ਪੰਜਾਬ ਵਿੱਚ ਪਸ਼ੂ ਪਾਲਣ ਦਾ ਧੰਦਾ ਖੇਤੀ ਦੇ ਸਹਾਇਕ ਧੰਦਿਆਂ ਵਿੱਚੋਂ ਸਭ ਤੋਂ ਪ੍ਰਮੁੱਖ ਹੈ। ਇਸ ਕਿੱਤੇ ਵਿੱਚ ਸਭ ਤੋਂ ਵੱਧ ਮਹੱਤਤਾ ਹਰੇ ਚਾਰੇ ਦੀ ਹੁੰਦੀ ਹੈ। ਹਰੇ ਚਾਰੇ ਦੁਧਾਰੂ ਪਸ਼ੂਆਂ ਲਈ ਦਾਣੇ ਦੇ ਮੁਕਾਬਲੇ ਸਸਤੇ ਸਰੋਤ ਉਪਲੱਬਧ ਕਰਵਾਉਂਦੇ ਹਨ।2018-19 ਦੇ ਅੰਕੜਿਆ ਮੁਤਾਬਿਕ ਪੰਜਾਬ ਵਿੱਚ ਲਗਭਗ 9.0 ਲੱਖ ਹੈਕਟੇਅਰ ਰਕਬੇ ਵਿੱਚੋਂ ਤਕਰੀਬਨ 716 ਲੱਖ ਟਨ ਦੀ ਚਾਰੇ ਦੀ ਪੈਦਾਵਾਰ ਹੁੰਦੀ ਹੈ।
ਇਸ ਹਿਸਾਬ ਨਾਲ ਇੱਕ ਪਸ਼ੂ ਨੂੰ ਤਕਰੀਬਨ 30-32 ਕਿਲੋ ਹਰਾ ਚਾਰਾ ਪ੍ਰਤੀ ਦਿਨ ਮਿਲਦਾ ਹੈ ਜਦਕਿ ਇਸ ਦੀ ਲੋੜ 40 ਕਿਲੋ ਪ੍ਰਤੀ ਪਸ਼ੂ ਪ੍ਰਤੀ ਦਿਨ ਹੁੰਦੀ ਹੈ। ਪੰਜਾਬ ਵਿੱਚ ਝੋਨੇ-ਕਣਕ ਦਾ ਫ਼ਸਲੀ ਚੱਕਰ ਪ੍ਰਮੁੱਖ ਹੋਣ ਕਰਕੇ ਚਾਰੇ ਹੇਠ ਰਕਬਾ ਵਧਾਉਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਇਸ ਲਈ ਹਰੇ ਚਾਰੇ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਦੀ ਪੈਦਾਵਾਰ ਵਧਾਉਣ ਦੀ ਜ਼ਰੂਰਤ ਹੈ।ਜੇਕਰ ਗਰਮੀ ਰੁੱਤ ਵਿੱਚ ਅਗੇਤੇ ਚਾਰੇ ਦੀ ਕਾਸ਼ਤ ਕਰਨ ਲਈ ਸਹੀ ਵਿਉਂਤਬੰਦੀ ਕਰ ਲਈ ਜਾਵੇ ਤਾਂ ਹਰੇ ਚਾਰੇ ਦੀ ਮੰਗ ਅਤੇ ਪੂਰਤੀ ਵਿਚਲੇ ਫ਼ਾਸਲੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸਦੇ ਲਈ ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨਾ ਬੀਜਣ ਤੋਂ ਪਹਿਲਾਂ ਵਾਲੇ 45 ਤੋਂ 50 ਦਿਨਾਂ ਦੇ ਸਮੇਂ ਨੂੰ ਗਰਮੀਆਂ ਦੇ ਅਗੇਤੇ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਰਵਾਂਹ ਆਦਿ ਬੀਜਣ ਲਈ ਵਰਤਿਆ ਜਾ ਸਕਦਾ ਹੈ। ਮੱਕੀ, ਬਾਜਰਾ ਅਤੇ ਰਵਾਂਹ ਛੇਤੀ ਵਧਣ ਵਾਲੀਆਂ ਅਤੇ ਘੱਟ ਸਮੇਂ ਵਿੱਚ ਚਾਰਾ ਦੇਣ ਵਾਲੀਆਂ ਫ਼ਸਲਾਂ ਹਨ ਜੋ ਕਿ ਬਿਜਾਈ ਤੋਂ 50-60 ਦਿਨਾਂ ਬਾਅਦ ਹਰੇ ਚਾਰੇ ਦੇ ਤੌਰ ਤੇ ਕਟਾਈ ਲਈ ਤਿਆਰ ਹੋ ਜਾਂਦੀਆਂ ਹਨ। ਗਰਮੀਆਂ ਵਿੱਚ ਇਹਨਾਂ ਫ਼ਸਲਾਂ ਤੋਂ ਅਗੇਤਾ ਚਾਰਾ ਲੈਣ ਲਈ ਅਤੇ ਝਾੜ ਵਧਾਉਣ ਲਈ ਹੇਠ ਦੱਸੇ ਗਏ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਸਾਰਣੀ 1. ਗਰਮੀਆਂ ਦੇ ਹਰੇ ਚਾਰਿਆਂ ਦੀਆਂ ਕਿਸਮਾਂ ਬਾਰੇ ਵੇਰਵਾ
ਫ਼ਸਲ ਕਿਸਮਾਂ ਹਰੇ ਚਾਰੇ ਦਾ ਝਾੜ (ਕੁਇੰ/ ਏਕੜ) ਖੁਰਾਕੀ ਤੱਤ (ਸੁੱਕੇ ਮਾਦੇ ਦੇ ਅਧਾਰ ’ਤੇ)
ਪ੍ਰੋਟੀਨ (%) ਪਚਣਯੋਗ ਖੁਰਾਕੀ ਤੱਤ (%)
ਮੱਕੀ ਜੇ 1007 168 11.4 66.2
ਜੇ 1006 165
ਬਾਜਰਾ ਪੀ ਸੀ ਬੀ 165 234 8.8 58.2
ਪੀ ਐਚ ਬੀ ਐਫ਼ 1 256
ਪੀ ਸੀ ਬੀ 164 210
ਐੱਫ਼ ਬੀ ਸੀ 16 230
ਰਵਾਂਹ ਸੀ ਐਲ 367 108 22.5 61.2
ਰਵਾਂਹ 88 100
ਮੱਕੀ:
ਮੱਕੀ ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਅੱਧ ਸਤੰਬਰ ਤੱਕ 30 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਕਰਨੀ ਚਾਹੀਦੀ ਹੈ।ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪਾਉਣੀ ਬਹੁਤ ਲਾਹੇਵੰਦ ਹੈ।ਜੇਕਰ ਮੱਕੀ ਅਤੇ ਰਵਾਂਹ ਰਲਾ ਕੇ ਬੀਜਣੇ ਹੋਣ ਤਾਂ ਮੱਕੀ ਅਤੇ ਰਵਾਂਹ 88 ਦਾ ਬੀਜ ਕ੍ਰਮਵਾਰ 15-15 ਕਿਲੋ ਅਤੇ ਮੱਕੀ ਤੇ ਰਵਾਂਹ 367 ਦਾ ਬੀਜ ਕ੍ਰਮਵਾਰ 15 ਅਤੇ 6 ਕਿਲੋ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਬਿਜਾਈ ਸਮੇਂ 55 ਕਿਲੋ ਯੂਰੀਆ ਅਤੇ 150 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ ਬਿਜਾਈ ਤੋਂ 3-4 ਹਫ਼ਤੇ ਬਾਅਦ 55 ਕਿਲੋ ਯੂਰੀਆ ਪਾਉਣੀ ਚਾਹੀਦੀ ਹੈ।