆਂ ਅਨੁਸਾਰ ਝੋਨੇ ਦੀ ਲਵਾਈ ਤੋਂ 15 ਦਿਨ ਬਾਅਦ ਤੱਕ ਪਾਣੀ ਲਗਾਤਾਰ ਜ਼ਮੀਨ ਵਿੱਚ ਖੜਾ ਰੱਖਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਅਗਲਾ ਪਾਣੀ ਪਹਿਲੇ ਪਾਣੀ ਦੇ ਜਮੀਨੀ ਸਤਹਿ ਵਿੱਚ ਜੀਰ ਜਾਣ ਤੋਂ ਦੋ ਦਿਨ ਬਾਅਦ ਲਾਉਣਾ ਚਾਹੀਦਾ ਹੈ। ਇਸ ਤਰਾਂ 20 ਤੋਂ 25 ਫੀਸਦੀ ਪਾਣੀ ਦੀ ਬੱਚਤ ਹੋਣ ਦੇ ਨਾਲ-ਨਾਲ ਬਿਜਲੀ ਦੀ ਖਪਤ ਵੀ ਘਟ ਸਕਦੀ ਹੈ। ਇਸਦਾ ਝੋਨੇ ਦੇ ਝਾੜ ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ।

• ਹਰ ਸਾਲ ਨਦੀਨ ਨਾਸ਼ਕਾਂ ਦੀ ਸ਼੍ਰੇਣੀ ਬਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ ਨਹੀ ਤਾਂ ਨਦੀਨਾਂ ਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਹੈ ਅਤੇ ਫਿਰ ਵਾਰ-ਵਾਰ ਨਦੀਨ ਨਾਸ਼ਕਾਂ ਦੀ ਵਰਤੋਂ ਕਰਨ ਨਾਲ ਖਰਚਾ ਕਾਫੀ ਵਧ ਜਾਂਦਾ ਹੈ। ਇਸਦਾ ਝਾੜ ਤੇ ਵੀ ਅਸਰ ਪੈਂਦਾ ਹੈ।

• ਕੀਟਨਾਸ਼ਕ ਰਸਾਇਣਾਂ ਦਾ ਛਿੜਕਾਅ ਕੀੜਿਆਂ ਦੇ ਆਰਥਿਕ ਕਗਾਰ ਦੇ ਅਧਾਰ ’ਤੇ ਹੀ ਕਰਨਾ ਚਾਹੀਦਾ ਹੈ। ਇਸ ਲਈ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਕੀਟਨਾਸ਼ਕ ਦਵਾਈਆਂ ਦੇ ਬੇਲੋੜੇ ਛਿੜਕਾਅ ਨਾਲ ਜਿੱਥੇ ਖੇਤੀ ਲਾਗਤਾਂ ਵਧਦੀਆਂ ਹਨ ਉੱਥੇ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ।

• ਫ਼ਸਲ ਨੂੰ ਪੂਰੀ ਤਰ੍ਹਾਂ ਪਕਾ ਕੇ ਕੱਟਣਾ ਚਾਹੀਦਾ ਹੈ ਕਿਉਂਕਿ ਮੰਡੀ ਵਿੱਚ ਝੋਨੇੇ ਦੇ ਦਾਣਿਆਂ ਵਿਚ ਨਿਰਧਾਰਿਤ ਨਮੀ ਦੀ ਮਾਤਰਾ 17 ਪ੍ਰਤੀਸ਼ਤ ਜਾਂ ਇਸਤੋਂ ਘੱਟ ਹੋਣੀ ਚਾਹੀਦੀ ਹੈ।ਮੰਡੀ ਵਿੱਚ ਕਿਸਾਨਾਂ ਨੇ ਕੇਵਲ ਦੋ ਹੀ ਖਰਚੇ ਦੇਣੇ ਹੁੰਦੇ ਹਨ, ਇੱਕ ਉਤਰਾਈ ਦਾ ਅਤੇ ਦੂਜਾ ਸਫ਼ਾਈ ਦਾ। ਬਾਸਮਤੀ ਵੇਚਣ ਵੇਲੇ ਚੰਗੇ ਭਾਅ ਵਾਲੀ ਮੰਡੀ ਦੀ ਘੋਖ ਕਰ ਕਰਨ ਦੇ ਨਾਲ-ਨਾਲ ਆਵਾਜਾਈ ਦੇ ਖਰਚੇ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ।

• ਫਸਲ ਦੇ ਖਰਚੇ ਅਤੇ ਆਮਦਨ ਦਾ ਲੇਖਾ ਜੋਖਾ ਰੱਖਣਾ ਬਹੁਤ ਜਰੂਰੀ ਹੈ ਜਿਸਤੋਂ ਕੀਤੇ ਗਏ ਬੇਲੋੜੇ ਖਰਚਿਆਂ ਨੂੰ ਘਟਾਉਣ ਵਿੱਚ ਮੱਦਦ ਮਿਲਦੀ ਹੈ ਅਤੇ ਫ਼ਸਲ ਤੋਂ ਹੋਈ ਨਿਰੋਲ ਆਮਦਨ ਦਾ ਪਤਾ ਚੱਲਦਾ ਰਹਿੰਦਾ ਹੈ।

ਸਰੋਤ: ਰਾਜ ਕੁਮਾਰ, ਹਰਮੀਤ ਸਿੰਘ ਕਿੰਗਰਾ ਅਤੇ ਰੋਹਿਤ ਸੈਣੀ, ਇਕੋਨੋਮਿਕਸ ਅਤੇ ਸ਼ੋਸ਼ਿਆਲੋਜ਼ੀ ਵਿਭਾਗ

Summary in English: Paddy Cultivation Costs: Farmers, Keep these things in mind while cultivating paddy will reduce costs and increase profits.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters