ਨਰਮਾ ਪੰਜਾਬ ਦੀ ਝੋਨੇ ਤੋਂ ਬਾਅਦ ਸਾਉਣੀ ਦੀ ਦੂਸਰੀ ਮੁੱਖ ਫਸਲ ਹੈ, ਜਿਸਦੀ ਕਾਸ਼ਤ ਦੱਖਣੀ ਪੱਛਮੀ ਖੇਤਰ ਦੇ ਬਠਿੰਡਾ, ਮਾਨਸਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਰਨਾਲਾ ਅਤੇ ਸੰਗਰੂਰ ਜ਼ਿਲ਼੍ਹਿਆਂ ਵਿੱਚ ਕੀਤੀ ਜਾਂਦੀ ਹੈ। ਨਰਮੇ/ਕਪਾਹ ਉਪਰ ਬਹੁਤ ਸਾਰੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਪਾਇਆ ਜਾਂਦਾ ਹੈ, ਜਿਸ ਵਿੱਚੋ ਚਿੱਟੀ ਮੱਖੀ ਅਤੇ ਪੱਤਾ ਮਰੋੜ ਰੋਗ ਪ੍ਰਮੁੱਖ ਹਨ।
ਦੇਸੀ ਕਪਾਹ ਨੂੰ ਪੱਤਾ ਮਰੋੜ ਬਿਮਾਰੀ ਨਹੀਂ ਲੱਗਦੀ ਅਤੇ ਚਿੱਟੀ ਮੱਖੀ ਦਾ ਹਮਲਾ ਵੀ ਘੱਟ ਹੁੰਦਾ ਹੈ, ਪਰ ਨਰਮੇ ਦੀਆ ਸਾਰੀਆਂ ਕਿਸਮਾਂ ਤੇ ਪੱਤਾ ਮਰੋੜ ਬਿਮਾਰੀ ਅਤੇ ਚਿੱਟੀ ਮੱਖੀ ਦਾ ਹਮਲਾ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਨਰਮੇ ਦੀ ਪੈਦਾਵਾਰ ਦੇ ਨਾਲ-ਨਾਲ ਰੇਸ਼ੇ ਦੀ ਕੁਆਲਟੀ ਤੇ ਵੀ ਮਾੜਾ ਅਸਰ ਪੈਂਦਾ ਹੈ। ਸਾਲ 2015 ਦੌਰਾਨ ਚਿੱਟੀ ਮੱਖੀ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਸੀ, ਜਿਸ ਸਦਕਾ ਨਰਮੇ ਦੀ ਪੈਦਾਵਾਰ ਜੋ ਕਿ 2014-15 ਦੌਰਾਨ 574 ਕਿੱਲੋ ਰੂੰ ਪ੍ਰਤੀ ਹੈਕਟੇਅਰ ਸੀ, ਘੱਟ ਕੇ ਸਾਲ 2015-16 ਦੌਰਾਨ 197 ਕਿੱਲੋ ਰੂੰ ਪ੍ਰਤੀ ਹੈਕਟੇਅਰ ਰਹਿ ਗਈ। ਸਾਲ 2016, 2017 ਅਤੇ 2018 ਦੌਰਾਨ, ਖੇਤੀ ਮਾਹਿਰਾਂ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਅਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ) ਦੀ ਵਿਉਂਤਬੰਦੀ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਚਿੱਟੀ ਮੱਖੀ ਅਤੇ ਪੱਤਾ ਮਰੋੜ ਦੇ ਹਮਲੇ ਤੇ ਕਾਬੂ ਪਾਇਆ ਗਿਆ ਜਿਸ ਦੇ ਨਤੀਜੇ ਵਜੋਂ ਨਰਮੇ ਦਾ ਰਿਕਾਰਡ ਝਾੜ ਕ੍ਰਮਵਾਰ 756, 730 ਅਤੇ 778 ਕਿੱਲੋ ਰੂੰ ਪ੍ਰਤੀ ਹੈਕਟੇਅਰ ਪ੍ਰਾਪਤ ਹੋਇਆ। ਇਸ ਕਾਰਨ ਸਾਲ 2016, 2017 ਅਤੇ 2018 ਵਿੱਚ ਕੀਟਨਾਸ਼ਕ ਜ਼ਹਿਰ ਦੀ ਖਪਤ ਘਟੀ ਅਤੇ ਕੁਲ 73.78, 81.73 ਅਤੇ 88.49 ਕਰੋੜ ਰੁਪਏ ਬਚਾਏ ਜਾ ਸਕੇ।
ਚਿੱਟੀ ਮੱਖੀ ਅਤੇ ਪੱਤਾ ਮਰੋੜ ਬਿਮਾਰੀ ਦੇ ਜੀਵਨ ਚੱਕਰ, ਹਮਲੇ ਦੀਆਂ ਨਿਸ਼ਾਨੀਆਂ ਤੇ ਵਧਣ ਦੇ ਕਾਰਨ ਅਤੇ ਇਸ ਦੀ ਸੁਚੱਜੀ ਰੋਕਥਾਮ ਸੰਬੰਧੀ ਜਾਣਕਾਰੀ ਹੇਠਾਂ ਲਿਖੇ ਅਨੁਸਾਰ ਹੈ:
ਚਿੱਟੀ ਮੱਖੀ: ਇਸ ਦੇ ਬੱਚੇ ਅਤੇ ਬਾਲਗ ਪੱਤੇ ਦੇ ਹੇਠਲੇ ਪਾਸੇ ਤੋਂ ਰਸ ਚੂਸਦੇ ਹਨ ਅਤੇ ਮਲ ਤਿਆਗ (ਚਿਪਚਿਪਾ) ਕਰਦੇ ਹਨ, ਜਿਸ ਉਪਰ ਬਾਅਦ ਵਿੱਚ ਕਾਲੀ ਉਲੀ ਲੱਗ ਜਾਂਦੀ ਹੈ, ਜਿਸ ਕਾਰਨ ਪੌਦੇ ਆਪਣਾ ਲੋੜੀਂਦੇ ਭੋਜਨ ਤਿਆਰ ਨਹੀਂ ਕਰ ਸਕਦੇ। ਪੌਦੇ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਰੂੰ ਦੀ ਗੁਣਵੱਤਾ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਜੀਵਨ ਚੱਕਰ: ਇਸ ਕੀੜੇ ਦੇ ਜੀਵਨ ਵਿੱਚ ਚਾਰ ਤਰ੍ਹਾਂ ਦੀਆਂ ਅਵਸਥਾਵਾਂ ਹੁੰਦੀਆਂ ਹਨ। ਅੰਡਾ, ਬੱਚਾ, ਪਿਊਪਾ ਅਤੇ ਬਾਲਗ। ਬਾਲਗ ਛੋਟੇ ਆਕਾਰ ਦੇ, ਚਿੱਟੇ ਰੰਗ ਦੇ ਹੁੰਦੇ ਹਨ ਅਤੇ ਪੌਦੇ ਤੋਂ ਰਸ ਚੂਸਦੇ ਹਨ। ਮਾਦਾ ਮੱਖੀ ਔਸਤਨ 57 ਅੰਡੇ ਦੇ ਸਕਦੀ ਹੈ। ਅੰਡੇ ਵਿੱਚੋਂ ਨਿਕਲਣ ਵਾਲੇ ਪਹਿਲੀ ਅਵਸਥਾ ਦੇ ਬੱਚੇ ਚੱਪਟੇ ਅਤੇ ਅੰਡਾਕਾਰ ਹੁੰਦੇ ਹਨ ਅਤੇ ਥੋੜਾ ਤੁਰ ਸਕਦੇ ਹਨ। ਇਹ ਬੱਚੇ ਆਪਣੇ ਭੋਜਨ ਲਈ ਪੱਤੇ ਦੇ ਹੇਠਲੇ ਪਾਸੇ ਸਹੀ ਜਗ੍ਹਾ ਚੁਣ ਕੇ ਚਿਪਕ ਜਾਂਦੇ ਹਨ। ਪਹਿਲੀਆਂ ਤਿੰਨ ਅਵਸਥਾਵਾਂ ਵਿੱਚ ਬੱਚੇ ਕੁੱਲ 9-15 ਦਿਨਾਂ ਤੱਕ ਰਹਿੰਦੇ ਹਨ। ਅਖੀਰ ਵਾਲੀ ਅਵਸਥਾ ਵਿੱਚ ਬੱਚੇ ਨੂੰ ਪਿਊਪਾ ਕਿਹਾ ਜਾਂਦਾ ਹੈ, ਜਿਸ ਵਿੱਚ ਬੱਚਾ 3-9 ਦਿਨਾਂ ਤੱਕ ਰਹਿੰਦਾ ਹੈ ਅਤੇ ਇਸ ਦੀਆਂ ਅੱਖਾਂ ਲਾਲ ਰੰਗ ਦੀਆਂ ਹੁੰਦੀਆਂ ਹਨ। ਮਾਦਾ ਮੱਖੀ ਦਾ ਜੀਵਨ ਕਾਲ 5-6 ਦਿਨ ਅਤੇ ਨਰ ਮੱਖੀ ਦਾ 4-5 ਦਿਨ ਹੁੰਦਾ ਹੈ। ਚਿੱਟੀ ਮੱਖੀ ਆਪਣਾ ਪੂਰਾ ਜੀਵਨ ਚੱਕਰ 26-44 ਦਿਨਾਂ ਵਿੱਚ ਪੂਰਾ ਕਰਦੀ ਹੈ। ਨਰਮੇ ਦੀ ਫਸਲ ਦੌਰਾਨ ਇਹ ਕੀੜਾ ਆਪਣੀਆਂ 11 ਪੁਸ਼ਤਾਂ ਪੂਰੀਆਂ ਕਰ ਸਕਦਾ ਹੈ। ਇਹ ਮੱਖੀ ਛੋਟੀ ਉਡਾਣ ਭਰ ਸਕਦੀ ਹੈ, ਪਰ ਹਵਾ ਦੇ ਵਹਾ ਨਾਲ ਇਹ ਕਾਫੀ ਲੰਬੀ ਦੂਰੀ ਤੱਕ ਵੀ ਜਾ ਸਕਦੀ ਹੈ।
ਪੱਤਾ ਮਰੋੜ ਰੋਗ/ਲੀਫ ਕਰਲ: ਚਿੱਟੀ ਮੱਖੀ ਨਰਮੇ ਦਾ ਸਿੱਧੇ ਤੌਰ ਤੇ ਰਸ ਚੂਸ ਕੇ ਅਤੇ ਅਸਿੱਧੇ ਤੌਰ ਤੇ ਪੱਤਾ ਮਰੋੜ (ਲੀਫ ਕਰਲ) ਬਿਮਾਰੀ ਨੂੰ ਫੈਲਾਅ ਕੇ ਨੁਕਸਾਨ ਪਹੁੰਚਾਉਂਦਾ ਹੈ। ਪੰਜਾਬ ਦੇ ਵਿੱਚ ਦੱਖਣੀ ਪੱਛਮੀ ਜ਼ਿਲ੍ਹਿਆ ਬਠਿੰਡਾ ਵਿੱਚ ਨਰਮੇ ਦੀ ਫਸਲ ਵਿੱਚ ਪੱਤਾ ਮਰੋੜ ਬਿਮਾਰੀ ਅਤੇ ਚਿੱਟੀ ਮੱਖੀ ਦਾ ਹਮਲਾ ਪਿਛਲੇ ਸਾਲਾਂ ਦੇ ਮੁਕਾਬਲੇ ਵਿੱਚ ਸਾਲ 2018 ਅਤੇ 2019 ਵਿੱਚ ਘੱਟ ਰਿਹਾ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਪੱਤਾ ਮਰੋੜ ਰੋਗ ਦੀ ਬਿਮਾਰੀ ਦੀ ਗੰਭੀਰਤਾ ਸਾਲ 2017 ਵਿੱਚ ਵਧੇਰੇ ਪਾਈ ਗਈ ਸੀ ਅਤੇ ਬਾਅਦ ਵਿੱਚ ਹੌਲੀ ਹੌਲੀ ਸਾਲ 2018 ਵਿੱਚ ਘੱਟ ਗਈ ਪਰ ਸਾਲ 2019 ਵਿੱਚ ਤੁਲਨਾਤਮਕ ਤੌਰ ਤੇ ਵਾਧਾ ਹੋਇਆ ਹੈ।
ਪੱਤਾ ਮਰੋੜ ਰੋਗ ਦੇ ਲੱਛਣ: ਪੱਤਾ ਮਰੋੜ ਬਿਮਾਰੀ ਜੈਮਿਨੀਵਾਇਰਸ ਕਰਕੇ ਲੱਗਦੀ ਹੈ। ਇਹ ਬਿਮਾਰੀ ਮਿੱਟੀ ਜਾਂ ਬੀਜ ਰਾਹੀਂ ਨਹੀਂ ਲੱਗਦੀ ਹੈ ਅਤੇ ਚਿੱਟੀ ਮੱਖੀ ਨਾਲ ਫੈਲਦੀ ਹੈ। ਇਸ ਬਿਮਾਰੀ ਦਾ ਪ੍ਰਭਾਵ ਮੌਸਮ ਦੇ ਹਿਸਾਬ ਨਾਲ ਵੀ ਵੱਧਦਾ-ਘੱਟਦਾ ਰਹਿੰਦਾ ਹੈ। ਸ਼ੁਰੂਆਤੀ ਤੌਰ ਤੇ ਇਸ ਬਿਮਾਰੀ ਦੇ ਹਮਲੇ ਦਾ ਅਸਰ ਸਭ ਤੋਂ ਵੱਧ ਹੁੰਦਾ ਹੈ। ਇਸ ਬਿਮਾਰੀ ਕਾਰਨ ਬੂਟਾ ਛੋਟਾ ਰਹਿ ਜਾਂਦਾ ਹੈ। ਰੋਗੀ ਬੂਟੇ ਨੂੰ ਫੁੱਲ ਅਤੇ ਡੋਡੀਆਂ ਵੀ ਘੱਟ ਲੱਗਦੀਆਂ ਹਨ ਅਤੇ ਝਾੜ ਵੀ ਘੱਟ ਜਾਂਦਾ ਹੈ। ਇਸ ਰੋਗ ਦੀਆਂ ਨਿਸ਼ਾਨੀਆਂ ਕਿਸਮ ਅਤੇ ਬੂਟੇ ਦੀ ਉਮਰ ਮੁਤਾਬਿਕ ਥੋੜਾ ਬਹੁਤ ਬਦਲ ਸਕਦੀਆਂ ਹਨ। ਇਸ ਵਿਸ਼ਾਣੂ ਬਿਮਾਰੀ ਕਾਰਨ ਪੱਤਿਆਂ ਦੀ ਨਾੜਾਂ ਮੋਟੀਆਂ ਹੋ ਜਾਂਦੀਆਂ ਹਨ (ਚਿੱਤਰ 1)। ਜ਼ਿਆਦਾ ਬਿਮਾਰੀ ਦੀ ਹਾਲਤ ਵਿੱਚ ਬੂਟੇ ਛੋਟੇ ਰਹਿ ਜਾਂਦੇ ਹਨ। ਪੱਤੇ ਉਪਰ ਵੱਲ ਨੂੰ ਮੁੜ ਜਾਂਦੇ ਹਨ ਅਤੇ ਕੋਲੀਆਂ/ਕੱਪਾਂ ਦੀ ਸ਼ਕਲ ਅਖਤਿਆਰ ਕਰ ਲੈਂਦੇ ਹਨ (ਚਿੱਤਰ 2)। ਪੱਤੇ ਦੇ ਹੇਠਲੇ ਪਾਸੇ ਪੱਤੀਆਂ ਨਿਕਲ ਆਉਂਦੀਆਂ ਹਨ (ਚਿੱਤਰ 3) ਰੋਗੀ ਬੂਟੇ ਨੂੰ ਫੁੱਲ ਅਤੇ ਡੋਡੀਆਂ ਵੀ ਘੱਟ ਲੱਗਦੀਆਂ ਹਨ ਅਤੇ ਝਾੜ ਵੀ ਘੱਟ ਜਾਂਦਾ ਹੈ ਅਤੇ ਰੇਸ਼ੇ ਉਪਰ ਵੀ ਮਾੜਾ ਅਸਰ ਪੈਂਦਾ ਹੈ।
ਪੱਤਾ ਮਰੋੜ ਰੋਗ ਬਿਮਾਰੀ ਦੇ ਵਧਣ ਦੇ ਕਈ ਕਾਰਨ ਹਨ ਜੋ ਹੇਠਾਂ ਦਿੱਤੇ ਅਨੁਸਾਰ ਹਨ:
ਬਿਜਾਈ ਦੇ ਸਮੇਂ ਦਾ ਪੱਤਾ ਮਰੋੜ ਰੋਗ ਤੇ ਪ੍ਰਭਾਵ: ਪੰਜਾਬ ਵਿੱਚ ਬਿਜਾਈ ਦਾ ਢੁੱਕਵਾਂ ਸਮਾਂ 1 ਅਪ੍ਰੈਲ ਤੋਂ 15 ਮਈ ਹੈ। ਇਸ ਸਮੇਂ ਦੌਰਾਨ ਬਿਜਾਈ ਕਰਨ ਨਾਲ ਝਾੜ ਵਧੇਰੇ ਮਿਲਦਾ ਹੈ ਅਤੇ ਫ਼ਸਲ ਉਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਪੰਜਾਬ ਦੇ ਦੱਖਣੀ ਪੱਛਮੀ ਖੇਤਰ ਦੇ ਜ਼ਿਲ੍ਹੇ ਦੇ ਕੁੱਝ ਭਾਗਾਂ ਵਿੱਚ ਸਮੇਂ ਸਿਰ ਨਹਿਰੀ ਪਾਣੀ ਮੁਹੱਈਆ ਨਾ ਹੋਣ ਦੇ ਕਾਰਨ ਪਛੇਤੀ ਬਿਜਾਈ ਕੀਤੀ ਜਾਂਦੀ ਹੈ। ਪੀ ਏ ਯੂ ਖੇਤਰੀ ਕੇਂਦਰ ਬਠਿੰਡਾ ਦੇ ਤਜ਼ਰਬੇ ਵਿਚ ਦੇਖਣ ਵਿੱਚ ਆਇਆ ਹੈ ਕਿ ਪਿਛੇਤੀ ਬਿਜਾਈ ਦੇ ਦੌਰਾਨ ਜ਼ਿਆਦਾ ਬੂਟਿਆਂ ਨੂੰ ਪੱਤਾ ਮਰੋੜ ਰੋਗ ਲੱਗਦਾ ਹੈ ਅਤੇ ਇਸ ਬਿਮਾਰੀ ਦਾ ਪ੍ਰਕੋਪ ਵੀ ਵੱਧ ਹੁੰਦਾ ਹੈ। ਪਿਛੇਤੀ ਬਿਜਾਈ ਨਾਲ 30-40 ਪ੍ਰਤੀਸ਼ਤ ਝਾੜ ਸਮੇਂ ਸਿਰ ਬਿਜਾਈ ਨਾਲੋਂ ਘੱਟ ਆਉਂਦਾ ਹੈ। ਪੱਤਾ ਮਰੋੜ ਰੋਗ ਦੇ ਨਾਲ ਨਰਮੇ ਕਪਾਹ ਦੀ ਕੁਆਲਿਟੀ ਉਪਰ ਵੀ ਮਾੜਾ ਅਸਰ ਪੈਂਦਾ ਹੈ।
ਬੀ ਟੀ ਨਰਮੇ ਦੀਆਂ ਦੋਗਲੀਆਂ ਕਿਸਮਾਂ ਦੀ ਚੋਣ ਦਾ ਪੱਤਾ ਮਰੋੜ ਰੋਗ ਤੇ ਪ੍ਰਭਾਵ: ਕੋਈ ਵੀ ਬੀ ਟੀ ਨਰਮੇ ਦੀ ਦੋਗਲੀਆਂ ਕਿਸਮਾਂ ਵਿੱਚ ਪੱਤਾ ਮਰੋੜ ਬਿਮਾਰੀ ਵਾਸਤੇ ਪ੍ਰਤੀਰੋਧਕਤਾ ਨਹੀਂ ਹੈ। ਕਈ ਵਾਰ ਬੀ ਟੀ ਨਰਮੇ ਦੀ ਦੋਗਲੀਆਂ ਕਿਸਮ ਦੀ ਗਲਤ ਚੋਣ ਪੱਤਾ ਮਰੋੜ ਬਿਮਾਰੀ ਦੀ ਗੰਭੀਰਤਾ ਦਾ ਕਾਰਨ ਬਣਦੀ ਹੈ। ਇਸ ਕਾਰਨ ਨਰਮਾ ਪੱਟੀ ਦੇ ਕਿਸਾਨਾਂ ਦਾ ਵਧੇਰੇ ਨੁਕਸਾਨ ਹੋਇਆ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਛੇ ਸਥਾਨਾਂ ਉਪਰ ਹਰ ਸਾਲ ਕੀਤੇ ਖੋਜ ਤਜ਼ਰਬਿਆਂ ਦੇ ਅਧਾਰ ਤੇ ਕਿਸਾਨਾਂ ਵਾਸਤੇ ਪੀ.ਏ.ਯੀ., ਲੁਧਿਆਣਾ ਵੱਲੋਂ ਬੀ ਟੀ ਨਰਮੇ ਦੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜੋ ਕਿ ਪੱਤਾ ਮਰੋੜ ਰੋਗ ਨੂੰ ਘਟਾਉਣ ਵਿੱਚ ਸਹਾਇਕ ਹਨ।
ਹੋਰ ਕਾਰਨ: ਹੋਰ ਮਹੱਤਵਪੂਰਣ ਕਾਰਨਾਂ ਵਿੱਚੋਂ ਨਰਮੇ ਨੂੰ ਨਿੰਬੂ ਜਾਤੀ ਦੇ ਬਾਗਾਂ ਵਿੱਚ ਅਤੇ ਭਿੰਡੀ ਦੇ ਨੇੜੇ ਬੀਜਣਾ ਹੈ। ਇਸ ਤੋਂ ਇਲਾਵਾ ਇਹ ਰੋਗ ਬਹੁਤ ਸਾਰੇ ਨਦੀਨਾਂ ਜਿਵੇਂ ਕਿ ਪੀਲੀ ਬੂਟੀ, ਕੰਘੀ ਬੂਟੀ ਆਦਿ ਤੇ ਵੀ ਪਾਇਆ ਜਾਂਦਾ ਹੈ।
ਚਿੱਟੀ ਮੱਖੀ ਅਤੇ ਪੱਤਾ ਮਰੋੜ ਰੋਗ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦਿੱਤੀ ਕਾਰਜਨੀਤੀ ਅਪਣਾਓ