ਗਰਮ ਰੁੱਤ ਵਿੱਚ ਫ਼ਸਲ ਨੂੰ 4-5 ਅਤੇ ਬਰਸਾਤ ਵਾਲੇ ਮੌਸਮ ਵਿੱਚ ਬਾਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਲਾਉਣੇ ਚਾਹੀਦੇ ਹਨ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨ ਦੇ ਵਿੱਚ 500-800 ਗ੍ਰਾਮ ਐਟਰਾਟਾਫ਼ 50 ਡਬਲਿਯੂ ਪੀ (ਐਟਰਾਜ਼ੀਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।ਮੱਕੀ ਅਤੇ ਰਵਾਂਹ ਦੀ ਮਿਸ਼ਰਤ ਕਾਸ਼ਤ ਵਿੱਚ ਐਟਰਾਜ਼ੀਨ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਬਿਜਾਈ ਤੋਂ 50-60 ਦਿਨਾਂ ਪਿਛੋਂ ਜਦੋਂ ਫ਼ਸਲ ਦੋਧੇ ਤੇ ਹੋਵੇ, ਕਟਾਈ ਕਰ ਲੈਣੀ ਚਾਹੀਦੀ ਹੈ।
ਬਾਜਰਾ:
ਬਾਜਰੇ ਦੀ ਬਿਜਾਈ ਮਾਰਚ ਤੋਂ ਅਗਸਤ ਤੱਕ 6-8 ਕਿਲੋ ਬੀਜ ਪ੍ਰਤੀ ਏਕੜ ਵਰਤਦੇ ਹੋਏਸੇਂਜੂ ਇਲਾਕਿਆਂ ਵਿੱਚ ਛੱਟੇ ਨਾਲ ਅਤੇ ਬਰਾਨੀ ਇਲਾਕਿਆਂ ਵਿੱਚ 22 ਸੈਂਟੀਮੀਟਰ ਦੀਆਂ ਕਤਾਰਾਂ ਵਿਚ ਕਰਨੀ ਚਾਹੀਦੀ ਹੈ। ਅਗੇਤੀ ਫ਼ਸਲ ਚਾਰੇ ਲਈ ਰਵਾਂਹ ਨਾਲ ਰਲਾ ਕੇ ਬੀਜਣੀ ਚਾਹੀਦੀ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਉਣੀ ਲਾਹੇਵੰਦ ਹੈ।22 ਕਿਲੋ ਯੂਰੀਆ ਬਿਜਾਈ ਸਮੇਂ ਅਤੇ 22 ਕਿਲੋ ਬਿਜਾਈ ਤੋਂ 3 ਹਫ਼ਤੇ ਪਿਛੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।ਆਮ ਤੌਰ ਤੇ ਫ਼ਸਲ ਨੂੰ 2-3 ਪਾਣੀ ਪਰ ਜ਼ਿਆਦਾ ਗਰਮੀ ਹੋਣ ਤੇ ਵਧੇਰੇ ਅਤੇ ਹਲਕੇ ਲਾਉਣੇ ਚਾਹੀਦੇ ਹਨ।ਫ਼ਸਲ ਦੀ ਕਟਾਈ ਬਿਜਾਈ ਤੋਂ ਤਕਰੀਬਨ 45-55 ਦਿਨਾਂ ਪਿਛੋਂ ਕਰਨੀ ਚਾਹੀਦੀ ਹੈ।
ਰਵਾਂਹ:
