ਬਿਮਾਰੀ ਰਹਿਤ ਬੀਜ ਫਸਲ ਦੇ ਭਰਪੂਰ ਉਤਪਾਦਨ ਲਈ ਬਹੁਤ ਮਹੱਤਵਪੂਰਨ ਹੈ, ਕਿਉਕਿ ਫਸਲਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਅਤੇ ਕੀੜੇ, ਬੀਜ ਰਾਹੀਂ ਨਵੀ ਫਸਲ ਵਿਚ ਫੈਲਦੇ ਹਨ। ਜੇਕਰ ਬੀਜ ਰਾਹੀ ਇਹ ਕੀੜੇ-ਮਕੌੜੇ ਅਤੇ ਬਿਮਾਰੀਆਂ ਫਸਲ ਵਿਚ ਆ ਜਾਣ ਤਾਂ ਕਈ ਤਰਾਂ ਦੇ ਰਸਾਇਣਾਂ ਦਾ ਛਿੜਕਾਅ ਕਰਨਾ ਪੈਂਦਾ ਹੈ, ਜਿਸ ਨਾਲ ਖਰਚਾ ਵੀ ਵਧ ਹੁੰਦਾ ਹੈ ਅਤੇ ਸਾਡੀ ਸਿਹਤ ਅਤੇ ਵਾਤਾਵਰਣ ਤੇ ਵੀ ਮਾੜਾ ਅਸਰ ਹੁੰਦਾ ਹੈ। ਬੀਜ ਸੋਧ ਨਾਲ ਅਸੀਂ ਘੱਟ ਖਰਚੇ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਗੈਰ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਨੂੰ ਕਾਬੂ ਕਰ ਕੇ ਫਸਲੀ ਪੈਦਾਵਾਰ ਵਿੱਚ ਵਾਧਾ ਕਰ ਸਕਦੇ ਹਾਂ। ਬਿਮਾਰੀ ਰੋਕਣ ਦੀਆਂ ਸਾਰੀਆਂ ਤਕਨੀਕਾਂ ਵਿੱਚੋਂ ਬੀਜ ਸੋਧ ਸਾਡੇ ਮਿੱਤਰ ਕੀੜਿਆਂ, ਮਨੁੱਖੀ ਸਿਹਤ ਅਤੇ ਪਰਾਗਣ ਵਾਲੇ ਕੀੜਿਆਂ ਲਈ ਵੀ ਸਭ ਤੋਂ ਅਨੁਕੂਲ ਤਕਨੀਕ ਹੈ। ਇਸ ਨਾਲ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਕੇ ਬੇਲੋੜੀਆਂ ਸਪਰੇਆਂ ਤੋਂ ਬਚਿਆ ਜਾ ਸਕਦਾ ਹੈ। ਹਾੜੀ ਵਿਚ ਬੀਜ ਸੋਧ ਲਈ ਸਿਫਾਰਿਸ਼ਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
ਕਣਕ
1. ਸਿਉਂਕ
