KVK Bathinda: ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਆਯੋਜਿਤ ਪਰਾਲੀ ਪ੍ਰਬੰਧਨ ਸੰਬੰਧੀ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਪਿੰਡ ਫਰੀਦਕੋਟ ਕੋਟਲੀ ਬਲਾਕ ਸੰਗਤ ਵਿਖੇ ਮਿਤੀ 16.09.2024 ਤੋਂ ਸ਼ੁਰੂ ਹੋ ਕੇ 20.09.2024 ਤੱਕ ਚੱਲੇਗਾ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਖੇਤੀ ਮਸ਼ੀਨਰੀ ਦੀ ਯੋਗ ਵਰਤੋਂ ਕਰਨ ਸੰਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਨਾ ਹੈ। ਆਓ ਜਾਣਦੇ ਹਾਂ ਕਿ ਸਿਖਲਾਈ ਪ੍ਰੋਗਰਾਮ ਦੇ ਪਹਿਲੇ ਦਿਨ ਕੀ ਕੁਝ ਰਿਹਾ ਖ਼ਾਸ...
ਇਸ ਮੌਕੇ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨੇ ਦੱਸਿਆ ਕਿ ਪਰਾਲੀ ਪ੍ਰਬੰਧ ਅਧੀਨ ਚੁਣੇ ਗਏ ਪਿੰਡਾਂ ਵਿੱਚੋਂ 25-25 ਕਿਸਾਨਾਂ ਦੀ ਚੋਣ ਕਰਕੇ ਉਹਨਾਂ ਨੂੰ ਪਰਾਲੀ ਪ੍ਰਬੰਧ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਕਿਸਾਨ ਵੀਰ ਆਪਣੇ ਅਤੇ ਨਾਲ ਦੇ ਪਿੰਡਾਂ ਦੇ ਹੋਰਨਾਂ ਕਿਸਨਾਂ ਦਾ ਪਰਾਲੀ ਪ੍ਰਬੰਧ ਸੰਬੰਧੀ ਗਿਆਨ ਵਿੱਚ ਵਾਧਾ ਕਰਨ।
ਡਾ. ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਉਹਨਾਂ ਨੇ ਦੱਸਿਆ ਕਿ ਲਗਾਤਾਰ 3-4 ਸਾਲ ਪਰਾਲੀ ਨੂੰ ਖੇਤ ਵਿੱਚ ਦਬਾਉਣ ਨਾਲ ਜਮੀਨ ਵਿਚਲੀ ਮੱਲੜ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਪਰਾਲੀ ਜ਼ਮੀਨ ਵਿੱਚ ਮਿਲਾਉਣ ਨਾਲ ਫਸਲਾਂ ਉੱਪਰ ਮਾੜੇ ਪਾਣੀ ਦਾ ਅਸਰ ਵੀ ਘੱਟਦਾ ਹੈ।
ਉਹਨਾਂ ਵੱਲੋਂ ਪੀ.ਏ.ਯੂ. ਵੱਲੋਂ ਪਰਾਲੀ ਪ੍ਰਬੰਧ ਲਈ ਵਿਕਸਤ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ ਦੀ ਵਰਤੋਂ ਦੇ ਤਜਰਬੇ ਸਾਂਝੇ ਕਰਦਿਆਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨ ਵੀਰ ਇਸ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਪ੍ਰਬੰਧ ਕਰ ਸਕਦੇ ਹਨ।
ਇਹ ਵੀ ਪੜੋ: Krishi Vigyan Kendra, Hoshiarpur ਵੱਲੋਂ Mushroom Farming ਬਾਬਤ ਸਿਖਲਾਈ ਕੋਰਸ ਦਾ ਆਯੋਜਨ
ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ (ਪ੍ਰੋਫੈਸਰ ਪਸਾਰ ਸਿੱਖਿਆ) ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਐਸ ਐਮ ਐਸ ਵਾਲੀ ਮਸ਼ੀਨ ਕੰਬਾਇਨ ਨਾਲ ਹੀ ਕਰਵਾਉਣ ਤਾਂ ਜੋ ਕਿਸਾਨ ਬਾਅਦ ਵਿੱਚ ਪਰਾਲੀ ਨੂੰ ਸੌਖੇ ਤਰੀਕੇ ਨਾਲ ਪ੍ਰਬੰਧ ਕਰਕੇ ਕਣਕ ਦੀ ਬਿਜਾਈ ਸਮੇਂ ਸਿਰ ਕਰ ਸਕਣ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਪ੍ਰਬੰਧ ਕਰ ਸਕਦੇ ਹਨ।
ਉਹਨਾਂ ਕਿਹਾ ਹੈਪੀ ਸੀਡਰ ਜਾਂ ਸਰਫੇਸ ਸੀਡਰ ਨਾਲ ਪਰਾਲੀ ਪ੍ਰਬੰਧ ਕਰਕੇ ਬੀਜੀ ਕਣਕ ਵਿੱਚ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ, ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇਸ ਵਿਧੀ ਨਾਲ ਬੀਜੀ ਕਣਕ ਉੱਪਰ ਮੌਸਮ ਦਾ ਮਾੜਾ ਪ੍ਰਭਾਵ ਵੀ ਘੱਟ ਪੈਂਦਾ ਹੈ। ਇਸ ਮੌਕੇਪ੍ਰਕਾਸ ਸਿੰਘ ਸਿੱਧੂ ਨੇ ਪਰਾਲੀ ਪ੍ਰਬੰਧ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੂੰ ਅਪਣਾ ਕੇ ਖੇਤੀ ਨੂੰ ਲਾਹੇਵੰਦ ਬਣਾ ਸਕਦੇ ਹਨ।
Summary in English: A five-day training program on stubble management will be held till September 20 at Krishi Vigyan Kendra, Bathinda