Paddy Sowing: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਚਲਾਈ ਗਈ ਮੁਹਿੰਮ ਦੌਰਾਨ ਪਿੰਡ ਦੀਵਾਨਗੜ੍ਹ ਕੈਂਪਰ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਨਾਲ ਹੀ ਝੋਨੇ ਦੀ ਪੀ ਆਰ 126 ਕਿਸਮ ਦੀ ਤਰ-ਵੱਤਰ ਸਿੱਧੀ ਬਿਜਾਈ ਦਾ ਸਫਲ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਝੋਨੇ ਦੀ ਤਰ-ਵੱਤਰ ਸਿੱਧੀ ਬਿਜਾਈ ਪਾਣੀ ਦੀ ਬੱਚਤ ਕਰਨ ਲਈ ਇੱਕ ਲਾਹੇਵੰਦ ਤਕਨੀਕ ਹੈ।
10-20% ਤੱਕ ਪਾਣੀ ਦੀ ਬੱਚਤ
ਡਾ. ਮਨਦੀਪ ਸਿੰਘ ਨੇ ਕਿਹਾ ਕਿ ਇਸ ਤਕਨੀਕ ਦੀ ਵਰਤੋਂ ਨਾਲ 10-20% ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿਧੀ ਨਾਲ ਜ਼ਮੀਨ ਵਿੱਚ 10-12% ਵੱਧ ਪਾਣੀ ਰੀਚਾਰਜ਼ ਹੁੰਦਾ ਹੈ ਅਤੇ ਅਗਲੀ ਕਣਕ ਦੀ ਫਸਲ ਦਾ ਪ੍ਰਤੀ ਏਕੜ ਇੱਕ ਕੁਇੰਟਲ ਤੱਕ ਝਾੜ ਵੱਧ ਨਿਕਲਦਾ ਹੈ।
ਬਿਜਾਈ ਦਾ ਢੁਕਵਾਂ ਸਮਾਂ
ਉਹਨਾਂ ਕਿਹਾ ਕਿ ਪਰਮਲ ਝੋਨੇ ਦੀਆਂ ਕਿਸਮਾਂ ਦੀ ਸਿੱਧੀ ਬਿਜਾਈ ਦਾ ਢੁਕਵਾਂ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਅਤੇ ਬਾਸਮਤੀ ਕਿਸਮਾਂ ਦੀ ਸਿੱਧੀ ਬਿਜਾਈ ਦਾ ਢੁਕਵਾਂ ਸਮਾਂ ਜੂਨ ਦਾ ਦੂਜਾ ਪੰਦਰਵਾੜਾ ਹੈ।
ਭਾਰੀਆਂ ਜ਼ਮੀਨਾਂ ਦੀ ਸਿਫਾਰਸ਼
ਡਾ. ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਹਨਾਂ ਸਿੱਧੀ ਬਿਜਾਈ ਲਈ ਲੇਜ਼ਰ ਲੈਵਲਿੰਗ, ਢੁੱਕਵੀਆਂ ਕਿਸਮਾਂ, ਬੀਜ ਦੀ ਸੋਧ, ਸੁਚੱਜੇ ਨਦੀਨ, ਸਿੰਚਾਈ ਅਤੇ ਖਾਦ ਪ੍ਰਬੰਧ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ : PAU Experts ਵੱਲੋਂ ਝੋਨਾ 20 ਜੂਨ ਤੋਂ ਬਾਅਦ ਲਾਉਣ ਦੀ ਅਪੀਲ, ਕਿਹਾ- ਬੇਲੋੜੀ ਅਤੇ ਬੇਵਕਤੀ Fertilizers ਦੀ ਵਰਤੋਂ ਤੋਂ ਗੁਰੇਜ਼ ਕਰੋ
ਡਾ. ਸੁਨੀਲ ਕੁਮਾਰ ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਸਿੱਧੀ ਬਿਜਾਈ ਲਈ ਖੇਤ ਦੀ ਤਿਆਰੀ ਅਤੇ ਲੱਕੀ ਸੀਡ ਡਰਿੱਲ ਦੀ ਸੈਟਿੰਗ ਅਤੇ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਸਮੁੱਚੀ ਟੀਮ ਦੀ ਅਗਵਾਈ ਵਿੱਚ ਝੋਨੇ ਦੀ ਤਰ- ਵੱਤਰ ਖੇਤ ਵਿੱਚ ਸਿੱਧੀ ਬਿਜਾਈ ਦੀ ਪ੍ਰਦਰਸ਼ਨੀ ਲਗਾਈ ਗਈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: 10 to 20% of water is saved by using this technology: Dr. Mandeep Singh