ਭਾਰਤ ਵਿੱਚ ਵੱਖ-ਵੱਖ ਚੀਜ਼ਾਂ ਦੇ ਉਤਪਾਦਨ ਨੂੰ ਵਧਾਉਣ ਲਈ ਕਈ ਕਰਾਂਤੀਆਂ ਦੀ ਸ਼ੁਰੁਆਤ ਕੀਤੀ ਗਈ ਜਿਵੇਂ ਕਿ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ, ਪੀਲੀ ਕ੍ਰਾਂਤੀ, ਭੂਰੀ ਕ੍ਰਾਂਤੀ, ਨੀਲੀ ਕ੍ਰਾਂਤੀ ਆਦਿ। ਤੇਲਬੀਜ਼ ਫਸਲਾਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਲਈ ਪੀਲੀ ਕ੍ਰਾਂਤੀ ਦੀ ਸੁਰੂਆਤ 1986-87 ਵਿੱਚ ਹੋਈ।
ਭਾਰਤ ਤੇਲਬੀਜ਼ ਫਸਲਾਂ ਵਿੱਚ ਆਤਮ-ਨਿਰਭਰ ਨਹੀਂ ਹੈ ਜਿਸ ਕਰਕੇ ਇਹ ਫਸਲਾਂ ਸਾਨੂੰ ਆਯਾਤ ਕਰਵਾਉਣੀਆਂ ਪੈਂਦੀਆਂ ਹਨ। ਪ੍ਰੰਤੂ ਭਾਰਤ ਦਾ ਵਾਤਾਵਰਣ ਅਤੇ ਪੌਣ-ਪਾਣੀ ਇਹਨਾਂ ਤੇਲ ਬੀਜ਼ ਫਸਲਾਂ ਦੀ ਕਾਸ਼ਤ ਲਈ ਬਹੁਤ ਅਨੁਕੂਲ ਹੈ। ਸੋ ਘਰੇਲੂ ਜਰੂਰਤਾਂ ਨੂੰ ਪੂਰਾ ਕਰਨ ਲਈ ਅਤੇ ਪੈਦਾਵਾਰ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾੳਣ ਲਈ ਭਾਰਤ ਵਿੱਚ ਪੀਲੀ ਕ੍ਰਾਂਤੀ ਨੂੰ ਪੂਰਾ ਹੁੰਗਾਰਾ ਮਿਲਿਆ। ਪ੍ਰੰਤੂ ਅੱਜ ਵਰਤਮਾਨ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਕਣਕ-ਝੋਨੇ ਦੇ ਨਿਰੰਤਰ ਫਸਲੀ-ਚੱਕਰ ਕਰਕੇ ਦਾਲਾਂ, ਤੇਲਬੀਜ਼, ਨਰਮਾ ਅਤੇ ਗੰਨੇ ਵਰਗੀਆਂ ਫਸਲਾਂ ਹੇਠ ਰਕਬਾ ਨਾ ਮਾਤਰ ਹੀ ਰਹਿ ਗਿਆ ਹੈ।
ਅੱਜਕੱਲ ਬਜ਼ਾਰ ਵਿੱਚ ਕਈ ਤਰ੍ਹਾਂ ਦੇ ਤੇਲ ਉਪਲਬਧ ਹਨ, ਆਮ ਆਦਮੀ ਸੋਚ ਵਿੱਚ ਪੈ ਜਾਂਦਾ ਹੈ ਕਿ ਕਿਹੜਾ ਤੇਲ ਸਿਹਤ ਲਈ ਚੰਗਾ ਹੋਵੇਗਾ। ਕਿਉਂਕਿ ਬਾਜ਼ਾਰ ਵਿੱਚ ਵਿਕਣ ਵਾਲੇ ਬੋਤਲਬੰਦ ਖਾਧ ਪਦਾਰਥਾਂ ਦੀ ਗੁਣਵੱਤਾ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕੀਤਾ ਜਾ ਸਕਦਾ। ਤੇਲਬੀਜ਼ ਫ਼ਸਲਾਂ ਫ਼ਸਲੀ ਵਿਭਿੰਨਤਾ ਵਿੱਚ ਵੀ ਅਹਿਮ ਭੂਮਿਕਾ ਨਿਭਾਊਂਦੀਆਂ ਹਨ। ਸਾਲ 2020-21 ਦੌਰਾਨ ਸਰੋਂ ਜਾਤੀ ਦੀਆਂ ਤੇਲਬੀਜ਼ ਫਸਲਾਂ ਦੀ ਕਾਸ਼ਤ 31.6 ਹਜ਼ਾਰ ਹੈਕਟੇਅਰ ਰਕਬੇ ਤੇ ਕੀਤੀ ਗਈ। ਜਦਕਿ ਉਤਪਾਦਨ ਅਤੇ ਔਸਤ ਝਾੜ ਕ੍ਰਮਵਾਰ 50.3 ਹਜ਼ਾਰ ਟਨ ਅਤੇ 15.95 ਕੁਇੰਟਲ ਪ੍ਰਤੀ ਹੈਕਟੇਅਰ (6.45 ਕੁਇੰਟਲ ਪ੍ਰਤੀ ਏਕੜ) ਰਹੇ।
ਭਾਵੇਂ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਧ ਰਹੇ ਖਰਚਿਆਂ ਕਰਕੇ ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਦੀ ਖੇਤੀ ਕਰਨਾ ਕਿਸਾਨਾਂ ਦੀ ਮਜ਼ਬੂਰੀ ਬਣ ਗਿਆ ਹੈ। ਨਿਰੰਤਰ ਘਟ ਰਹੀਆਂ ਜੋਤਾਂ ਸਦਕਾ ਇੱਕ ਤੋਂ ਵੱਧ ਫ਼ਸਲਾਂ ਦੀ ਬਿਜਾਈ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸੋ ਅਜਿਹੇ ਸਮੇਂ ਕਿਸਾਨਾਂ ਕੋਲ ਚੰਗੀ ਤਕਨੀਕ ਅਤੇ ਸਮੇਂ ਸਿਰ ਖੇਤੀ ਦੇ ਕੰਮ ਦੀ ਹੁਸ਼ਿਆਰੀ ਹੋਣਾ ਬਹੁਤ ਜ਼ਰੂਰੀ ਹੈ। ਬਹੁ-ਫ਼ਸਲੀ ਪ੍ਰਣਾਲੀ ਅਜੋਕੇ ਸਮੇਂ ਦੀ ਲੋੜ ਹੈ ਜਿਸਦਾ ਉਦੇਸ਼ ਮੁੱਖ ਫਸਲਾਂ ਦੇ ਦਰਮਿਆਨ ਸਮੇਂ ਵਿੱਚ ਇੱਕ ਜਾਂ ਦੋ ਵਾਧੂ ਫ਼ਸਲਾਂ ਉਗਾਉਣਾ ਹੈ। ਤੋਰੀਏ ਦੀ ਫ਼ਸਲ ਨੂੰ ਆਸਾਨੀ ਨਾਲ ਵੱਖ-ਵੱਖ ਫ਼ਸਲੀ ਚੱਕਰਾਂ ਵਿੱਚ ਉਗਾਇਆ ਜਾ ਸਕਦਾ ਹੈ।
ਤੋਰੀਏ ਦੀਆਂ ਸਿਫ਼ਾਰਸ਼ ਕਿਸਮਾਂ
● ਟੀ.ਐੱਲ 17: ਇਹ ਕਿਸਮ 90 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਬਹੁ-ਫ਼ਸਲੀ ਪ੍ਰਣਾਲੀ ਲਈ ਬਹੁਤ ਢੁਕਵੀਂ ਹੈ। ਇਸਦਾ ਝਾੜ ਔਸਤਨ 5.2 ਕੁਇੰਟਲ ਪ੍ਰਤੀ ਏਕੜ ਅਤੇ ਇਸ ਦੇ ਬੀਜਾਂ ਵਿੱਚ ਤੇਲ ਦੀ ਮਾਤਰਾ 42.0 ਪ੍ਰਤੀਸ਼ਤ ਹੈ।
● ਟੀ.ਐੱਲ. 15: ਇਹ ਤੋਰੀਏ ਦੀ ਇੱਕ ਅਗੇਤੀ (88 ਦਿਨਾਂ ਵਿੱਚ) ਪੱਕਣ ਵਾਲੀ ਕਿਸਮ ਹੈ ਅਤੇ ਬਹੁ-ਫ਼ਸਲੀ ਚੱਕਰ ਲਈ ਢੁਕਵੀਂ ਹੈ। ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਦੇ ਬੀਜਾਂ ਵਿੱਚ ਤੇਲ ਦੀ ਮਾਤਰਾ 41 ਪ੍ਰਤੀਸ਼ਤ ਹੈ।
ਇਹ ਵੀ ਪੜ੍ਹੋ: Wheat ਦੀਆਂ 3 ਨਵੀਆਂ ਬਾਇਓਫੋਰਟੀਫਾਈਡ ਕਿਸਮਾਂ ਵਿਕਸਿਤ
ਤੋਰੀਏ ਦੀ ਫ਼ਸਲ ਦੀ ਕਾਸ਼ਤ ਹੇਠ ਲਿਖੇ ਫ਼ਸਲੀ ਚੱਕਰਾਂ ਵਿੱਚ ਕੀਤੀ ਜਾ ਸਕਦੀ ਹੈ:
ਝੋਨਾਂ-ਤੋਰੀਆ-ਸੂਰਜਮੁਖੀ: ਜੂਨ ਦੇ ਸ਼ੁਰੂ ਵਿੱਚ ਝੋਨੇ ਦੀ ਥੋੜੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੀ ਆਰ 126 ਲਾਉ ਤਾਂ ਕਿ ਖੇਤ ਅੱਧ-ਸਤੰਬਰ ਤੱਕ ਖਾਲੀ ਹੋ ਜਾਣ। ਝੋਨੇ ਦੀ ਕਟਾਈ ਤੋਂ ਬਾਅਦ ਤੋਰੀਏ ਦੀ ਕੋਈ ਵੀ ਕਿਸਮ ਬੀਜ ਕੇ ਦਸੰਬਰ ਅਖੀਰ ਵਿੱਚ ਕਟਾਈ ਕਰ ਲਉ। ਉਸ ਤੋਂ ਉਪਰੰਤ ਸੂਰਜਮੁਖੀ ਦੀ ਥੋੜੇ ਅਰਸੇ ਵਾਲੀ ਕਿਸਮ ਦੀ ਬਿਜਾਈ ਜਨਵਰੀ ਦੇ ਪਹਿਲਾ ਪੰਦਰ੍ਹਵਾੜੇ ਵਿੱਚ ਪੂਰਬ-ਪੱਛਮ ਦਿਸ਼ਾ ਵਿੱਚ ਵੱਟਾਂ ਪਾ ਕੇ ਦੱਖਣ ਵਾਲੇ ਪਾਸੇ ਕਰੋ। ਸੂਰਜਮੁਖੀ ਦੀ ਫਸਲ ਖੇਤ ਨੂੰ ਝੋਨੇ ਦੀ ਸਮੇਂ ਸਿਰ ਲੁਆਈ ਲਈ ਅੱਧ-ਮਈ ਤੱਕ ਖਾਲੀ ਕਰ ਦਿੰਦੀ ਹੈ।
