1. Home
  2. ਖੇਤੀ ਬਾੜੀ

Profitable Crop: ਘੀਏ ਦੀ ਪੰਜਾਬ ਬਰਕਤ ਕਿਸਮ ਦਾ ਔਸਤਨ ਝਾੜ 226 ਕੁਇੰਟਲ ਪ੍ਰਤੀ ਏਕੜ, ਇਹ ਕਿਸਮ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਲਈ ਸਹਿਣਸ਼ੀਲ

ਸਬਜ਼ੀਆਂ ਦੀ ਖੇਤੀ ਵਿੱਚ ਕਮਾਈ ਦੀ ਸੰਭਾਵਨਾ ਜਵਾਰ, ਬਾਜਰਾ, ਕਣਕ, ਝੋਨਾ, ਜੌਂ, ਛੋਲੇ ਅਤੇ ਸਰ੍ਹੋਂ ਤੋਂ ਵੱਧ ਹੈ। ਪਰ ਇਹ ਮੁਨਾਫ਼ਾ ਕਾਫ਼ੀ ਹੱਦ ਤੱਕ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਖੇਤੀ ਲਈ ਕਿਹੜੀ ਤਕਨੀਕ ਅਪਣਾਉਂਦੇ ਹਾਂ। ਜਿੱਥੇ ਪਹਿਲਾਂ ਕਿਸਾਨ ਝੋਨਾ, ਕਣਕ ਅਤੇ ਮੋਟੇ ਅਨਾਜ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਦੇ ਸਨ, ਉੱਥੇ ਹੀ ਅੱਜ ਆਲੂ, ਟਮਾਟਰ, ਬੈਂਗਣ, ਮਿਰਚਾਂ, ਘੀਆ, ਕੱਦੂ, ਖੀਰੇ ਆਦਿ ਦੀ ਕਾਸ਼ਤ ਕਰਕੇ ਸਾਲ ਭਰ ਵਿੱਚ ਲੱਖਾਂ ਰੁਪਏ ਦੀ ਕਮਾਈ ਕਰ ਰਹੇ ਹਨ। ਇਨ੍ਹਾਂ ਵਿਚੋਂ ਘੀਏ ਦੀ ਕਾਸ਼ਤ ਕਿਸਾਨਾਂ ਨੂੰ Bumper Profit ਦਿੰਦੀ ਹੈ, ਕਿਉਂਕਿ ਇਹ ਸਾਲ ਵਿੱਚ ਤਿੰਨ ਵਾਰ ਉਗਾਈ ਜਾਣ ਵਾਲੀ ਫਸਲ ਹੈ।

Gurpreet Kaur Virk
Gurpreet Kaur Virk
ਘੀਏ ਦੀ ਇਹ ਕਿਸਮ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਲਈ ਸਹਿਣਸ਼ੀਲ

ਘੀਏ ਦੀ ਇਹ ਕਿਸਮ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਲਈ ਸਹਿਣਸ਼ੀਲ

Bottle Gourd Cultivation: ਘੀਏ ਦੋ ਆਕਾਰ ਦੇ ਹੁੰਦੇ ਹਨ - ਪਹਿਲਾ ਗੋਲ ਅਤੇ ਦੂਜਾ ਲੰਬਾ। ਗੋਲ ਘੀਏ ਨੂੰ ਪੇਠਾ ਅਤੇ ਲੰਬੇ ਆਕਾਰ ਵਾਲੇ ਨੂੰ ਘੀਆ ਕਿਹਾ ਜਾਂਦਾ ਹੈ। ਘੀਏ ਦੀ ਤਸੀਰ ਠੰਡੀ ਹੁੰਦੀ ਹੈ। ਗਰਮ ਜਲਵਾਯੂ ਵਾਲੇ ਦੇਸ਼ਾਂ ਵਿੱਚ ਇਸਦੀ ਉਪਯੋਗਤਾ ਬਹੁਤ ਜ਼ਿਆਦਾ ਹੈ। ਸਬਜ਼ੀਆਂ ਤੋਂ ਇਲਾਵਾ ਘੀਏ ਦੀ ਵਰਤੋਂ ਰਾਇਤਾ ਅਤੇ ਹਲਵਾ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀਆਂ ਪੱਤਿਆਂ, ਤਣੇ ਅਤੇ ਮਿੱਝ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ।

