ਦਾਲਾਂ ਦੀ ਕਾਸ਼ਤ ਕਿਉਂ ਮਹੱਤਵਪੂਰਨ ਹੈ ?
ਕਈ ਕਾਰਨਾਂ ਕਰਕੇ ਦਾਲਾਂ ਜ਼ਰੂਰੀ ਫ਼ਸਲਾਂ ਮੰਨਿਆਂ ਜਾਂਦੀਆਂ ਹਨ ਕਿਉਂਕਿ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਅਤੇ ਪ੍ਰੋਟੀਨ ਦੀ ਮਾਤਰਾ ਲੱਗਭਗ ਕਣਕ ਨਾਲੋਂ ਦੁੱਗਣੀ ਅਤੇ ਚੌਲਾਂ ਨਾਲੋਂ ਤਿੰਨ ਗੁਣੀ ਹੁੰਦੀ ਹੈ। ਇਹਨਾਂ ਨੂੰ ਖ਼ਾਸ ਤੌਰ ਤੇ ਉਨ੍ਹਾਂ ਇਲਾਕਿਆਂ ਵਿਚ ਪ੍ਰੋਟੀਨ ਦਾ ਆਦਰਸ਼ਕ ਸਰੋਤ ਮੰਨਿਆ ਜਾਂਦਾ ਹੈ ਜਿੱਥੇ ਮਾਸ ਅਤੇ ਡੇਅਰੀ ਸਰੀਰਕ ਜਾਂ ਆਰਥਿਕ ਤੌਰ ਤੇ ਪਹੁੰਚਯੋਗ ਨਹੀਂ ਹੁੰਦੇ। ਦਾਲਾਂ ਵਿਚ ਚਰਬੀ ਘੱਟ ਹੁੰਦੀ ਹੈ ਅਤੇ ਘੁਲਣਸ਼ੀਲ ਰੇਸ਼ੇ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ ਅਤੇ ਬਲੱਡ ਸ਼ੂਗਰ ਦੇ ਨਿਯੰਤਰਣ ਵਿੱਚ ਸਹਾਇਤਾ ਕਰਦੀ ਹੈ। ਦਾਲਾਂ ਮਿੱਟੀ ਵਿਚ ਨਾਈਟ੍ਰੋਜਨ ਨੂੰ ਨਕਲੀ ਤੌਰ ਤੇ ਪੇਸ਼ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਿੰਥੈਟਿਕ ਖਾਦਾਂ ਤੇ ਨਿਰਭਰਤਾ ਘੱਟਾ ਕੇ ਜਲਵਾਯੂ ਤਬਦੀਲੀ ਨੂੰ ਘੱਟ ਕਰਨ ਵਿੱਚ ਯੋਗਦਾਨ ਪਾ ਸਕਦੀਆਂ ਹਨ। ਗ੍ਰੀਨਹਾਉਸ ਗੈਸਾਂ ਇਨ੍ਹਾਂ ਖਾਦਾਂ ਦੇ ਨਿਰਮਾਣ ਅਤੇ ਵਰਤੋਂ ਦੌਰਾਨ ਵਾਤਾਵਰਣ ਵਿੱਚ ਜਾਰੀ ਹੁੰਦੀਆਂ ਹਨ, ਅਤੇ ਇਨ੍ਹਾਂ ਦੀ ਜ਼ਿਆਦਾ ਵਰਤੋਂ ਵਾਤਾਵਰਣ ਲਈ ਨੁਕਸਾਨਦੇਹ ਹੋ ਸਕਦੀ ਹੈ। ਦਾਲਾਂ ਕੁਦਰਤੀ ਤੌਰ ਤੇ ਮਿੱਟੀ ਵਿੱਚ ਵਾਯੂਮੰਡਲ ਨਾਈਟ੍ਰੋਜਨ ਨੂੰ ਜਮ੍ਹਾਂ ਕਰਦੀਆਂ ਹਨ, ਇਸ ਤਰ੍ਹਾਂ ਸਿੰਥੈਟਿਕ ਖਾਦਾਂ ਦੀ ਜ਼ਰੂਰਤ ਵਿੱਚ ਮਹੱਤਵਪੂਰਣ ਤੌਰ ਤੇ ਕਮੀ ਆਉਂਦੀ ਹੈ। ਦਾਲਾਂ ਦੀਆਂ ਫ਼ਸਲਾਂ ਗ੍ਰੀਨਹਾਉਸ ਗੈਸਾਂ ਨੂੰ ਘੱਟਾਉਣ, ਮਿੱਟੀ ਦੀ ਸਿਹਤ ਨੂੰ ਵੱਧਾਉਣ ਅਤੇ ਹੋਰ ਫਸਲਾਂ ਦੇ ਮੁਕਾਬਲੇ ਘੱਟ ਪਾਣੀ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਅਰਹਰ ਦੀ ਫ਼ਸਲ ਦਾ ਵੱਧ ਝਾੜ ਲੈਣ ਲਈ ਕਿਸਾਨਾਂ ਨੂੰ ਹੇਠ ਲਿਖੀਆਂ ਉਨੱਤ ਨੀਤੀਆਂ ਅਪਨਾਉਣੀਆਂ ਚਾਹੀਦੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਅਰਹਰ ਦੀ "ਏ ਐਲ 882" ਕਿਸਮ ਤੋਂ 20-25 ਪ੍ਰਤੀਸ਼ਤ ਵੱਧ ਝਾੜ ਲੈਣ ਲਈ ਨਵੇਂ ਸੁਧਾਰ ਦਿੱਤੇ ਹਨ ਜੋ ਕਿ ਕਿਸਾਨਾਂ ਨੇ "ਸਾਉਣੀ 2020" ਅਰਹਰ ਦੀ ਬਿਜਾਈ ਸਮੇਂ ਧਿਆਨ ਵਿੱਚ ਰੱਖਣੇ ਹਨ -
ਬਿਜਾਈ ਦਾ ਸਮਾਂ : 15-25 ਜੂਨ
ਕਤਾਰ ਤੋਂ ਕਤਾਰ ਦੀ ਦੂਰੀ : 30 ਸੈਂਟੀਮੀਟਰ
ਬੀਜ ਦੀ ਮਾਤਰਾ : 12 ਕਿਲੋਗ੍ਰਾਮ/ਏਕੜ ।
ਸੁਧਰੀਆਂ ਕਿਸਮਾਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਪੰਜਾਬ ਵਿੱਚ ਅਰਹਰ ਦੀ ਕਾਸ਼ਤ ਲਈ ਅੱਗੇ ਦਿੱਤੀਆਂ ਕਿਸਮਾਂ ਦੀ ਸਿਫਾਰਿਸ਼ ਹੈ –
ਕਿਸਮ
|
ਵਿਸ਼ੇਸ਼ ਗੁਣ
|
ਸਿਫਾਰਸ਼ ਇਲਾਕਾ
|
ਏ ਐਲ 882 (2018)
|
- ਔਸਤਨ ਝਾੜ 5.4 ਕੁਇੰਟਲ/ਏਕੜ
- ਪੱਕਣ ਲਈ ਸਮਾਂ 132 ਦਿਨ
- ਅਗੇਤੀ ਪੱਕਣ ਵਾਲੀ , ਮਧਰੀ ਅਤੇ ਸਥਿਰ ਵਾਧੇ ਵਾਲੀ ਕਿਸਮ
- ਬੂਟੇ ਦੀ ਉਚਾਈ 1.6 -1.8 ਮੀਟਰ
|
ਸਾਰਾ ਪੰਜਾਬ
|
ਪੀ ਏ ਯੂ 881 (2007)
|
- ਔਸਤਨ ਝਾੜ 5.1 ਕੁਇੰਟਲ/ਏਕੜ
- ਪੱਕਣ ਲਈ ਸਮਾਂ 132 ਦਿਨ
- ਅਗੇਤੀ ਪੱਕਣ ਵਾਲੀ ਅਤੇ ਅਸਥਿਰ ਵਾਧੇ ਵਾਲੀ ਕਿਸਮ
- ਬੂਟੇ ਦੀ ਉਚਾਈ ਤਕਰੀਬਨ 2.0 ਮੀਟਰ
|
ਸਾਰਾ ਪੰਜਾਬ
|
ਏ ਐਲ 201 (1993)
|
- ਔਸਤਨ ਝਾੜ 5.0 ਕੁਇੰਟਲ/ਏਕੜ
- ਪੱਕਣ ਲਈ ਸਮਾਂ 140 ਦਿਨ
- ਪੌਧੇ ਅਸਥਿਰ ਵਾਧੇ ਵਾਲੇ
- ਬੂਟੇ ਦੀ ਉਚਾਈ ਤਕਰੀਬਨ 2.5 ਮੀਟਰ
|
ਸਾਰਾ ਪੰਜਾਬ
|
ਜਮੀਨ ਦੀ ਤਿਆਰੀ