ਕਣਕ ਹਾੜੀ ਦੀ ਪ੍ਰਮੁੱਖ ਫਸਲ ਹੈ ਜਿਸ ਦਾ ਕੁੱਲ ਰਕਬਾ 35 ਲੱਖ ਹੈਕਟੇਅਰ ਹੈ। ਕਣਕ ਉਪਰ ਸਿਉਂਕ ਦਾ ਭਾਰੀ ਹਮਲਾ ਹੁੰਦਾ ਹੈ। ਹਰ ਸਾਲ ਰੋਪੜ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਕੰਢੀ ਇਲਾਕਿਆਂ ਵਿੱਚ ਅਤੇ ਦੱਖਣੀ-ਪੱਛਮੀ ਪੰਜਾਬ ਦੇ ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਵਿੱਚ ਵੀ ਇਸ ਕੀੜੇ ਦਾ ਕਾਫੀ ਹਮਲਾ ਪਾਇਆ ਗਿਆ ਹੈ। ਸਿਉਂਕ ਫਸਲ ਬੀਜਣ ਤੋਂ ਕੁਝ ਸਮਾਂ ਬਾਅਦ ਹੀ ਅਤੇ ਫੇਰ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ। ਇਸ ਦੇ ਹਮਲੇ ਨਾਲ ਬੂਟੇ ਸੁੱਕ ਜਾਂਦੇ ਹਨ ਅਤੇ ਮਰੇ ਬੂਟੇ ਸੌਖੇ ਹੀ ਪੁੱਟ ਜਾ ਸਕਦੇ ਹਨ।
ਰੋਕਥਾਮ
ਇਸ ਦੀ ਰੋਕਥਾਮ ਲਈ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿ.ਲਿ. ਡਰਸਬਾਨ/ਰੂਬਾਨ/ਡਰਮਟ 20 ਈ ਸੀ (ਕਲੋਰਪਾਈਰੀਫਾਸ) ਜਾਂ 2 ਮਿ.ਲਿ. ਨਿਓਨਿਕਸ 20 ਐਫ ਐਸ (ਇਮਿਡਾਕਲੋਪਰਿਡ + ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਵਿੱਚ ਰਲਾ ਕੇ ਸੋਧੋ। ਬੀਜ ਦੀ ਸੋਧ ਲਈ 40 ਗ੍ਰਾਮ ਕਰੂਜ਼ਰ ਜਾਂ 160 ਮਿ.ਲਿ. ਡਰਸਬਾਨ/ਰੂਬਾਨ/ਡਰਮਟ 20 ਈ ਸੀ (ਕਲੋਰਪਾਈਰੀਫਾਸ) ਜਾਂ 80 ਮਿ.ਲਿ. ਨਿਓਨਿਕਸ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰੋ। ਕੀਟਨਾਸ਼ਕ ਨਾਲ ਸੋਧੇ ਹੋਏ ਬੀਜ ਦਾ ਉਗਣ ਸਮੇਂ ਪੰਛੀ ਵੀ ਘੱਟ ਨੁਕਸਾਨ ਕਰਦੇ ਹਨ।
2. ਕਾਂਗਿਆਰੀ (ਸਿੱਟੇ ਦੀ ਕਾਂਗਿਆਰੀ)