ਪੱਤਾ ਮਰੋੜ ਰੋਗ ਤੋਂ ਬਚਣ ਦੇ ਲਈ ਨਰਮੇ ਦੇ ਖੇਤਾਂ ਦਾ ਸ਼ੁਰੂਆਤੀ ਤੌਰ ਤੇ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। ਬਾਅਦ ਵਿੱਚ ਇਸ ਦੀ ਰੋਕਥਾਮ ਸੰਭਵ ਨਹੀਂ ਹੈ। ਪੀ.ਏ.ਯੂ. ਦੁਆਰਾ ਸਿਫਾਰਸ਼ ਕੀਤੇ ਸਮੇਂ ਅਨੁਸਾਰ 1 ਅਪ੍ਰੈਲ ਤੋਂ 15 ਮਈ ਤੱਕ ਨਰਮੇ ਅਤੇ ਕਪਾਹ ਦੀ ਬਿਜਾਈ ਪ੍ਰਤੀ ਕਰ ਲੈਣੀ ਚਾਹੀਦੀ ਹੈ। ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਗਈ ਦੇਸੀ ਕਪਾਹ ਦੀ ਕਿਸਮ (ਐਲ ਡੀ 1019, ਐਲ ਡੀ 949 ਅਤੇ ਐਫ ਡੀ ਕੇ 124) ਦੀ ਕਾਸ਼ਤ ਕਰਨੀ ਚਾਹੀਦੀ ਹੈ। ਕਿਉਂਕਿ ਦੇਸੀ ਕਪਾਹ ਨੂੰ ਪੱਤਾ ਮਰੋੜ ਬਿਮਾਰੀ ਨਹੀਂ ਲੱਗਦੀ ਹੈ। ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਨਰਮੇ ਦੀਆਂ ਬੀ ਟੀ ਅਤੇ ਗੈਰ ਬੀ ਟੀ ਕਿਸਮਾਂ ਬੀਜਣੀਆ ਚਾਹੀਦੀਆਂ ਹਨ। ਨਰਮੇ ਨੂੰ ਨਿੰਬੂ ਜਾਤੀ ਦੇ ਬਾਗਾਂ ਵਿੱਚ ਅਤੇ ਭਿੰਡੀ ਦੇ ਖੇਤਾਂ ਨੇੜੇ ਨਹੀਂ ਬੀਜਣਾ ਚਾਹੀਦਾ। ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲ਼ਿਆਂ ਦੀ ਵੱਟਾਂ ਅਤੇ ਬੇਕਾਰ ਪਈਆਂ ਥਾਂਵਾਂ ਵਿੱਚੋਂ ਚਿੱਟੀ ਮੱਖੀ ਅਤੇ ਪੱਤਾ ਮਰੋੜ ਬਿਮਾਰੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਧਤੂਰਾ ਅਤੇ ਭੰਗ ਆਦਿ ਨੂੰ ਨਸ਼ਟ ਕਰੋ।
ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਖੀਰਾ, ਚੱਪਣ ਕੱਦੂ, ਤਰ, ਆਲੂ, ਟਮਾਟਰ, ਮਿਰਚਾਂ, ਮੂੰਗੀ, ਆਦਿ 'ਤੇ ਵੀ ਪਾਇਆ ਜਾਂਦਾ ਹੈ। ਇਸ ਵਾਸਤੇ ਇਨ੍ਹਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਕਰੋ।
ਨਰਮੇ ਉਪਰ ਚਿੱਟੀ ਮੱਖੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ।
ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਇਸ ਨਾਲ ਕੀੜੇ-ਮਕੌੜੇ ਵੱਧ ਹਮਲਾ ਕਰਦੇ ਹਨ। ਸਿੰਚਾਈ ਲੋੜ ਮੁਤਾਬਿਕ ਹੀ ਕਰੋ ਅਤੇ ਆਲਾ ਦੁਆਲਾ ਸਾਫ ਰੱਖੋ ਤਾਂ ਜੋ ਚਿੱਟੀ ਮੱਖੀ ਦਾ ਹਮਲਾ ਜਲਦੀ ਨਾ ਹੋਵੇ।
ਨਰਮੇ ਕਪਾਹ ਦਾ ਜ਼ਿਆਦਾ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (13:0:45) ਦੇ ਚਾਰ ਛਿੜਕਾਅ ਇੱਕ-ਇੱਕ ਹਫਤੇ ਦੇ ਵਕਫ਼ੇ ਤੇ ਕਰੋ ਅਤੇ ਪਹਿਲਾ ਛਿੜਕਾਅ ਫੁੱਲ ਆਉਣ ਤੇ ਕਰੋ।
ਘੱਟ ਲਾਗਤ ਵਾਲੇ ਪੀਲੇ ਕਾਰਡ 40 ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿੱਚ ਲਗਾਓ ਜੋ ਕਿ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਵਿੱਚ ਸਹਾਇਕ ਹਨ।
ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ।
ਚਿੱਟੀ ਮੱਖੀ ਦੇ ਹਮਲੇ ਹੋਣ ਤੇ ਸ਼ੁਰੂਆਤੀ ਅਵਸਥਾ ਵਿੱਚ ਇੱਕ ਤੋਂ ਦੋ ਸਪਰੇਅ ਪੀ ਏ ਯੂ ਦੁਆਰਾ ਤਿਆਰ ਕੀਤੇ ਡਭਜ਼ਾ ਦੇ ਣ'ਬ ਦਕ 1200 ਡਾਬਹਡਬਂੋ ਜਾਂ ਨਿੰਬੀਸੀਡੀਨ ਜਾਂ ਅਚੂਕ ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਲਈ ਸੁਰੱਖਿਅਤ ਹਨ।
ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 200 ਗ੍ਰਾਮ ਪੋਲੋ/ਰੂਬੀ/ਕਰੇਜ਼/ਲੂਡੋ/ਸ਼ੋਕੂ 50 ਡਬਲਯੂ ਪੀ (ਡਾਇਆਫੈਨਥੀਯੂਰੋਨ) ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫ਼ੂਰਾਨ) ਜਾਂ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡ ਮਿਟ 50 ਈ ਸੀ (ਈਥੀਆਨ) ਦਾ ਛਿੜਕਾਅ ਕਰੋ।
ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ ਸੀ (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ਼ 22.9 ਐਸ ਸੀ (ਸਪੈਰੋਮੈਸੀਫਿਨ) ਦਾ ਛਿੜਕਾਅ ਕਰੋ।