ਦੱਸ ਦੇਈਏ ਕਿ ਘੀਆ ਹਰ ਮੌਸਮ ਵਿੱਚ ਉਪਲਬਧ ਹੋਣ ਵਾਲੀ ਸਬਜ਼ੀ ਹੈ। ਇਸ ਸਬਜ਼ੀ ਦੀ ਮੰਗ ਹਰ ਸਮੇਂ ਮੰਡੀ ਵਿੱਚ ਬਹੁਤ ਜ਼ਿਆਦਾ ਰਹਿੰਦੀ ਹੈ। ਕਿਸਾਨ ਭਰਾ ਸਾਲ ਵਿੱਚ ਤਿੰਨ ਵਾਰ ਇਸ ਦੀ ਖੇਤੀ ਕਰ ਸਕਦੇ ਹਨ। ਘੀਏ ਦੀ ਕਾਸ਼ਤ ਕਰਕੇ ਸਾਡੇ ਕਿਸਾਨ ਘੱਟ ਖਰਚੇ ਵਿੱਚ ਵੱਧ ਮੁਨਾਫਾ ਕਮਾ ਸਕਦੇ ਹਨ।

ਆਮ ਤੌਰ 'ਤੇ ਲੋਕ ਘੀਆ ਖਾਣਾ ਘੱਟ ਹੀ ਪਸੰਦ ਕਰਦੇ ਹਨ। ਕਈਆਂ ਨੂੰ ਇਸ ਦਾ ਸਵਾਦ ਪਸੰਦ ਨਹੀਂ ਹੁੰਦਾ, ਜਦਕਿ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਘੀਆ ਕਿੰਨਾ ਫਾਇਦੇਮੰਦ ਹੈ। ਪਰ ਅੱਜ ਦੇ ਦੌਰ ਵਿੱਚ ਹੌਲੀ-ਹੌਲੀ ਲੋਕ ਇਸ ਗੱਲ ਨੂੰ ਸਮਝਣ ਲੱਗ ਪਏ ਹਨ, ਜਿਸ ਕਾਰਨ ਬਾਜ਼ਾਰ ਵਿੱਚ ਘੀਏ ਦੀ ਮੰਗ ਵਧ ਗਈ ਹੈ। ਦੱਸ ਦੇਈਏ ਕਿ ਘੀਏ ਵਿੱਚ ਕਈ ਤਰ੍ਹਾਂ ਦੇ ਪ੍ਰੋਟੀਨ, ਵਿਟਾਮਿਨ ਆਦਿ ਪਾਏ ਜਾਂਦੇ ਹਨ। ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਪੋਟਾਸ਼ੀਅਮ ਅਤੇ ਜ਼ਿੰਕ ਪਾਇਆ ਜਾਂਦਾ ਹੈ। ਇਹ ਪੋਸ਼ਕ ਤੱਤ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਵੀ ਸੁਰੱਖਿਅਤ ਰੱਖਦੇ ਹਨ। ਇਸ ਤੋਂ ਇਲਾਵਾ ਘੀਏ 'ਚ ਅਜਿਹੇ ਕਈ ਗੁਣ ਹੁੰਦੇ ਹਨ ਜੋ ਕੁਝ ਗੰਭੀਰ ਬੀਮਾਰੀਆਂ 'ਚ ਦਵਾਈ ਦੀ ਤਰ੍ਹਾਂ ਕੰਮ ਕਰਦੇ ਹਨ।

ਮੌਸਮ ਅਤੇ ਜ਼ਮੀਨ:

ਘੀਆ ਗਰਮ ਰੁੱਤ ਦੀ ਫ਼ਸਲ ਹੈ। ਇਸ ਦੀ ਬਿਜਾਈ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਕੀਤੀ ਜਾਂਦੀ ਹੈ। ਇਹ ਠੰਡ ਨੂੰ ਬਰਦਾਸ਼ਤ ਕਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੈ। ਇਸ ਦੀ ਕਾਸ਼ਤ ਵੱਖ-ਵੱਖ ਮੌਸਮਾਂ ਅਨੁਸਾਰ ਵੱਖ-ਵੱਖ ਥਾਵਾਂ 'ਤੇ ਕੀਤੀ ਜਾਂਦੀ ਹੈ, ਪਰ ਸੁੱਕੇ ਅਤੇ ਅਰਧ-ਸੁੱਕੇ ਖੇਤਰਾਂ ਵਿੱਚ ਇਸ ਦਾ ਝਾੜ ਚੰਗਾ ਹੁੰਦਾ ਹੈ। ਘੀਏ ਦੀ ਕਾਸ਼ਤ ਲਈ 18-30 ਡਿਗਰੀ ਦੇ ਆਲੇ-ਦੁਆਲੇ ਦਾ ਤਾਪਮਾਨ ਬਹੁਤ ਵਧੀਆ ਮੰਨਿਆ ਜਾਂਦਾ ਹੈ। ਜੇਕਰ ਜ਼ਮੀਨ ਦੀ ਗੱਲ ਕਰੀਏ ਤਾਂ ਘੀਏ ਦੀ ਕਾਸ਼ਤ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ ਪਰ ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਇਸ ਲਈ ਵਧੇਰੇ ਅਨੁਕੂਲ ਹੈ।

ਘੀਏ ਨੂੰ ਜਲਦੀ ਤਿਆਰ ਕਰਨ ਦਾ ਤਰੀਕਾ

ਘੀਏ ਦੇ ਅਗੇਤੇ ਅਤੇ ਵੱਧ ਝਾੜ ਲਈ, ਤੁਸੀਂ ਇਸ ਦੇ ਪੌਦੇ ਨਰਸਰੀ ਵਿੱਚ ਤਿਆਰ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਸਿੱਧੇ ਖੇਤ ਵਿੱਚ ਲਗਾ ਸਕਦੇ ਹੋ। ਖੇਤ ਵਿੱਚ ਲਾਉਣ ਤੋਂ ਲਗਭਗ 20 ਤੋਂ 25 ਦਿਨ ਪਹਿਲਾਂ ਪੌਦੇ ਤਿਆਰ ਕੀਤੇ ਜਾਂਦੇ ਹਨ। ਇਸ ਦੇ ਲਈ ਤਿਆਰ ਖੇਤ ਦੇ ਇੱਕ ਪਾਸੇ ਨਰਸਰੀ ਤਿਆਰ ਕਰੋ। ਇਸ ਦੀ ਨਰਸਰੀ ਤਿਆਰ ਕਰਨ ਲਈ, ਪਹਿਲਾਂ ਜੋ ਮਿੱਟੀ ਤੁਸੀਂ ਲੈਂਦੇ ਹੋ, ਉਸ ਵਿੱਚ 50 ਪ੍ਰਤੀਸ਼ਤ ਖਾਦ ਅਤੇ 50 ਪ੍ਰਤੀਸ਼ਤ ਮਿੱਟੀ ਦੀ ਵਰਤੋਂ ਕਰੋ। ਖਾਦ ਅਤੇ ਮਿੱਟੀ ਦਾ ਵਧੀਆ ਮਿਸ਼ਰਣ ਬਣਾ ਕੇ ਕਿਆਰੀ ਬਣਾਓ। ਇਨ੍ਹਾਂ ਤਿਆਰ ਕੀਤੀਆਂ ਕਿਆਰੀਆਂ ਵਿੱਚ ਪਾਣੀ ਪਾ ਕੇ ਘੀਏ ਦੇ ਬੀਜ ਲਗਭਗ 4 ਸੈਂਟੀਮੀਟਰ ਦੀ ਡੂੰਘਾਈ ਵਿੱਚ ਬੀਜੋ, ਮਿੱਟੀ ਦੀ ਪਤਲੀ ਪਰਤ ਵਿਛਾਓ ਅਤੇ ਹਲਕੀ ਸਿੰਚਾਈ ਕਰੋ। ਲਗਭਗ 20 ਤੋਂ 25 ਦਿਨਾਂ ਬਾਅਦ, ਪੌਦੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : Profitable Farming: ‘ਪੀਲਾ ਸੋਨ੍ਹਾ” ਜਾਂ ਫਿਰ ਸੁਨਿਹਰੀ ਮਸਾਲਾ ਕਿਸਾਨਾਂ ਲਈ ਲਾਹੇਵੰਦ ਧੰਦਾ, ਇੱਕ ਏਕੜ 'ਚੋਂ ਢਾਈ ਤੋਂ ਤਿੰਨ ਲੱਖ ਰੁਪਏ ਦੀ Income

