Tomato Crop: ਟਮਾਟਰ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ। ਇਸ ਵਿੱਚ ਵਿਟਾਮਿਨ ਸੀ ਦੀ ਕਾਫੀ ਮਾਤਰਾ ਤੋਂ ਇਲਾਵਾ ਵਿਟਾਮਿਨ ਏ ਅਤੇ ਵਿਟਾਮਿਨ ਬੀ ਵੀ ਹੁੰਦਾ ਹੈ। ਇਸ ਦੀ ਵਰਤੋਂ ਸਲਾਦ ਲਈ, ਸਬਜ਼ੀ ਭਾਜੀ ਨੂੰ ਤੜਕਾ ਲਾਉਣ ਲਈ, ਰਸ ਵਾਸਤੇ ਅਤੇ ਚਟਨੀ ਬਨਾਉਣ ਆਦਿ ਲਈ ਕੀਤੀ ਜਾਂਦੀ ਹੈ।
ਬਰਸਾਤ ਰੁੱਤ ਵਿੱਚ ਟਮਾਟਰ ਦੀ ਕਾਸ਼ਤ ਘੱਟ ਪ੍ਰਚਲਤ ਹੈ ਕਿੳਂਕਿ ਇਸ ਮੋਸਮ ਵਿੱਚ ਵਿਸ਼ਾਣੂੰ ਰੋਗ ਅਤੇ ਪੱਤਾ ਲਪੇਟ ਵਾਇਰਸ ਦਾ ਕਾਫੀ ਹਮਲਾ ਹੁੰਦਾ ਹੈ। ਪਰ ਉੱਨਤ ਤਕਨੀਕ ਅਤੇ ਸਹੀ ਕਿਸਮ ਦੀ ਚੋਣ ਨਾਲ ਟਮਾਟਰ ਬਰਸਾਤ ਰੁੱਤ ਵਿੱਚ ਵੀ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ, ਆਓ ਜਾਣਦੇ ਹਾਂ ਕਿਵੇਂ?
ਬਰਸਾਤ ਰੁੱਤ ਵਿੱਚ ਟਮਾਟਰਾਂ ਦੀ ਬਿਜਾਈ ਜੁਲਾਈ ਦੇ ਦੂਸਰੇ ਪੰਦਰ੍ਹਵਾੜੇ ਵਿੱਚ ਕਰੋ ਅਤੇ ਅਗਸਤ ਦੇ ਦੂਜੇ ਪੰਦਰਵਾੜ੍ਹੇ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਉ ਅਤੇ ਇੱਕ ਥਾਂ ਪਨੀਰੀ ਦੇ ਦੋ ਬੂਟੇ ਲਾਉ। ਜੇਕਰ ਕਿਸਾਨ ਵੀਰ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿਚ ਰੱਖਣ ਤਾਂ ਟਮਾਟਰ ਦੀ ਸਫਲ ਕਾਸ਼ਤ ਕਰ ਸਕਦੇ ਹਨ।ਬਰਸਾਤ ਰੁੱਤ ਵਿੱਚ ਟਮਾਟਰ ਦੀ ਸਫਲ ਕਾਸ਼ਤ ਲਈ ਉੱਨਤ ਕਿਸਮਾਂ ਹਨ:
1. ਪੰਜਾਬ ਵਰਖਾ ਬਹਾਰ-1: ਇਸ ਦੇ ਫ਼ਲ ਗੋਲ ਅਤੇ ਦਰਮਿਆਨੇ ਸਖਤ ਹੁੰਦੇ ਹਨ। ਇਸ ਕਿਸਮ ਦੇ ਫ਼ਲ 90 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਹ ਕਿਸਮ ਕਾਫ਼ੀ ਹੱਦ ਤੱਕ ਵਿਸ਼ਾਣੂੰ ਰੋਗ ਜਿਵੇਂ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ, ਜਿਸ ਕਰਕੇ ਇਹ ਕਿਸਮ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਢੁੱਕਵੀਂ ਹੈ। ਇਸ ਦੀ ਔਸਤ ਪੈਦਾਵਾਰ 215 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