ਮੱਕੀ-ਤੋਰੀਆ-ਸੂਰਜਮੁਖੀ: ਇਸ ਫਸਲ ਚੱਕਰ ਵਿੱਚ ਮੱਕੀ ਦੀ ਬਿਜਾਈ ਜੂਨ ਦੇ ਸ਼ੁਰੂ ਵਿੱਚ ਕਰਨ ਨਾਲ ਤੋਰੀਏ ਦੀ ਸਮੇਂ ਸਿਰ ਬਿਜਾਈ ਲਈ ਸਤੰਬਰ ਦੇ ਦੂਜੇ ਪੰਦਰਹਵਾੜੇ ਵਿੱਚ ਖੇਤ ਖਾਲੀ ਹੋ ਜਾਵੇਗਾ। ਤੋਰੀਏ ਦੀ ਫ਼ਸਲ ਨੂੰ ਦਸੰਬਰ ਦੇ ਅੰਤ ਤੱਕ ਕੱਟ ਲਉ। ਇਸ ਤੋਂ ਬਾਦ ਸੂਰਜਮੁੱਖੀ ਦੀ ਥੋੜੇ ਅਰਸੇ ਵਿੱਚ ਪੱਕਣ ਵਾਲੀ ਫ਼ਸਲ ਪੂਰਬ-ਪੱਛਮ ਦਿਸ਼ਾ ਵਿੱਚ ਵੱਟਾਂ ਪਾ ਕੇ ਦੱਖਣ ਵਾਲੇ ਪਾਸੇ ਬਿਜਾਈ ਕਰੋ।
ਮੂੰਗਫਲੀ-ਤੋਰੀਆ-ਕਣਕ: ਗਰਮ ਰੁੱਤ ਦੀ ਮੂੰਗਫਲੀ ਅਤੇ ਕਣਕ ਦੇ ਪ੍ਰਚਲਤ ਫਸਲੀ ਚੱਕਰ ਵਿੱਚ ਤੋਰੀਏ ਦੀ ਫਸਲ ਬੜੀ ਕਾਮਯਾਬੀ ਨਾਲ ਲਈ ਜਾ ਸਕਦੀ ਹੈ। ਮੂੰਗਫਲੀ ਦੀ ਕਿਸਮ ਐਸ ਜੀ 84, ਐਸ ਜੀ 99, ਐੱਮ 522 ਨੂੰ ਅਖੀਰ ਅਪ੍ਰੈਲ ਜਾਂ ਮਈ ਦੇ ਸ਼ੁਰੂ ਵਿੱਚ ਕਣਕ ਤੋਂ ਬਾਅਦ ਬੀਜੋ। ਮੂੰਗਫਲੀ ਐਸ ਜੀ 99 ਸਤੰਬਰ ਦੇ ਸ਼ੁਰੂ ਵਿੱਚ ਖੇਤ ਖਾਲੀ ਕਰ ਦਿੰਦੀ ਹੈ ਜਿਸ ਵਿੱਚ ਤੋਰੀਆ (ਟੀ ਐਲ 15 ਜਾਂ ਟੀ ਐੱਲ 17) ਸਤੰਬਰ ਦੇ ਦੂਸਰੇ ਪੰਦਰ੍ਹਵਾੜੇ ਵਿੱਚ ਬੀਜੋ। ਤੋਰੀਆ ਦਸੰਬਰ ਵਿੱਚ ਖੇਤ ਖਾਲੀ ਕਰ ਦਿੰਦਾ ਹੈ। ਇਸ ਤੋਂ ਬਾਅਦ ਕਣਕ ਦੀ ਕੋਈ ਵੀ ਪਛੇਤੀ ਕਿਸਮ ਬੀਜੀ ਜਾ ਸਕਦੀ ਹੈ।
ਇਸ ਤਰ੍ਹਾਂ ਬਹੁ-ਫ਼ਸਲੀ ਪ੍ਰਣਾਲੀ ਅਪਣਾ ਕੇ ਕਿਸਾਨ ਵੀਰ ਆਪਣਾ ਘਰੇਲੂ ਖਰਚਾ ਵੀ ਘਟਾ ਸਕਦੇ ਹਨ ਅਤੇ ਇੱਕ ਵਾਧੂ ਫ਼ਸਲ ਦਾ ਮੁਨਾਫ਼ਾ ਵੀ ਕਮਾ ਸਕਦੇ ਹਨ। ਸਿਆਣਿਆਂ ਨੇ ਸਹੀ ਕਿਹਾ ਹੈ ਕਿ “ਅਕਲ ਨਾਲ ਵਾਹ ਤੇ ਰੱਜ ਕੇ ਖਾ”।
ਅਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ (ਐਗਰੋਨੋਮੀ)
ਕੇਵੀਕੇ ਲੰਗੜੋਆ, ਨਵਾਂਸ਼ਹਿਰ
Summary in English: Recommended varieties of toriya and ts Importance in Multi-Cropping System