ਸੰਨ 1970-75 ਵਿੱਚ ਇਹ ਬਿਮਾਰੀ ਪੰਜਾਬ ਵਿੱਚ ਬਹੁਤ ਫੈਲੀ ਸੀ ਕਾਂਗਿਆਰੀ ਉੱਲੀ ਕਾਰਨ ਬੀਜ ਰਾਹੀਂ ਲੱਗਣ ਵਾਲੀ ਪ੍ਰਮੁਖ ਬਿਮਾਰੀ ਹੈ। ਇਹ ਉੱਲੀ ਬੀਜ ਰਾਹੀਂ ਫੈਲਦੀ ਹੈ ਅਤੇ ਬੀਜ ਦੇ ਭਰੂਣ ਵਿੱਚ ਆਕ੍ਰਿਆਸ਼ੀਲ ਰੂਪ ਵਿੱਚ ਰਹਿੰਦੀ ਹੈ। ਬਿਮਾਰੀ ਦੇ ਲੱਛਣ ਸਿੱਟਿਆਂ ਵਿੱਚ ਹੀ ਨਜ਼ਰ ਆਉਂਦੇ ਹਨ। ਬਿਮਾਰੀ ਵਾਲੇ ਸਿੱਟਿਆਂ ਵਿਚ ਦਾਣੇ ਨਹੀਂ ਬਣਦੇ ਸਗੋਂ ਉਹਨਾਂ ਦੀ ਥਾਂ ਕਾਲੇ ਰੰਗ ਦੀ ਧੂੜ ਬਣ ਜਾਂਦੀ ਹੈ। ਆਮ ਤੌਰ ਤੇ ਸਾਰੇ ਸਿੱਟੇ ਹੀ ਕਾਲੇ ਰੰਗ ਦੀ ਧੂੜ ਵਿੱਚ ਬਦਲ ਜਾਂਦੇ ਹਨ ਪਰ ਕਈ ਵਾਰ ਸਿੱਟੇ ਦਾ ਕੁਝ ਹਿੱਸਾ ਬਿਮਾਰੀ ਰਹਿਤ ਵੀ ਹੋ ਸਕਦਾ ਹੈ। ਬਿਮਾਰੀ ਦੇ ਕਣ ਹਵਾ ਰਾਹੀਂ ਫੈਲਦੇ ਹਨ ਅਤੇ ਦੂਜਿਆਂ ਬੂਟਿਆਂ ਦੇ ਸਿੱਟਿਆਂ ਉਤੇ ਫੁੱਲ ਖਿੜਨ ਵੇਲੇ ਡਿੱਗ ਜਾਂਦੇ ਹਨ, ਜਿੱਥੇ ਇਹ ਪੁੰਗਰ ਕੇ ਨਵੇਂ ਦਾਣਿਆਂ ਦੇ ਅੰਦਰ ਚਲੇ ਜਾਂਦੇ ਹਨ। ਅੰਦਰ ਜਾਣ ਤੋਂ ਬਾਅਦ ਇਹ ਉੱਲੀ ਆਕ੍ਰਿਆਸ਼ੀਲ ਰੂਪ ਵਿੱਚ ਬੀਜ ਵਿੱਚ ਰਹਿ ਜਾਂਦੀ ਹੈ ਅਤੇ ਉਸੇ ਮੌਸਮ ਵਿੱਚ ਕੋਈ ਲੱਛਣ ਪੈਦਾ ਨਹੀਂ ਕਰਦੀ। ਜਦੋਂ ਇਹ ਬਿਮਾਰੀ ਵਾਲੇ ਦਾਣੇ ਅਗਲੇ ਮੌਸਮ ਵਿੱਚ ਬੀਜੇ ਜਾਂਦੇ ਹਨ ਤਾਂ ਉਲੀ ਕ੍ਰਿਆਸ਼ੀਲ ਹੋ ਕੇ ਪੌਦਿਆਂ ਦੇ ਅੰਦਰ ਫੈਲ ਕੇ ਬਿਮਾਰੀ ਦੇ ਲੱਛਣ ਪੈਦਾ ਕਰਦੀ ਹੈ।
ਰੋਕਥਾਮ
ਇਸ ਬਿਮਾਰੀ ਨੂੰ ਯੋਜਨਾਬੱਧ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ। ਰੈਕਸਿਲ ਈਜ਼ੀ/ਓਰੀਅਸ 6 ਐਫ ਐਸ 13 ਮਿ.