2. ਪੰਜਾਬ ਵਰਖਾ ਬਹਾਰ-2: ਇਸ ਦੇ ਫ਼ਲ ਗੋਲ ਅਤ ਦਰਮਿਆਨੇ ਸਖਤ ਹੁੰਦੇ ਹਨ। ਇਸ ਕਿਸਮ ਦੇ ਫ਼ਲ 100 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਹ ਕਿਸਮ ਕਾਫ਼ੀ ਹੱਦ ਤੱਕ ਵਿਸ਼ਾਣੂੰ ਰੋਗ ਜਿਵੇਂ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ, ਜਿਸ ਕਰਕੇ ਇਹ ਕਿਸਮ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਢੁਕਵੀਂ ਹੈ। ਇਸ ਦੀ ਔਸਤ ਪੈਦਾਵਾਰ 216 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
3. ਪੰਜਾਬ ਵਰਖਾ ਬਹਾਰ-4: ਇਸ ਦੇ ਫ਼ਲ ਗੋਲ ਸਖ਼ਤ ਅਤੇ ਗੂੜ੍ਹੇ ਲਾਲ ਰੰਗ ਦੇ ਹੁੰਦੇ ਹਨ। ਜਿਸਦਾ ਔਸਤਨ ਭਾਰ 90 ਗ੍ਰਾਮ ਹੁੰਦਾ ਹੈ। ਇਸ ਕਿਸਮ ਦੇ ਫ਼ਲ 88 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਹ ਕਿਸਮ ਵਿਸ਼ਾਣੂੰ ਰੋਗ ਜਿਵੇਂ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ ਜਿਸ ਕਰਕੇ ਇਹ ਕਿਸਮ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਢੁੱਕਵੀਂ ਹੈ ।ਇਸ ਦਾ ਔਸਤਨ ਝਾੜ 245 ਕੁਇੰਟਲ ਪ੍ਰਤੀ ਏਕੜ ਹੈ।
ਇਹ ਵੀ ਪੜ੍ਹੋ: Onion Cultivation: ਪਿਆਜ਼ ਦੀ ਸਫਲ ਕਾਸ਼ਤ ਲਈ ਵਰਤੋਂ ਇਹ ਅਨੋਖੀ ਖਾਦ, ਮਿਹਨਤ ਘੱਟ - ਝਾੜ ਵੱਧ, ਜਾਣੋ ਸਹੀ ਦੇਖਭਾਲ ਅਤੇ ਤਕਨੀਕ ਦੀ ਇਹ ਪੂਰੀ ਪ੍ਰਕਿਰਿਆ
ਮੁੱਖ ਕੀੜੇ ਅਤੇ ਉਹਨਾਂ ਦੀ ਰੋਕਥਾਮ:
1. ਚੇਪਾ ਅਤੇ ਚਿੱਟੀ ਮੱਖੀ: ਚੇਪਾ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥੀਆਨ 50 ਈ ਸੀ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਫ਼ਲ ਪੈਣ ਤੋਂ ਪਹਿਲਾਂ ਛਿੜਕੋ।
2. ਫ਼ਲ ਦਾ ਗੜੂੰਆਂ: ਇਸ ਦੀਆਂ ਸੁੰਡੀਆਂ ਫ਼ਲ ਵਿਚ ਛੇਕ ਕਰਕੇ ਫ਼ਲ ਨਸ਼ਟ ਕਰ ਦਿੰਦੀਆਂ ਹਨ। ਇਸ ਦੀ ਰੋਕਥਾਮ ਲਈ 60 ਮਿਲੀਲਿਟਰ ਕੋਰਾਜਨ 18.5 ਐਸ ਸੀ, 200 ਮਿਲੀਲਿਟਰ ਇੰਡੋਕਸਾਕਾਰਬ 14.5 ਐਸ ਸੀ ਜਾਂ 30 ਮਿਲੀਲਿਟਰ ਫੇਮ 480 ਐਸ ਐਲ ਫ਼ਸਲ ਤੇ ਫੁੱਲ ਆਉਣ ਸਾਰ ਹੀ ਪ੍ਰਤੀ ਏਕੜ 100 ਲਿਟਰ ਪਾਣੀ ਵਿਚ ਘੋਲ ਕੇ ਤਿੰਨ ਛਿੜਕਾਅ 2 ਹਫ਼ਤਿਆਂ ਦੇ ਫ਼ਰਕ ਨਾਲ ਕਰੋ।
ਮੁੱਖ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:
1. ਪਿਛੇਤਾ ਝੁਲਸ ਰੋਗ: ਪਾਣੀ ਭਿੱਜੇ ਗੂੜ੍ਹੇ ਧੱਬੇ ਪੱਤਿਆਂ ਅਤੇ ਤਣੇ ਉੱਤੇ ਪੈ ਜਾਂਦੇ ਹਨ ।ਪਨੀਰੀ ਨੂੰ ਖੇਤਾਂ ਵਿਚ ਲਾਉਣ ਪਿਛੋਂ 10 ਤੋਂ 15 ਦਿਨਾਂ ਦੀ ਵਿੱਥ ਤੇ 600 ਗ੍ਰਾਮ ਇੰਡੋਫਿਲ ਐਮ 45 ਦਵਾਈ ਪ੍ਰਤੀ ਏਕੜ ਛਿੜਕੋ। ਛਿੜਕਾਅ ਵਿਚ ਵਕਫਾ 7 ਦਿਨ, ਬਿਮਾਰੀ ਦੇ ਹੱਲੇ ਮੁਤਾਬਿਕ ਕੀਤਾ ਜਾ ਸਕਦਾ ਹੈ।
2. ਉਖੇੜਾ ਰੋਗ: ਇਸ ਰੋਗ ਕਾਰਨ ਨਰਸਰੀ ਵਿਚ ਪੌਦੇ ਉੱਗਣ ਤੋਂ ਪਹਿਲਾਂ ਜਾਂ ਪਿਛੋਂ ਮਰ ਜਾਂਦੇ ਹਨ। ਇਸ ਦੀ ਰੋਕਥਾਮ ਲਈ ਬੀਜ ਨੂੰ ਕੈਪਟਾਨ (3 ਗ੍ਰਾਮ ਪ੍ਰਤੀ ਕਿਲੋ ਬੀਜ) ਨਾਲ ਸੋਧ ਕੇ ਬੀਜੋ ।ਪਨੀਰੀ ਵਾਲੀਆਂ ਕਿਆਰੀਆਂ ਨੂੰ ਪਨੀਰੀ ਉੱਗਣ ਤੋਂ 5-7 ਦਿਨਾਂ ਪਿਛੋਂ ਕੈਪਟਾਨ (400 ਗ੍ਰਾਮ ਦਵਾਈ 100 ਲਿਟਰ ਪਾਣੀ ਵਿਚ) ਨਾਲ ਗੜੁੱਚ ਕਰ ਲਓ। ਜੇ ਲੋੜ ਪਵੇ ਤਾਂ 7-10 ਦਿਨਾਂ ਪਿਛੋਂ ਏਸੇ ਤਰ੍ਹਾਂ ਫਿਰ ਕਰੋ।
3.ਠੂਠੀ ਰੋਗ: ਇਸ ਵਿਸ਼ਾਣੂੰ ਰੋਗ ਨਾਲ ਪੱਤੇ ਥੱਲੇ ਨੂੰ ਮੁੜ ਜਾਂਦੇ ਹਨ ਅਤੇ ਗੂੜ੍ਹੇ ਹਰੇ ਰੰਗ ਦੇ ਹੋ ਜਾਂਦੇ ਹਨ। ਨਾੜੀਆਂ ਫੁੱਲ ਜਾਂਦੀਆਂ ਹਨ। ਪੌਦੇ ਝਾੜੀ ਜਿਹੇ ਬਣ ਜਾਂਦੇ ਹਨ, ਫ਼ਲ ਅਤੇ ਫੁੱਲ ਬਹੁਤ ਘੱਟ ਲੱਗਦੇ ਹਨ । ਇਹ ਰੋਗ ਚਿੱਟੀ ਮੱਖੀ ਰਾਹੀਂ ਫੈਲਦਾ ਹੈ ।ਇਸ ਦੀ ਰੋਕਥਾਮ ਲਈ ਇਸ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਪੰਜਾਬ ਵਰਖਾ ਬਹਾਰ-4, ਪੰਜਾਬ ਵਰਖਾ ਬਹਾਰ-2 ਅਤੇ ਪੰਜਾਬ ਵਰਖਾ ਬਹਾਰ-1 ਨੂੰ ਉਗਾਉ। ਰੋਗੀ ਪੌਦੇ ਪੁੱਟ ਕੇ ਸਾੜ ਦੇਣੇ ਚਾਹੀਦੇ ਹਨ।