ਸਿਫਾਰਸ਼ ਕੀਤੀਆਂ ਕੀੜੇਮਾਰ ਜ਼ਹਿਰਾਂ ਸਹੀ ਸਮੇਂ ਤੇ ਸਹੀ ਮਾਤਰਾ ਵਿੱਚ ਹੀ ਵਰਤੋ। ਇਸ ਦੀ ਅਸਰਦਾਰ ਰੋਕਥਾਮ ਲਈ ਬੂਟੇ ਦੇ ਉਪਰ ਤੋਂ ਹੇਠਾਂ ਤੱਕ ਸਾਰੇ ਪੱਤਿਆਂ ਤੇ ਛਿੜਕਾਅ ਪਹੁੰਚਣਾ ਬਹੁਤ ਜ਼ਰੂਰੀ ਹੈ।
ਕੀੜਿਆਂ ਦੀ ਰੋਕਥਾਮ ਲਈ ਸਿਫਾਰਸ਼ ਕੀਤੀਆਂ ਗਈਆਂ ਕੀਟਨਾਸ਼ਕਾਂ ਦਾ ਛਿੜਕਾਅ 125-150 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਮਿਲਾ ਕੇ ਨੈਪਸੈਕ ਪੰਪ ਨਾਲ ਕਰੋ।
ਕੀਟਨਾਸ਼ਕਾਂ ਦੇ ਮਿਸ਼ਰਣ (ਆਪ ਬਣਾਕੇ ਜਾਂ ਬਣੇ ਬਣਾਏ) ਦਾ ਛਿੜਕਾਅ ਬਿਲਕੁਲ ਨਾ ਕਰੋ।
ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ ਸਿੰਥੈਟਿਕ ਪਰਿਥਰਾਇਡ ਕੀਟਨਾਸ਼ਕਾਂ (ਸਾਈਪਰਮੈਥਰਿਨ, ਫੈਨਵਲਰੇਟ, ਡੈਲਟਾਮੈਥਰਿਨ), ਐਸੀਫੇਟ, ਐਸੀਟੀਮਾਪਰਿਡ, ਆਦਿ ਦੀ ਵਰਤੋਂ ਬਿਲਕੁਲ ਨਾ ਕਰੋ।
ਫੁੱਲ ਅਤੇ ਟੀਂਡੇ ਪੈਣ ਤੇ ਪੌਦੇ ਨੂੰ ਸੋਕਾ ਨਾ ਲੱਗਣ ਦਿਓ।
ਇੱਕੋ ਕੀਟਨਾਸ਼ਕ ਅਤੇ ਇੱਕੋ ਗਰੁੱਪ ਦੀਆਂ ਜ਼ਹਿਰਾਂ ਦਾ ਲਗਾਤਾਰ ਛਿੜਕਾਅ ਨਾ ਕਰੋ।
ਬੈਂਗਣ ਦੀ ਫਸਲ ਪੱਕਣ ਤੋਂ ਬਾਅਦ ਖੇਤ ਵਿੱਚੋਂ ਪੁੱਟ ਕੇ ਨਸ਼ਟ ਕਰ ਦਿਓ।
ਛਿੜਕਾਅ ਹਮੇਸ਼ਾਂ ਦੁਪਿਹਰ 12 ਵਜੇ ਤੋਂ ਪਹਿਲਾਂ ਜਾਂ ਸ਼ਾਮ ਵੇਲੇ ਕਰੋ।
ਜੇਕਰ ਪਿੰਡ ਪੱਧਰ ਤੇ ਇੱਕੋ ਸਮੇਂ ਕੀਟਨਾਸ਼ਕ ਦਾ ਛਿੜਕਾਅ ਕਰਨਾ ਸੰਭਵ ਹੋ ਸਕਦਾ ਹੈ ਤਾਂ ਚਿੱਟੀ ਮੱਖੀ ਦੀ ਰੋਕਥਾਮ ਜ਼ਿਆਦਾ ਅਸਰਦਾਰ ਸਾਬਤ ਹੋ ਸਕਦੀ ਹੈ।
ਰੁਪੇਸ਼ ਕੁਮਾਰ ਅਰੋੜਾ: 96466-87131
ਰੁਪੇਸ਼ ਕੁਮਾਰ ਅਰੋੜਾ, ਅਮਰਜੀਤ ਸਿੰਘ ਅਤੇ ਵਿਜੈ ਕੁਮਾਰ
ਖੇਤਰੀ ਖੋਜ ਕੇਂਦਰ, ਬਠਿੰਡਾ
Summary in English: Smooth prevention of whitefly and leaf wilt diseases in cotton