ਲਿ. ਜਾਂ ਵੀਟਾਵੈਕਸ ਪਾਵਰ 75 ਡਬਲਯੂ ਐਸ 120 ਗ੍ਰਾਮ ਜਾਂ ਵੀਟਾਵੈਕਸ 75 ਡਬਲਯ ਪੀ 80 ਗ੍ਰਾਮ ਜਾਂ ਟੇਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ 40 ਗ੍ਰਾਮ ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧੋ। ਬੀਜ ਨੂੰ ਸੋਧਣ ਲਈ ਬੀਜ ਸੋਧ ਡਰੰਮ ਦੀ ਵਰਤੋਂ ਕੀਤੀ ਜਾਵੇ। ਕਿਸਾਨਾਂ ਨੂੰ ਬੀਜ ਦੀ ਸੋਧ ਹੱਥਾਂ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚਮੜੀ ਨੂੰ ਨੁਕਸਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਬੀਜ ਨੂੰ ਮਈ-ਜੂਨ ਦੇ ਮਹੀਨੇ ਸੂਰਜੀ ਧੁੱਪ ਵਿੱਚ ਸੁਕਾ ਕੇ ਵੀ ਬਿਮਾਰੀ ਰਹਿਤ ਕੀਤਾ ਜਾ ਸਕਦਾ ਹੈ। ਪਹਿਲਾਂ ਬੀਜ ਨੂੰ ਸਵੇਰੇ 4 ਘੰਟਿਆਂ ਲਈ ਪਾਣੀ ਵਿੱਚ ਡੁਬੋ ਕੇ ਰੱਖੋ ਅਤੇ ਫਿਰ ਤੇਜ਼ ਧੁੱਪ ਵਿੱਚ ਸੁਕਾ ਲਵੋ। ਸੁੱਕਿਆ ਹੋਇਆ ਬੀਜ ਬਿਮਾਰੀ ਰਹਿਤ ਬਣ ਜਾਂਦਾ ਹੈ ਅਤੇ ਆਉਣ ਵਾਲੇ ਮਹੀਨਿਆਂ ਦੀ ਬਿਜਾਈ ਲਈ ਵਰਤਿਆ ਜਾ ਸਕਦਾ ਹੈ।
3.ਪੱਤਿਆਂ ਦੀ ਕਾਂਗਿਆਰੀ
ਇਹ ਬਿਮਾਰੀ ਪੰਜਾਬ ਦੇ ਦੱਖਣੀ ਇਲਾਕਿਆਂ ਵਿੱਚ ਵਧੇਰੇ ਆਉਂਦੀ ਹੈ। ਪੱਤੇ ਦੀ ਕਾਂਗਿਆਰੀ ਵੀ ਉਲੀ ਰਾਹੀਂ ਲੱਗਦੀ ਹੈ। ਇਸ ਬਿਮਾਰੀ ਦੇ ਕਣ ਬੀਜ ਅਤੇ ਮਿੱਟੀ ਵਿੱਚ ਰਹਿੰਦੇ ਹਨ। ਇਹ ਬਿਮਾਰੀ ਜ਼ਿਆਦਾਤਰ ਹੁਸ਼ਿਆਰਪੁਰ ਦੇ ਕੰਢੀ ਖੇਤਰਾਂ ਵਿੱਚ ਦੂਜੇ ਖੇਤਰਾਂ ਦੇ ਮੁਕਾਬਲੇ ਵਧ ਪਾਈ ਜਾਂਦੀ ਹੈ। ਇਸ ਬਿਮਾਰੀ ਨਾਲ ਪੱਤਿਆਂ ਅਤੇ ਤਣੇ ਉਤੇ ਸਲੇਟੀ ਜਾਂ ਕਾਲੇ ਰੰਗ ਦੀਆਂ ਲੰਬੀਆਂ ਧਾਰੀਆਂ ਬਣ ਜਾਂਦੀਆਂ ਹਨ। ਉਲੀ ਦੇ ਇਹ ਕਣ ਪਹਿਲਾਂ ਪੱਤੇ ਦੀ ਪਤਲੀ ਸਤਹਿ ਹੇਠਾਂ ਰਹਿੰਦੇਂ ਹਨ ਅਤੇ ਬਾਅਦ ਵਿੱਚ ਫੱਟਣ ਤੇ ਫਸਲ ਦੀ ਕਟਾਈ ਦੌਰਾਨ ਕਈ ਦਾਣਿਆਂ ਉਤੇ ਲੱਗ ਜਾਂਦੇ ਹਨ। ਇਸ ਤਰਾਂ ਉਲੀ ਬੀਜ ਅਤੇ ਮਿੱਟੀ ਰਾਹੀਂ ਫੈਲਦੀ ਹੈ। ਜਦੋਂ ਇਹ ਫਸਲ ਅਗਲੇ ਮੌਸਮ ਲਈ ਉਗਾਈ ਜਾਂਦੀ ਹੈ । ਉਸ ਵੇਲੇ ਮਿੱਟੀ ਰਾਹੀਂ ਫੈਲਣ ਵਾਲੇ ਇਹ ਬਿਮਾਰੀ ਦੇ ਕਣ ਨਰੋਈ ਫਸਲ ਨੂੰ ਰੋਗ ਲਾਉਂਦੇ ਹਨ ਅਤੇ ਫੈਲਣ ਤੋਂ ਡੇਢ ਮਹੀਨਿਆਂ ਵਿੱਚ ਬਿਮਾਰੀ ਦੇ ਲੱਛਣ ਵਿਖਾਈ ਦਿੰਦੇ ਹਨ।
ਰੋਕਥਾਮ
ਬਿਮਾਰੀ ਨੂੰ ਰੋਕਣ ਲਈ ਡੂੰਘੀ ਬਿਜਾਈ ਨਾ ਕਰੋ। ਬੀਜ ਸੋਧ ਦੇ ਬਾਵਜੂਦ ਵੀ ਜੇ ਬਿਮਾਰੀ ਵਾਲੇ ਪੌਦੇ ਨਜ਼ਰ ਆਉਣ ਤਾਂ ਓਹਨਾ ਨੂੰੰ ਪੁੱਟ ਕੇ ਨਸ਼ਟ ਕਰ ਦਿਓ। ਸਿੱਟੇ ਦੀ ਕਾਂਗਿਆਰੀ ਲਈ ਸਿਫਾਰਿਸ਼ ਕੀਤੇ ਉਲੀਨਾਸ਼ਕ ਇਸ ਕਾਂਗਿਆਰੀ ਨੂੰ ਰੋਕਣ ਲਈ ਵਰਤੇ ਜਾ ਸਕਦੇ ਹਨ।
4. ਕਰਨਾਲ ਬੰਟ
ਇਹ ਬਿਮਾਰੀ ਸਾਲ 2015 ਵਿੱਚ ਪੰਜਾਬ ਵਿੱਚ ਇੱਕ ਮਹਾਂਮਾਰੀ ਦੇ ਰੂਪ ਵਿੱਚ ਆਈ ਸੀ। ਇਹ ਬਿਮਾਰੀ ਉੱਲੀ ਕਾਰਨ ਹੁੰਦੀ ਹੈ ਅਤੇ ਬਿਮਾਰੀ ਦੇ ਲੱਛਣ ਸਿੱਟਿਆਂ ਵਿਚ ਦਾਣਿਆਂ ਉਤੇ ਦਿਖਾਈ ਦਿੰਦੇ ਹਨ। ਆਮ ਤੌਰ ਤੇ ਸਿੱਟਿਆਂ ਦੇ ਕੁਝ ਹਿੱਸਿਆ ਵਿੱਚ ਹੀ ਬਿਮਾਰੀ ਆਉਂਦੀ ਹੈ ਅਤੇ ਬਿਮਾਰੀ ਵਾਲੇ ਦਾਣੇ ਕਾਲੇ ਪੈ ਜਾਂਦੇ ਹਨ। ਬੀਜ ਦਾ ਬਿਮਾਰੀ ਵਾਲਾ ਹਿੱਸਾ ਕਾਲੇ ਧੂੜੇ ਵਿੱਚ ਬਦਲ ਜਾਂਦਾ ਹੈ। ਇਹ ਉਲੀ ਬੀਜ ਅਤੇ ਮਿੱਟੀ ਦੁਆਰਾ ਫੈਲਦੀ ਹੈ। ਫਸਲ ਦੀ ਕਟਾਈ ਦੌਰਾਨ ਭਾਰੀ ਮਾਤਰਾ ਵਿੱਚ ਬਿਮਾਰੀ ਦੇ ਕਣ ਮਿੱਟੀ ਵਿੱਚ ਗਿਰ ਜਾਂਦੇ ਹਨ। ਜਿਹੜੇ ਕਿ 2 ਤੋਂ 5 ਸਾਲ ਤੱਕ ਕ੍ਰਿਆਸ਼ੀਲ ਰਹਿੰਦੇ ਹਨ। ਕਣਕ ਦੀ ਬੀਜੀ ਜਾਣ ਵਾਲੀ ਕੋਈ ਵੀ ਕਿਸਮ ਇਸ ਬਿਮਾਰੀ ਦਾ ਟਾਕਰਾ ਨਹੀ ਕਰ ਸਕਦੀ। ਫਰਵਰੀ-ਮਾਰਚ ਦੌਰਾਨ ਜਦੋਂ ਫਸਲ ਫੁੱਲਾਂ ਤੇ ਹੁੰਦੀ ਹੈ, ਜੇਕਰ ਮੀਂਹ ਪੈ ਜਾਵੇ ਅਤੇ ਮੌਸਮ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਇਸ ਬਿਮਾਰੀ ਦਾ ਹਮਲਾ ਵਧੇਰੇ ਹੋ ਜਾਂਦਾ ਹੈ। ਪੰਜਾਬ ਵਿੱਚ 2016-2017 ਦੀ ਫਸਲ ਤੇ ਬਿਮਾਰੀ ਦੀ ਔਸਤ ਦਰ 0.10 ਪ੍ਰਤੀਸ਼ਤ ਸੀ। ਬਿਮਾਰੀ ਦੀ ਜ਼ਿਆਦਾ ਮਾਤਰਾ ਰੋਪੜ ਜਿਲੇ ਵਿੱਚ ਪਾਈ ਗਈ, ਜਿੱਥੇ ਫਸਲ ਦੀ ਬਿਜਾਈ ਦੇਰੀ ਨਾਲ ਹੋਈ ਸੀ ਅਤੇ ਫਸਲ ਦੇ ਸਿੱਟਿਆਂ ਦੇ ਸਮੇਂ ਮੌਸਮ ਬਿਮਾਰੀ ਦੇ ਅਨੁਕੂਲ ਸੀ। ਹਰ ਸਾਲ ਫਰਵਰੀ-ਮਾਰਚ ਦੇ ਮਹੀਨੇ ਬਾਰਿਸ਼ਾਂ ਪੈਣ ਨਾਲ ਇਸ ਬਿਮਾਰੀ ਵਿੱਚ ਵਾਧਾ ਹੁੰਦਾ ਹੈ।
ਰੋਕਥਾਮ
ਬਿਮਾਰੀ ਰਹਿਤ ਅਤੇ ਸਿਹਤਮੰਦ ਬੀਜ ਦੀ ਵਰਤੋਂ ਕਰਨਾ ਇਸ ਬਿਮਾਰੀ ਨੂੰ ਰੋਕਣ ਲਈ ਸਭ ਤੋਂ ਵਧੀਆ ਵਿਧੀ ਹੈ। ਇਹ ਸਿਹਤਮੰਦ ਅਤੇ ਬਿਮਾਰੀ ਰਹਿਤ ਬੀਜ ਲਈ ਫਸਲ ਦੇ ਸਿੱਟੇ ਨਿਕਲਣ ਤੇ 200 ਮਿ.ਲਿ. ਟਿਲਟ 25 ਈ ਸੀ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਜਾਈ ਤੋਂ ਪਹਿਲਾਂ ਕਣਕ ਦੇ ਬੀਜ ਨੂੰ ਚੰਗੀ ਤਰਾਂ ਪਰਖ ਲੈਣ ਤਾਂ ਜੋ ਬਿਮਾਰੀ ਵਾਲਾ ਬੀਜ ਬਿਮਾਰੀ ਰਹਿਤ ਖੇਤਰਾਂ ਵਿੱਚ ਲਾਉਣ ਤੋਂ ਰੋਕਿਆ ਜਾ ਸਕੇ।
ਜੌਂਅ
1. ਕਾਂਗਿਆਰੀ