4.ਚਿਤਕਬਰਾ ਰੋਗ: ਪੱਤਿਆਂ ਤੇ ਗੂੜ੍ਹੇ ਹਰੇ ਅਤੇ ਹਲਕੇ ਰੰਗ ਦੇ ਉਭਰੇ ਚਟਾਖ਼ ਪੈ ਜਾਂਦੇ ਹਨ। ਪੱਤੇ ਛੋਟੇ ਅਤੇ ਬੇਢਵੇ ਹੋ ਜਾਂਦੇ ਹਨ। ਇਹ ਵਿਸ਼ਾਣੂੰ ਰੋਗ ਬੀਜ ਅਤੇ ਤੇਲੇ ਰਾਹੀਂ ਫੈਲਦਾ ਹੈ। ਇਸ ਦੀ ਰੋਕਥਾਮ ਲਈ ਬੀਜ ਰੋਗ ਰਹਿਤ ਫ਼ਸਲ ਤੋਂ ਲੈ ਕੇ ਬੀਜਣਾ ਚਾਹੀਦਾ ਹੈ। ਤੇਲੇ ਦੀ ਰੋਕਥਾਮ ਲਈ ਸਿਫ਼ਾਰਿਸ਼ ਕੀਤੇ ਕੀਟਨਾਸ਼ਕਾਂ ਨੂੰ 10 ਦਿਨਾਂ ਦੇ ਵਕਫ਼ੇ ਤੇ ਛਿੜਕੋ।
5.ਜੜ੍ਹ-ਗੰਢ ਨੀਮਾਟੋਡ: ਇਸ ਰੋਗ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਫ਼ਸਲ ਦਾ ਵਾਧਾ ਰੁੱਕ ਜਾਂਦਾ ਹੈ । ਜੜ੍ਹਾਂ ਉਤੇ ਗੰਢਾਂ ਪੈ ਜਾਂਦੀਆਂ ਹਨ। ਪਨੀਰੀ ਵਾਲੇ ਪੌਦਿਆਂ ਤੇ ਵੀ ਅਸਰ ਹੁੰਦਾ ਹੈ । ਇਸ ਬਿਮਾਰੀ ਦੇ ਕੀਟਾਣੂੰ (ਨੀਮਾਟੋਡ) ਕਾਫ਼ੀ ਸਮੇਂ ਤੱਕ ਮਿੱਟੀ ਵਿਚ ਜਿਉਂਦੇ ਰਹਿੰਦੇ ਹਨ ।ਰੋਕਥਾਮ ਲਈ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਵਾਲੀ ਥਾਂ ਨੂੰ ਭਰਵਾਂ ਪਾਣੀ ਲਾ ਕੇ ਪਲਾਸਟਿਕ ਦੀ ਚਾਦਰ (50 ਮਾਇਕਰੋਨ) ਨਾਲ ਮਈ-ਜੂਨ ਦੇ ਮਹੀਨੇ ਵਿੱਚ ਚੰਗੀ ਤਰ੍ਹਾਂ ਢੱਕ ਕੇ 40 ਦਿਨਾਂ ਵਾਸਤੇ ਧੁੱਪ ਲਗਾਓ।ਤੋਰੀਆ ਜਾਂ ਤਾਰੇਮੀਰੇ ਦੀ 40 ਦਿਨਾਂ ਦੀ ਫ਼ਸਲ ਪਨੀਰੀ ਵਾਲੀਆਂ ਕਿਆਰੀਆਂ ਵਿੱਚ ਬਿਜਾਈ ਤੋਂ 10 ਦਿਨ ਪਹਿਲਾਂ ਵਾਹ ਦਿਓ ਅਤੇ 3-4 ਵਾਰੀ ਵਾਹ ਕੇ ਪਨੀਰੀ ਬੀਜਣ ਲਈ ਕਿਆਰੀਆਂ ਬਣਾਓ।ਜੜ੍ਹ-ਗੰਢ ਨੀਮਾਟੋਡ ਨਾਲ ਪ੍ਰਭਾਵਿਤ ਖੇਤਾਂ ਵਿੱਚ ਸਣ ਦੀ 50 ਦਿਨਾਂ ਦੀ ਫ਼ਸਲ ਜਾਂ ਗੇਂਦੇ ਦੀ 60 ਦਿਨਾਂ ਦੀ ਫ਼ਸਲ ਨੂੰ ਹਰੀ ਖਾਦ ਲਈ ਵਰਤੋਂ। ਜੜ੍ਹ-ਗੰਢ ਨੀਮਾਟੋਡ ਨਾਲ ਪ੍ਰਭਾਵਿਤ ਖੇਤਾਂ ਵਿੱਚ ਢੈਚਾਂ ਦੀ ਹਰੀ ਖਾਦ ਨਹੀਂ ਕਰਨੀ ਚਾਹੀਦੀ।
ਸਰੋਤ: ਅਜੈ ਕੁਮਾਰ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ
Summary in English: Successful cultivation of tomatoes in rainy season, prevent pests and diseases in this way