ਰਵਾਂਹ ਇੱਕ ਫ਼ਲੀਦਾਰ ਫ਼ਸਲ ਹੈ ਜਿਸ ਦੀ ਕਾਸ਼ਤ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਵੀ ਹੁੰਦਾ ਹੈ ਅਤੇ ਪਸ਼ੂਆਂ ਲਈ ਬਹੁਤ ਪੌਸ਼ਟਿਕ, ਸੁਆਦਲਾ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਚਾਰਾ ਵੀ ਪ੍ਰਾਪਤ ਹੁੰਦਾ ਹੈ। ਆਮ ਤੌਰ ਤੇ ਰਵਾਂਹ ਨੂੰ ਬਾਜਰੇ ਜਾਂ ਮੱਕੀ ਵਿੱਚ ਰਲਾ ਕੇ ਬੀਜਿਆ ਜਾਂਦਾ ਹੈ। ਗਰਮੀਆਂ ਵਿੱਚ ਅਗੇਤੇ ਚਾਰੇ ਲਈ ਰਵਾਂਹ 88 ਕਿਸਮ ਦਾ 20-25 ਕਿਲੋ ਅਤੇ ਰਵਾਂਹ 367 ਕਿਸਮ ਦਾ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਂਦੇ ਹੋਏ ਬਿਜਾਈ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਮਾਰਚ ਤੋਂ ਅੱਧ ਜੁਲਾਈ ਤੱਕ ਕਰਨੀ ਚਾਹੀਦੀ ਹੈ।ਬਿਜਾਈ ਸਮੇਂ 16.5 ਕਿਲੋ ਯੂਰੀਆ ਅਤੇ 140 ਕਿਲੋ ਸੁਪਰਫ਼ਾਸਫੇਟ ਪ੍ਰਤੀ ਏਕੜ ਪਾਓ।ਮਈ ਵਿਚ ਬੀਜੀ ਫ਼ਸਲ ਨੂੰ ਬਾਰਿਸ਼ਾਂ ਸ਼ੁਰੂ ਹੋਣ ਤੱਕ ਹਰ 15 ਦਿਨਾਂ ਪਿਛੋਂ ਪਾਣੀ ਦੇਣਾ ਚਾਹੀਦਾ ਹੈ। ਇਸ ਫ਼ਸਲ ਨੂੰ ਕੁੱਲ 4 ਤੋਂ 5 ਪਾਣੀ ਕਾਫ਼ੀ ਹਨ। ਚੰਗੀ ਕੁਆਲਿਟੀ ਦਾ ਚਾਰਾ ਲੈਣ ਲਈ ਇਸ ਦੀ ਕਟਾਈ ਬਿਜਾਈ ਤੋਂ 55-65 ਦਿਨ ਤੋਂ ਲੈ ਕੇ ਫੁੱਲ ਪੈਣ ਤੋਂ ਪਹਿਲਾਂਤੱਕ ਕੀਤੀ ਜਾ ਸਕਦੀ ਹੈ।
ਇਸ ਤਰਾਂ ਗਰਮੀਆਂ ਵਿੱਚ ਅਗੇਤੇ ਚਾਰੇ ਲਈ ਸਹੀ ਵਿਉਂਤਬੰਦੀ ਕਰਕੇ ਕਿਸਾਨ ਵੀਰ ਉਸ ਸਮੇਂ ਦੌਰਾਨ ਵਾਧੂ ਹਰਾ ਚਾਰਾ ਪ੍ਰਾਪਤ ਕਰ ਸਕਦੇ ਹਨ ਜਦੋਂ ਆਮ ਤੌਰ ਤੇ ਚਾਰੇ ਦੀ ਥੁੜ ਹੁੰਦੀ ਹੈ। ਇਹ ਚਾਰਾ ਪਸ਼ੂਆਂ ਨੂੰ ਹਰਾ ਪਾਇਆ ਜਾ ਸਕਦਾ ਹੈ ਜਾਂ ਇਸ ਦਾ ਅਚਾਰ ਬਣਾ ਕੇ ਜਾਂ ਇਸ ਨੂੰ ਸੁਕਾ ਕੇ ਥੁੜ ਸਮੇਂ ਵਰਤਿਆ ਜਾ ਸਕਦਾ ਹੈ।
ਵਿਵੇਕ ਕੁਮਾਰ, ਵਜਿੰਦਰ ਪਾਲ ਅਤੇ ਜਸ਼ਨਜੋਤ ਕੌਰ
ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ
Summary in English: Planning for early fodder production in the summer