ਲੌਕੀ ਦੀ ਬਿਜਾਈ ਦਾ ਸਮਾਂ

ਘੀਆ ਸਾਲ ਵਿੱਚ ਤਿੰਨ ਵਾਰ ਉਗਾਇਆ ਜਾਂਦਾ ਹੈ। ਘੀਏ ਦੀ ਫਸਲ ਜ਼ੈਦ, ਸਾਉਣੀ ਅਤੇ ਹਾੜੀ ਦੇ ਮੌਸਮਾਂ ਵਿੱਚ ਉਗਾਈ ਜਾਂਦੀ ਹੈ।

ਖਾਦ

ਘੀਏ ਦੀ ਕਾਸ਼ਤ ਵਿੱਚ ਖਾਦ ਦੀ ਸਹੀ ਮਾਤਰਾ ਲਈ, ਖੇਤ ਦੀ ਮਿੱਟੀ ਦੀ ਪਰਖ ਦੇ ਆਧਾਰ 'ਤੇ ਇਸ ਦੀ ਕਾਸ਼ਤ ਵਿੱਚ ਖਾਦ ਦੀ ਸਹੀ ਮਾਤਰਾ ਦਾ ਫੈਸਲਾ ਕਰੋ। ਇਸ ਦੀ ਕਾਸ਼ਤ ਦੌਰਾਨ ਖੇਤ ਤਿਆਰ ਕਰਦੇ ਸਮੇਂ 200 ਤੋਂ 250 ਕੁਇੰਟਲ ਪੁਰਾਣਾ ਗੋਬਰ ਪ੍ਰਤੀ ਹੈਕਟੇਅਰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਰਸਾਇਣਕ ਖਾਦਾਂ ਵਜੋਂ 50 ਕਿਲੋ ਨਾਈਟ੍ਰੋਜਨ, 35 ਕਿਲੋ ਫਾਸਫੋਰਸ ਅਤੇ 30 ਕਿਲੋ ਪੋਟਾਸ਼ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Coriander Varieties: ਧਨੀਏ ਦੀਆਂ ਇਹ Top 5 Improved Varieties ਦੇਣਗੀਆਂ ਘੱਟ ਲਾਗਤ 'ਤੇ ਬੰਪਰ ਪੈਦਾਵਾਰ, ਜਾਣੋ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ

ਘੀਏ ਦੀਆਂ ਉੱਨਤ ਕਿਸਮਾਂ

● ਪੰਜਾਬ ਬਹਾਰ: ਇਸ ਕਿਸਮ ਦੀਆਂ ਵੇਲਾਂ ਦਰਮਿਆਨੀਆਂ ਲੰਮੀਆਂ ਅਤੇ ਬਹੁਤ ਸਾਰੀਆਂ ਸ਼ਾਖਾਵਾਂ ਵਾਲੀਆਂ ਹੁੰਦੀਆਂ ਹਨ। ਤਣਾਂ ਲੂਈ ਵਾਲਾ ਅਤੇ ਫ਼ਲ ਗੋਲ ਦਰਮਿਆਨੇ ਅਕਾਰ ਦੇ, ਲੂੰਈ ਵਾਲੇ, ਚਮਕਦਾਰ, ਨਰਮ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇੱਕ ਵੇਲ ਨੂੰ ਔਸਤਨ 9 ਤੋਂ 10 ਫ਼ਲ ਲੱਗਦੇ ਹਨ। ਇਸ ਦਾ ਔਸਤ ਝਾੜ 222 ਕੁਇੰਟਲ ਪ੍ਰਤੀ ਏਕੜ ਹੈ।

● ਪੰਜਾਬ ਬਰਕਤ: ਇਸ ਕਿਸਮ ਦੀਆਂ ਵੇਲਾਂ ਜ਼ਿਆਦਾ ਵਾਧੇ ਅਤੇ ਬਹੁਤ ਸਾਰੀਆਂ ਸ਼ਾਖਾਵਾਂ ਵਾਲੀਆਂ ਹੁੰਦੀਆਂ ਹਨ। ਤਣਾ ਲੂੰਈ ਵਾਲਾ ਅਤੇ ਫ਼ਲ ਲੰਬੇ ਵੇਲਣ ਆਕਾਰ ਦੇ, ਲੂੰਈ ਵਾਲੇ, ਚਮਕਦਾਰ, ਨਰਮ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇਸ ਵਿੱਚ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਦੀ ਦਰਮਿਆਨੀ ਸਹਿਣਸ਼ੀਲਤਾ ਹੈ। ਇਸ ਦਾ ਔਸਤਨ ਝਾੜ 226 ਕੁਇੰਟਲ ਪ੍ਰਤੀ ਏਕੜ ਹੈ।

● ਪੰਜਾਬ ਲੌਂਗ: ਇਸ ਦੀਆਂ ਵੇਲਾਂ ਖੂਬ ਵਾਧੇ ਵਾਲੀਆਂ ਅਤੇ ਬਹੁਤ ਸਾਰੀਆਂ ਸ਼ਾਖਾਂ ਵਾਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਲਣ ਆਕਾਰ ਦੇ ਹਲਕੇ ਹਰੇ ਤੇ ਚਮਕਦਾਰ ਫ਼ਲ ਲੱਗਦੇ ਹਨ । ਦਰਜਾਬੰਦੀ ਕਰਕੇ ਦੂਰ-ਦੁਰਾਡੀਆਂ ਮੰਡੀਆਂ ਵਿਚ ਭੇਜਣ ਲਈ ਢੁੱਕਵੀਂ ਹੈ। ਇਸ ਦੀ ਔਸਤ ਪੈਦਾਵਾਰ 180 ਕੁਇੰਟਲ ਪ੍ਰਤੀ ਏਕੜ ਹੈ।

● ਪੰਜਾਬ ਕੋਮਲ: ਇਹ ਅਗੇਤੀ ਫ਼ਲ ਦੇਣ ਵਾਲੀ ਕਿਸਮ ਹੈ ਜੋ ਬਿਜਾਈ ਤੋਂ 70 ਦਿਨਾਂ ਬਾਅਦ ਪਹਿਲੀ ਤੁੜਾਈ ਯੋਗ ਹੋ ਜਾਂਦੀ ਹੈ। ਇਸ ਕਿਸਮ ਦੇ ਫ਼ਲ ਲੰਬੂਤਰੇ, ਲਾਟੂ ਵਰਗੇ ਦਰਮਿਆਨੇ ਅਕਾਰ ਦੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇਕ ਵੇਲ ਨੂੰ 10-12 ਫ਼ਲ ਲੱਗਦੇ ਹਨ। ਫ਼ਲ ਬਹੁਤ ਕੂਲੇ ਹੁੰਦੇ ਹਨ ਜੋ ਚੌਥੀ ਜਾਂ ਪੰਜਵੀਂ ਗੰਢ ਤੋਂ ਅਗਾਂਹ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਕਿਸਮ ਨੂੰ ਵਿਸ਼ਾਣੂੰ ਰੋਗ ਨਹੀਂ ਲੱਗਦਾ ਅਤੇ ਔਸਤ 200 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।

