Sunflower Field Day: ਪੀ.ਏ.ਯੂ. ਦੇ ਖੋਜ ਫਾਰਮਾਂ ਵਿਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਤੇਲਬੀਜ ਸੈਕਸ਼ਨ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਤੇਲਬੀਜ ਖੋਜ ਸੰਸਥਾਨ ਹੈਦਰਾਬਾਦ ਦੇ ਸਹਿਯੋਗ ਨਾਲ ਸੂਰਜਮੁਖੀ ਬਾਰੇ ਖੇਤ ਦਿਵਸ ਆਯੋਜਿਤ ਕੀਤਾ ਗਿਆ। ਇਸ ਵਿੱਚ ਸੂਬਿਆਂ ਦੀਆਂ ਖੇਤ ਯੂਨੀਵਰਸਿਟੀਆਂ ਅਤੇ ਨਿੱਜੀ ਬੀਜ ਕੰਪਨੀਆਂ ਦੇ ਨਾਲ-ਨਾਲ ਕੇ.ਵੀ.ਕੇ ਦੇ ਵਿਗਿਆਨੀਆਂ ਅਤੇ ਹੋਰ ਸਹਿਯੋਗੀਆਂ ਵੱਲੋਂ ਵਿਕਸਿਤ ਕੀਤੇ ਸੂਰਜਮੁਖੀ ਦੇ 36 ਹਾਈਬ੍ਰਿਡ ਬੀਜ ਪ੍ਰਦਰਸ਼ਿਤ ਕੀਤੇ ਗਏ।
ਇਹ ਗਤੀਵਿਧੀ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਪ੍ਰੋਜੈਕਟ ਸੂਰਜਮੁਖੀ ਦੀ ਕਾਸ਼ਤ ਦੀ ਬਹਾਲੀ ਅਧੀਨ ਕਰਵਾਇਆ ਗਿਆ। ਇਸ ਸਮਾਰੋਹ ਦਾ ਮਕਸਦ ਸੂਰਜਮੁਖੀ ਦੀਆਂ ਰਵਾਇਤੀ ਅਤੇ ਗੈਰ ਰਵਾਇਤੀ ਕਿਸਮਾਂ ਦਾ ਪ੍ਰਦਰਸ਼ਨ ਕਰਕੇ ਕਿਸਾਨਾਂ ਨੂੰ ਇਸ ਫ਼ਸਲ ਲਈ ਉਤਸ਼ਾਹਿਤ ਕਰਨਾ ਸੀ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਇਸ ਖੇਤ ਦਿਵਸ ਦੇ ਮੁੱਖ ਮਹਿਮਾਨ ਸਨ।
ਡਾ. ਅਜਮੇਰ ਸਿੰਘ ਢੱਟ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਵਿਭਿੰਨਤਾ ਦੇ ਰਾਹ ਤੋਰਨਾ ਲਾਜ਼ਮੀ ਹੈ। ਭਾਰਤ ਵਿਚ ਸਬਜ਼ੀਆਂ ਦੇ ਬੀਜਾਂ ਦੇ ਤੇਲ ਦੀ ਮੰਗ ਅਤੇ ਵਿਤਰਣ ਵਿੱਚ ਸਮਤੋਲ ਬਨਾਉਣ ਲਈ ਤੇਲਬੀਜਾਂ ਅਧੀਨ ਰਕਬਾ ਵਧਾਉਣ ਉੱਪਰ ਨਿਰਦੇਸ਼ਕ ਖੋਜ ਨੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਸੂਰਜਮੁਖੀ ਦੀਆਂ ਕਿਸਮਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਵਿਸ਼ੇਸ਼ ਤੌਰ 'ਤੇ ਇਸ ਖੇਤ ਦਿਵਸ ਵਿੱਚ ਸ਼ਾਮਿਲ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਵਿਗਿਆਨੀਆਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਹਨਾਂ ਸੂਰਜਮੁਖੀ ਹੇਠ ਰਕਬਾ ਵਧਾਉਣ ਲਈ ਪਸਾਰ ਕਰਮੀਆਂ ਨੂੰ ਪੁਰਜ਼ੋਰ ਕੋਸ਼ਿਸ਼ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵੀਰਇੰਦਰ ਸਿੰਘ ਸੋਹੂ ਨੇ ਤੇਲਬੀਜ ਕਿਸਮਾਂ ਦੇ ਬੀਜ ਉਤਪਾਦਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਿਸਾਨਾ ਅਤੇ ਮਾਹਿਰਾਂ ਨੂੰ ਪ੍ਰਦਰਸ਼ਨੀ ਖੇਤਰ ਦਾ ਦੌਰਾ ਕਰਵਾਇਆ ਗਿਆ। ਕਿਸਾਨਾਂ ਨੇ ਮਾਹਿਰਾਂ ਤੋਂ ਜ਼ਰੂਰੀ ਸਵਾਲ ਵੀ ਪੁੱਛੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਅਤੇ ਤੇਲਬੀਜ ਸੈਕਸ਼ਨ ਦੇ ਇੰਚਾਰਜ ਡਾ. ਵਰਿੰਦਰ ਸਰਦਾਨਾ, ਸੂਰਜਮੁਖੀ ਦੇ ਬਰੀਡਰ ਡਾ. ਵਿਨੀਤਾ ਕਾਲੀਆ, ਡਾ. ਪੰਕਜ ਸ਼ਰਮਾ ਅਤੇ ਡਾ. ਸ਼ੈਲੀ ਨਯੀਅਰ ਵੀ ਮੌਜੂਦ ਸਨ। ਖੇਤ ਦਿਵਸ ਦੇ ਅੰਤ ਤੇ ਭਾਗ ਲੈਣ ਵਾਲਿਆਂ ਨੂੰ ਯੂਨੀਵਰਸਿਟੀ ਬੀਜ ਫਾਰਲ ਲਾਢੋਵਾਲ ਵਿਚ ਸੂਰਜਮੁਖੀ ਦੀ ਕਿਸਮ ਪੀ ਐੱਸ ਐੱਚ-280 ਦਾ ਉਤਪਾਦਨ ਪਲਾਟ ਦਿਖਾਇਆ ਗਿਆ। ਇਸ ਮੌਕੇ ਰਾਸ਼ਟਰ ਪੱਧਰ ਦੀਆਂ ਬੀਜ ਕਾਰਪੋਰੇਸ਼ਨਾਂ ਪੰਜਾਬ ਐਗਰੋ ਇੰਡਸਟਰੀਜ਼ ਲਿਮਿਟਡ ਅਤੇ ਨਿੱਜੀ ਬੀਜ ਉਤਪਾਦਨ ਕੰਪਨੀਆਂ ਗੰਗਾ ਕਾਵੇਰੀ ਅਤੇ ਅਡਵਾਂਟਾ ਦੇ ਵਿਗਿਆਨੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰਾਂ ਤੋਂ ਇਲਾਵਾ ਲੁਧਿਆਣਾ, ਫਤਿਹਗੜ• ਸਾਹਿਬ, ਪਟਿਆਲਾ ਅਤੇ ਐੱਸ ਏ ਐੱਸ ਨਗਰ ਤੋਂ 20 ਦੇ ਕਰੀਬ ਕਿਸਾਨ ਸ਼ਾਮਿਲ ਹੋਏ।
Summary in English: 36 hybrid sunflower seeds displayed, know what was special at the Sunflower Field Day