ਬਰਸੀਮ ਇੱਕ ਸਾਲਾਨਾ ਫਲੀਦਾਰ ਚਾਰੇ ਦੀ ਫਸਲ ਹੈ। ਇਹ ਫ਼ਸਲ ਵਿਕਾਸ ਦੇ ਸਾਰੇ ਪੜਾਵਾਂ 'ਚ ਨਰਮ ਤੇ ਰਸਦਾਰ ਰਹਿੰਦੀ ਹੈ। ਇਸ ਨੂੰ ਪਾਣੀ ਦੇ ਉੱਚੇ ਪੱਧਰ ਵਾਲੇ ਖੇਤਰਾਂ `ਚ ਤੇ ਪਾਣੀ ਨਾਲ ਭਰੀਆਂ ਹਾਲਤਾਂ `ਚ ਬਿਨਾਂ ਸਿੰਚਾਈ ਦੇ ਉਗਾਇਆ ਜਾ ਸਕਦਾ ਹੈ।ਬਰਸੀਮ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਪੱਛਮੀ ਭਾਰਤ ਦੇ ਕਈ ਹਿੱਸਿਆਂ `ਚ ਇੱਕ ਪ੍ਰਮੁੱਖ ਚਾਰੇ ਵਾਲੀ ਫ਼ਸਲ ਹੈ।
ਬਰਸੀਮ ਦੀ ਫ਼ਸਲ ਚਾਰੇ ਤੇ ਹਰੀ ਖਾਦ ਦੋਵਾਂ ਲਈ ਵਿਆਪਕ ਤੌਰ 'ਤੇ ਉਗਾਈ ਜਾਂਦੀ ਹੈ। ਬਰਸੀਮ ਦੇ ਉਤਪਾਦਨ `ਚ ਕਈ ਸਾਰੀਆਂ ਬਾਇਓਟਿਕ ਪਾਬੰਦੀਆਂ ਹਨ ਜਿਵੇਂ ਕਿ ਫੰਜਾਈ, ਵਾਇਰਸ ਤੇ ਨੇਮਾਟੋਡ। ਇਹ ਕਾਰਕ ਫਸਲਾਂ ਦੀ ਸਥਾਪਨਾ `ਚ ਰੁਕਾਵਟ ਪਾਉਂਦੇ ਹਨ, ਚਾਰੇ ਦੀ ਗੁਣਵੱਤਾ ਨੂੰ ਖਰਾਬ ਕਰਦੇ ਹਨ ਤੇ ਹਰੇ ਚਾਰੇ ਤੇ ਬੀਜ ਦੀ ਪੈਦਾਵਾਰ ਨੂੰ ਘਟਾਉਂਦੇ ਹਨ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਇਨ੍ਹਾਂ ਤੋਂ ਬਰਸੀਮ ਦੀ ਫ਼ਸਲ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਦੱਸਾਂਗੇ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ।
ਕੀੜੇ ਮਕੌੜੇ ਤੇ ਰੋਕਥਾਮ:
1. ਕਾਲੇ ਕੀੜੇ:
ਇਹ ਕੀੜੇ ਬੀਜਾਂ ਦੇ ਉਗਦਿਆਂ ਹੀ ਉਨ੍ਹਾਂ ਨੂੰ ਚੁੱਕ ਕੇ ਲੈ ਜਾਂਦੇ ਹਨ। ਰੋਕਥਾਮ ਲਈ ਖੇਤ ਦੇ ਆਲੇ-ਦੁਆਲੇ ਇਨ੍ਹਾਂ ਕੀੜਿਆਂ ਦੇ ਭੌਣ ਨਸ਼ਟ ਕਰ ਦਵੋ।
2. ਘਾਹ ਦਾ ਟਿੱਡਾ:
ਇਹ ਮਈ ਤੋਂ ਜੂਨ ਦੇ ਮਹੀਨੇ `ਚ ਪੱਤਿਆਂ ਦਾ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ 500 ਮਿ.ਲੀ ਮੈਲਾਥੀਓਨ 50 ਈ.ਸੀ (Malathion 50EC) ਨੂੰ 80-100 ਲੀਟਰ ਪਾਣੀ `ਚ ਮਿਲਾ ਕੇ ਇੱਕ ਏਕੜ ਖੇਤ `ਚ ਛਿੜਕਾਅ ਕਰੋ। ਛਿੜਕਾਅ ਤੋਂ ਬਾਅਦ 7 ਦਿਨਾਂ ਤੱਕ ਪਸ਼ੂਆਂ ਲਈ ਇਹ ਚਾਰਾ ਨਾ ਵਰਤੋ।
3. ਭੱਬੂ ਕੁੱਤਾ:
ਇਹ ਬਰਸੀਮ ਦੀ ਫ਼ਸਲ `ਤੇ ਦੋ ਵਾਰ ਹਮਲਾ ਕਰਦਾ ਹੈ। ਇਸਦੀ ਰੋਕਥਾਮ ਲਈ ਬਰਸੀਮ ਦੀ ਬਿਜਾਈ ਤੋਂ ਪਹਿਲਾਂ ਖੇਤ ਦੇ ਨੇੜਿਓਂ ਗੁੱਤ ਪੁੱਟਣਾ, ਬਾਥੂ, ਭੰਗ, ਜੰਗਲੀ ਪਾਲਕ ਤੇ ਜੰਗਲੀ ਰਿੰਡ ਵਰਗੇ ਨਦੀਨਾਂ ਦਾ ਨਸ਼ਟ ਕਰ ਦਿਓ। ਇਹ ਕੀੜੇ ਇਨ੍ਹਾਂ ਨਦੀਨਾਂ `ਤੇ ਝੁੰਡਾਂ `ਚ ਪਲਦੇ ਰਹਿੰਦੇ ਹਨ ਤੇ ਬਾਅਦ `ਚ ਇਹ ਬਰਸੀਮ ਦੀ ਫ਼ਸਲ `ਤੇ ਚਲਾ ਜਾਂਦਾ ਹੈ।
ਇਹ ਵੀ ਪੜ੍ਹੋ : Barseem Cultivation: ਇਸ ਨਵੇਕਲੇ ਢੰਗ ਨਾਲ ਬਰਸੀਮ ਦੀ ਕਾਸ਼ਤ ਕਰਕੇ ਪਾਓ ਵੱਧ ਝਾੜ
4. ਛੋਲਿਆਂ ਦੀ ਸੁੰਡੀ:
ਇਹ ਫਸਲ ਦੇ ਦਾਣਿਆਂ ਨੂੰ ਖਾਂਦੀ ਹੈ। ਇਸਦੀ ਰੋਕਥਾਮ ਲਈ ਫਸਲ ਨੂੰ ਟਮਾਟਰ, ਛੋਲੇ ਤੇ ਪਿਛੇਤੀ ਕਣਕ ਦੇ ਨਜ਼ਦੀਕ ਨਾ ਬੀਜੋ। ਰੋਕਥਾਮ ਲਈ ਕਲੋਰਐਂਟਰਾਨੀਲੀਪਰੋਲ 18.5 ਐਸ.ਸੀ (Chlorantraniliprole 18.5SC) @ 50 ਮਿ.ਲੀ ਜਾਂ ਸਪਿਨੋਸੈੱਡ 48 ਐੱਸ.ਸੀ (Spinosad 48SC) @ 60 ਮਿ.ਲੀ ਨੂੰ 80-100 ਲੀ. ਪਾਣੀ `ਚ ਮਿਲਾ ਕੇ ਛਿੜਕਾਅ ਕਰੋ।
5. ਕੁੰਡਮਾਰ ਹਰੀ ਸੁੰਡੀ:
ਇਹ ਬਹੁ ਫਸਲੀ ਕੀੜਾ ਮਾਰਚ ਅਪ੍ਰੈਲ `ਚ ਬਰਸੀਮ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਇਹ ਬਰਸੀਮ ਦੇ ਪੱਤਿਆਂ `ਤੇ ਗੋਲ ਛੇਕ ਕਰ ਦਿੰਦੇ ਹਨ। ਇਸਦੀ ਰੋਕਥਾਮ ਲਈ ਮਾਰਚ ਅਪ੍ਰੈਲ `ਚ ਚਾਰੇ ਦੀ ਕਟਾਈ 30 ਦਿਨਾਂ ਦੇ ਵਕਫ਼ੇ `ਤੇ ਕਰੋ, ਤਾਂ ਜੋ ਫ਼ਸਲ ਢਹਿ ਨਾ ਜਾਵੇ।
ਬਿਮਾਰੀਆਂ ਤੇ ਰੋਕਥਾਮ:
ਤਣੇ ਦਾ ਗਲਣਾ :
ਇਹ ਰੋਗ ਉੱਲੀ ਕਰਕੇ ਹੁੰਦਾ ਹੈ ਜੋ ਕਿ ਜ਼ਮੀਨ `ਚੋਂ ਤਣੇ ਦੇ ਹੇਠਲੇ ਹਿੱਸੇ ਉੱਪਰ ਹਮਲਾ ਕਰਦੀ ਹੈ। ਇਸ ਕਾਰਨ ਤਣਾ ਗਲ਼ ਜਾਂਦਾ ਹੈ। ਇਸ ਨਾਲ ਤਣੇ ਤੇ ਜ਼ਮੀਨ ਉੱਤੇ ਚਿੱਟੇ ਰੰਗ ਦੀ ਉੱਲੀ ਜੰਮ ਜਾਂਦੀ ਹੈ। ਇਸ ਦੀ ਰੋਕਥਾਮ ਦੇ ਲਈ ਕਾਰਬੈਂਡਾਜ਼ਿਮ 400 ਗ੍ਰਾਮ ਨੂੰ 200 ਲੀਟਰ ਪਾਣੀ `ਚ ਮਿਲਾ ਕੇ ਛਿੜਕਾਅ ਕਰੋ। ਬਿਮਾਰੀ ਵਾਲੇ ਖੇਤ ਨੂੰ ਗਰਮੀਆਂ `ਚ ਭਰਵਾਂ ਪਾਣੀ ਦਿਓ ਤਾਂ ਜੋ ਜ਼ਮੀਨ `ਚੋਂ ਉੱਲੀ ਦੇ ਕਣ ਨਸ਼ਟ ਹੋ ਜਾਣ।
Summary in English: protect the berseem crop from pests and diseases