Paddy Nursery: ਝੋਨੇ ਦੀ ਸਿੱਧੀ ਬਿਜਾਈ ਵਿੱਚ, ਰਵਾਇਤੀ ਵਿਧੀ ਅਰਥਾਤ ਕੱਦੂ ਕਰ ਕੇ ਪਨੀਰੀ ਲਾਉਣ ਦੇ ਉਲਟ, ਝੋਨੇ ਦੇ ਬੀਜ ਆਮ ਫ਼ਸਲਾਂ ਵਾਂਗ ਖੇਤ ਵਿੱਚ ਹੀ ਬੀਜੇ ਜਾਂਦੇ ਹਨ। ਬਿਜਾਈ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਹੈਰੋ ਨਾਲ ਪੱਧਰਾ ਕਰਨਾ ਪੈਂਦਾ ਹੈ ਤਾਂ ਜੋ ਇੱਕ ਥਾਂ 'ਤੇ ਪਾਣੀ ਇਕੱਠਾ ਨਾ ਹੋਵੇ। ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਜ਼ਰੂਰੀ ਹੈ।
ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਝੋਨੇ ਦੀ ਪਨੀਰੀ ਦੀ ਬਿਜਾਈ ਤੋਂ ਬਾਅਦ ਇਸਦੀ ਸਾਂਭ-ਸੰਭਾਲ ਕਿਵੇਂ ਕਰਨੀ ਹੈ ਇਸ ਬਾਰੇ ਦੱਸਾਂਗੇ। ਕਿਸਾਨ ਵੀਰੋਂ ਤੁਸੀਂ ਖਾਦਾਂ ਦੀ ਵਰਤੋਂ - ਤੱਤਾਂ ਦੀ ਘਾਟ - ਨਦੀਨਾਂ ਦੀ ਰੋਕਥਾਮ ਦੇ ਇਨ੍ਹਾਂ ਨੁਕਤਿਆਂ ਦੀ ਪਾਲਣਾ ਕਰਕੇ ਝੋਨੇ ਦੀ ਫ਼ਸਲ ਤੋਂ ਵੱਧ ਝਾੜ ਲੈ ਸਕਦੇ ਹੋ। ਆਓ ਜਾਣਦੇ ਹਾਂ ਮਾਹਿਰਾਂ ਵੱਲੋਂ ਸਾਂਝੇ ਕੀਤੇ ਗਏ ਇਹ ਸੁਝਾਅ...
ਖਾਦਾਂ ਦੀ ਵਰਤੋਂ
● ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ।
● ਜੇਕਰ ਕਿਸੇ ਕਾਰਨ ਕਰਕੇ 45 ਦਿਨਾਂ ਤੋਂ ਵੱਧ ਦੀ ਪਨੀਰੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਦੀ ਇੱਕ ਹੋਰ ਕਿਸ਼ਤ ਪਾਓ।
● ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਖਾਈ ਦੇਵੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋਂ।
● ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ।
● ਜਦੋਂ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ।
ਤੱਤਾਂ ਦੀ ਘਾਟ
● ਜੇਕਰ ਪਨੀਰੀ ਦੇ ਨਵੇਂ ਪੱਤੇ ਹਲਕੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ।
● ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ ਅਤੇ 100 ਲਿਟਰ ਪਾਣੀ ਪ੍ਰਤੀ ਏਕੜ) ਘੋਲ ਵਰਤੋ।
● ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ (ਪੱਤੇ ਜੰਗਾਲੇ ਦਿਖਣ) ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਅਤੇ 100 ਲਿਟਰ ਪਾਣੀ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ ਅਤੇ 100 ਲਿਟਰ ਪਾਣੀ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
ਇਹ ਵੀ ਪੜ੍ਹੋ : Paddy Varieties: ਕਿਸਾਨ ਵੀਰੋਂ PAU ਵੱਲੌਂ ਝੋਨੇ ਦੀਆਂ ਇਨ੍ਹਾਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨੂੰ ਹੀ ਬੀਜੋ, ਮਿਲੇਗਾ ਵਧੀਆ ਲਾਭ
ਨਦੀਨਾਂ ਦੀ ਰੋਕਥਾਮ
● ਝੋਨੇ ਦੀ ਪਨੀਰੀ ਤਿਆਰ ਕਰਨ ਸਮੇਂ ਸੁਆਂਕ ਅਤੇ ਕਈ ਤਰ੍ਹਾਂ ਦੇ ਮੌਸਮੀ ਘਾਹ ਵੱਡੀ ਸਮੱਸਿਆ ਹੁੰਦੇ ਹਨ।
● ਇਹਨਾਂ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200 ਮਿਲੀਲਿਟਰ ਬੂਟਾਕਲੋਰ 50 ਈ ਸੀ ਦੇ ਸਿਫ਼ਾਰਿਸ਼ ਕੀਤੇ ਵੱਖ ਵੱਖ ਬਰਾਂਡਾਂ ਵਿੱਚੋਂ ਕਿਸੇ ਇੱਕ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਪਿੱਛੋਂ ਛੱਟਾ ਦਿਉ ਜਾਂ 500 ਮਿਲੀਲਿਟਰ ਸੋਫਿਟ 37.5 ਈ ਸੀ (ਪ੍ਰੈਟੀਲਾਕਲੋਰ + ਸੇਫਨਰ ਮਿਲੀਆਂ ਹੋਈਆਂ) ਨੂੰ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 3 ਦਿਨਾਂ ਪਿੱਛੋਂ ਛੱਟਾ ਦਿਉ।
● ਜੇਕਰ ਪਨੀਰੀ ਵਿੱਚ 15-20 ਦਿਨਾਂ ਬਾਅਦ ਮੋਥਾ ਜਾਂ ਸੁਆਂਕ ਵਰਗੇ ਨਦੀਨ ਦਿਖਣ ਤਾਂ 100 ਮਿਲੀਲਿਟਰ ਪ੍ਰਤੀ ਏਕੜ ਮਿਨੀ ਗੋਲਡ/ਵਾਸ਼ ਆਊਟ/ਮਾਚੋ/ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਪਨੀਰੀ ਨੂੰ ਪਾਣੀ ਛਿੜਕਾਅ ਤੋਂ ਅਗਲੇ ਦਿਨ ਲਗਾਓ।
Summary in English: Paddy Nursey: After planting the paddy field, do its maintenance