ਇਹ ਕਾਂਗਿਆਰੀ ਬੀਜ ਵਿਚ ਉਲੀ ਕਾਰਨ ਫੈਲਦੀ ਹੈ। ਭਾਵੇਂ ਇਹ ਉਲੀ ਨਰੋਈ ਫਸਲ ਨੂੰ ਰੋਗ ਲਾਉਂਦੀ ਹੈ ਪਰ ਇਸਦੇ ਲੱਛਣ ਉਦੋ ਤੱਕ ਨਹੀਂ ਦਿਖਾਈ ਦਿੰਦੇ ਜਦੋਂ ਤੱਕ ਫਸਲ ਨਿਸਾਰੇ ਤੇ ਨਹੀਂ ਆਉਂਦੀ, ਜਦੋਂ ਇਹ ਕਾਂਗਿਆਰੀ ਵਾਲੇ ਸਿੱਟੇ ਪੈਦਾ ਕਰਦੀ ਹੈ।ਇਸ ਬਿਮਾਰੀ ਕਾਰਨ ਸਿੱਟੇ ਚਾਂਦੀ ਰੰਗੀ ਤਹਿ ਥੱਲੇ ਬੰਦ ਹੋਏ ਨਜ਼ਰ ਆਉਂਦੇ ਹਨ। ਕਾਂਗਿਆਰੀ ਫੈਲਾਉਣ ਵਾਲੇ ਕਣ ਕਮਜ਼ੋਰ ਝਿੱਲੀ ਵਿੱਚ ਵਲੇਟੇ ਹੁੰਦੇ ਹਨ, ਜਿਹੜੀ ਕਿ ਜਲਦੀ ਹੀ ਫੱਟ ਜਾਂਦੀ ਹੈ ਅਤੇ ਕਣ ਵਾਤਾਵਰਣ ਵਿਚ ਫੈਲ ਜਾਂਦੇ ਹਨ।
ਰੋਕਥਾਮ
ਇਸ ਬਿਮਾਰੀ ਨੂੰ ਵੀਟਾਵੈਕਸ 75 ਡਬਲਯ ਪੀ 1.5 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਰੋਕਿਆ ਜਾ ਸਕਦਾ ਹੈ। ਇਹ ਵਿਧੀ ਸਿੱਟੇ ਦੀ ਕਾਂਗਿਆਰੀ ਲਈ ਵੀ ਬਹੁਤ ਅਸਰਦਾਰ ਹੈ।ਇਸ ਰੋਗ ਦੀ ਕਣਕ ਵਿਚ ਦਸੇ ਸੂਰਜੀ ਧੁੱਪ ਦੀ ਵਰਤੋਂ ਵਾਲੇ ਤਰੀਕੇ ਦੁਆਰਾ ਚੰਗੀ ਤਰਾਂ ਰੋਕਥਾਮ ਕੀਤੀ ਜਾ ਸਕਦੀ ਹੈ।
2. ਬੰਦ ਕਾਂਗਿਆਰੀ
ਜੌਂਅ ਦਾ ਸਾਰਾ ਸਿੱਟਾ, ਸਿਵਾਏ ਕਸੀਰਾਂ ਦੇ ਕਾਲੇ ਮਾਦੇ ਵਿੱਚ ਬਦਲ ਜਾਂਦਾ ਹੈ ਜੋ ਕਿ ਝਿੱਲੀ ਵਿੱਚ ਵਲੇਟਿਆ ਹੁੰਦਾ ਹੈ। ਇਸ ਦੀ ਰੋਕਥਾਮ ਲਈ ਬੀਜ ਨੂੰ ਉਪਰ ਦਸੇ ਢੰਗ ਨਾਲ ਸੋਧ ਕੇ ਬੀਜੋ। ਪਛੇਤੀ ਤੇ ਘੱਟ ਡੂੰਘੀ ਬਿਜਾਈ ਨਾਲ ਵੀ ਰੋਗ ਦਾ ਅਸਰ ਘੱਟ ਜਾਂਦਾ ਹੈ।
ਜਸਜਿੰਦਰ ਕੌਰ: 98761-31801
ਜਸਜਿੰਦਰ ਕੌਰ, ਰਿਤੂ ਰਾਜ ਅਤੇ ਪਰਮਿੰਦਰ ਸਿੰਘ ਟਾਕ
ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ
Summary in English: Protect rabi crops from pests and diseases by seed treatment