ਖੇਤ ਨੂੰ 2-3 ਵਾਰ ਵਾਹ ਕੇ ਸੁਹਾਗਾ ਫੇਰੋ। ਅਰਹਰ ਬਿਨਾ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਵੀ ਬੀਜੀ ਜਾ ਸਕਦੀ ਹੈ। ਬਿਜਾਈ ਸਮੇਂ ਖੇਤ ਵਿੱਚ ਨਦੀਨ ਨਹੀਂ ਹੋਣੇ ਚਾਹੀਦੇ।
ਜੀਵਾਣੂ ਖਾਦ ਦਾ ਟੀਕਾ ਲਾਉਣਾ
ਇੱਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਵਿੱਚ ਪਹਿਲਾ ਗਿੱਲਾ ਕਰ ਲਓ ਫਿਰ ਰਾਈਜੋਬੀਅਮ ਟੀਕੇ ਦਾ ਇੱਕ ਪੈਕੇਟ ਇਸ ਗਿੱਲੇ ਹੋਏ ਬੀਜ ਨਾਲ ਚੰਗੀ ਤਰ੍ਹਾਂ ਰਾਲਾ ਦਿਓ। ਇਸ ਤੋਂ ਬਾਅਦ ਬੀਜ ਨੂੰ ਛਾਂ ਵਿੱਚ ਸੁਕਾ ਲਾਓ ਅਤੇ ਛੇਤੀ ਖੇਤ ਵਿੱਚ ਬੀਜ ਦਿਓ।
ਬੀਜ ਦੀ ਮਾਤਰਾ, ਬਿਜਾਈ ਦਾ ਸਮਾਂ ਅਤੇ ਢੰਗ
ਪੀ ਏ ਯੂ 881 ਅਤੇ ਏ ਐਲ 201 ਦੀ ਬਿਜਾਈ ਲਈ 6 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰੋ। ਅਰਹਰ ਦੀ ਸੰਘਣੀ ਬਿਜਾਈ ਨਾਲ ਵੱਧ ਝਾੜ ਲੈਣ ਲਈ, ਏ ਐਲ 882 ਕਿਸਮ ਨੂੰ 15-25 ਜੂਨ ਵਿਚਕਾਰ ਬੀਜੋ ਅਤੇ 30 ਸੈਂਟੀਮੀਟਰ ਦਾ ਸਿਆੜ ਤੋਂ ਸਿਆੜ ਦਾ ਫਾਂਸਲਾ ਰੱਖਦੇ ਹੋਏ 12 ਕਿੱਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰੋ।
ਬੈੱਡ ਉੱਤੇ ਬਿਜਾਈ ਦਾ ਢੰਗ
ਦਰਮਿਆਨੀਆਂ ਅਤੇ ਭਰੀਆਂ ਜ਼ਮੀਨਾਂ ਉੱਤੇ ਅਰਹਰ ਦੀ ਬਿਜਾਈ ਕਣਕ ਲਈ ਵਰਤੇ ਜਾਣ ਵਾਲੇ ਬੈੱਡ ਪਲਾਂਟਰ ਨਾਲ 67.5 ਸੈਂਟੀਮੀਟਰ ਵਿਥ ਤੇ ਤਿਆਰ ਕੀਤੇ ਬੈੱਡਾਂ (37.5 ਸੈਂਟੀਮੀਟਰ ਬੈੱਡ ਅਤੇ 30 ਸੈਂਟੀਮੀਟਰ ਖ਼ਾਲੀ) ਉੱਤੇ ਕਰਨੀ ਚਾਹੀਦੀ ਹੈ। ਅਰਹਰ ਦੀ ਇੱਕ ਕਤਾਰ ਪ੍ਰਤੀ ਬੈੱਡ ਬੀਜੋ ਅਤੇ ਬਾਕੀ ਕਾਸ਼ਤਕਾਰੀ ਢੰਗ ਓਹੀ ਵਰਤਣੇ ਹਨ ਜੋ ਕਿ ਅਰਹਰ ਦੀ ਪੱਧਰੀ (ਆਮ) ਬਿਜਾਈ ਲਈ ਸਿਫਾਰਸ਼ ਕੀਤੇ ਗਏ ਹਨ। ਬੈੱਡਾਂ ਉੱਤੇ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਦੇ ਨਾਲ ਨਾਲ ਭਰੇ ਮੀਂਹ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ।
ਸਿੰਚਾਈ ਦਾ ਢੰਗ
ਪਹਿਲਾ ਪਾਣੀ ਬਿਜਾਈ ਤੋਂ 3-4 ਹਫ਼ਤੇ ਪਿੱਛੋਂ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਲੰਮਾਂ ਸਮਾਂ ਵਰਖਾ ਨਾ ਹੋਣ ਤੇ ਹੀ ਪਾਣੀ ਦਿਓ। ਧਿਆਨ ਰੱਖੋ ਕਿ ਅੱਧ ਸਤੰਬਰ ਤੋਂ ਪਿੱਛੋਂ ਫ਼ਸਲ ਨੂੰ ਪਾਣੀ ਨਾ ਦਿੱਤਾ ਜਾਵੇ।
ਖਾਦਾਂ ਦੀ ਵਰਤੋਂ
ਅਰਹਰ ਦੀ ਕਾਸ਼ਤ ਤੋਂ ਸਹੀ ਖਾਦਾਂ ਦੀ ਵਰਤੋਂ ਨਾਲ ਵੱਧ ਝਾੜ ਲੈਣ ਲਈ ਪ੍ਰਤੀ ਏਕੜ 13 ਕਿਲੋ ਯੂਰੀਆ ਅਤੇ 100 ਕਿੱਲੋ ਸੁਪਰਫੋਸਫੇਟ ਖਾਦ ਬਿਜਾਈ ਸਮੇਂ ਡਰਿੱਲ ਨਾਲ ਪੋਰ ਦਿਓ।
ਨਦੀਨਾਂ ਦੀ ਰੋਕਥਾਮ
ਖੇਤ ਵਿੱਚ ਨਦੀਨਾਂ ਤੇ ਚੰਗੀ ਪਕੜ ਪਾਉਣ ਲਈ, ਦੋ ਗੋਡਿਆਂ ਬਿਜਾਈ ਤੋਂ 3 ਅਤੇ 6 ਹਫ਼ਤੇ ਬਾਅਦ ਕਰ ਦਿਓ ਜਾਂ ਇੱਕ ਲਿਟਰ ਸਟੌਪ 30 ਈ.ਸੀ. (ਪੇਂਡੀਮੈਥਲੀਂਨ) ਨੂੰ ਬਿਜਾਈ ਤੋਂ 2 ਦਿਨਾਂ ਦੇ ਅੰਦਰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਓ ਕਰੋ ਜਾਂ ਬਿਜਾਈ ਤੋਂ 2 ਦਿਨਾਂ ਦੇ ਅੰਦਰ 600 ਮਿਲੀਲਿਟਰ ਸਟੌਪ 30 ਈ .ਸੀ. ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਓ ਕਰ ਦਿਓ ਅਤੇ ਬਿਜਾਈ ਤੋਂ 6 ਹਫ਼ਤੇ ਮਗਰੋਂ ਇੱਕ ਗੋਡੀ ਕਰ ਦਿਓ। ਨਦੀਨ ਨਾਸ਼ਕਾਂ ਦੀ ਵਰਤੋਂ /ਗੋਡੀ ਤੋਂ ਮਗਰੋਂ ਬਚੇ ਨਦੀਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਖੇਤ ਵਿੱਚੋ ਪੁੱਟ ਦਿਓ।
ਫ਼ਸਲ ਦੀ ਕਟਾਈ
ਫ਼ਸਲ ਦੇ ਪੂਰੇ ਪੱਕਣ ਤੇ ਕਟਾਈ ਅਕਤੂਬਰ ਦੇ ਅਖੀਰਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ।
ਸਿਮਰਨਪ੍ਰੀਤ ਸਿੰਘ ਬੋਲਾ
ਪੀ.ਐਚ.ਡੀ. ਵਿਦਿਆਰਥੀ, ਫ਼ਸਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ ਇੰਡੀਆ