ਘੀਏ ਦੀ ਕਾਸ਼ਤ ਤੋਂ ਇੱਕ ਲੱਖ ਤੱਕ ਦਾ ਮੁਨਾਫਾ

ਘੀਏ ਦਾ ਬੀਜ ਖੇਤ ਵਿੱਚ ਬੀਜਣ ਤੋਂ ਲਗਭਗ 50 ਤੋਂ 55 ਦਿਨਾਂ ਬਾਅਦ ਇਸ ਦਾ ਝਾੜ ਸ਼ੁਰੂ ਹੋ ਜਾਂਦਾ ਹੈ। ਜਦੋਂ ਇਸ ਦੇ ਫਲ ਆਕਾਰ ਵਿਚ ਚੰਗੇ ਅਤੇ ਗੂੜ੍ਹੇ ਹਰੇ ਰੰਗ ਵਿਚ ਲੱਗਣ ਲੱਗ ਜਾਣ ਤਾਂ ਇਨ੍ਹਾਂ ਦੀ ਕਟਾਈ ਕਰੋ। ਡੰਡੀ ਦੇ ਨਾਲ ਫਲਾਂ ਦੀ ਕਟਾਈ ਕਰੋ। ਇਸ ਕਾਰਨ ਫਲ ਕੁਝ ਸਮੇਂ ਲਈ ਤਾਜ਼ਾ ਰਹਿੰਦਾ ਹੈ। ਫਲਾਂ ਦੀ ਕਟਾਈ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਪੈਕ ਕਰਕੇ ਬਾਜ਼ਾਰ ਵਿੱਚ ਵੇਚਣ ਲਈ ਭੇਜਿਆ ਜਾਵੇ। ਘੀਏ ਦੀ ਫਸਲ ਦੇ ਝਾੜ ਦੀ ਗੱਲ ਕਰੀਏ ਤਾਂ ਇਸ ਦੀ ਕਾਸ਼ਤ ਘੱਟ ਖਰਚੇ 'ਤੇ ਵਧੀਆ ਝਾੜ ਦੇਣ ਵਾਲੀ ਫਸਲ ਹੈ। ਘੀਏ ਦੀ ਕਾਸ਼ਤ ਲਈ ਪ੍ਰਤੀ ਏਕੜ 15 ਤੋਂ 20 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ ਅਤੇ ਇੱਕ ਏਕੜ ਵਿੱਚ ਕਰੀਬ 70 ਤੋਂ 90 ਕੁਇੰਟਲ ਘੀਏ ਦੀ ਪੈਦਾਵਾਰ ਹੁੰਦੀ ਹੈ, ਜੇਕਰ ਮੰਡੀਆਂ ਵਿੱਚ ਚੰਗਾ ਭਾਅ ਮਿਲਦਾ ਹੈ ਤਾਂ 80 ਹਜ਼ਾਰ ਤੋਂ ਇੱਕ ਲੱਖ ਰੁਪਏ ਦੀ ਸ਼ੁੱਧ ਆਮਦਨ ਹੋਣ ਦੀ ਸੰਭਾਵਨਾ ਹੈ।

Summary in English: Profitable Crop: The average yield of Punjab Barakat variety of Bottle Gourd is 226 quintals per acre, this variety is resistant to viral diseases

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters