Soil Health: ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਨੇ ਪੰਜਾਬ ਵਿਚ ਮਿੱਟੀ ਦੀ ਸਿਹਤ ਅਤੇ ਸਥਿਰ ਖੇਤੀਬਾੜੀ ਲਈ ਸਾਂਝੇ ਰੂਪ ਵਿਚ ਮੇਰੀ ਮਿੱਟੀ ਮੇਰੇ ਜੀਵ ਮੁਹਿੰਮ ਦਾ ਆਗਾਜ਼ ਕੀਤਾ। ਇਸ ਵਿਚ ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਇਸ ਮੁਹਿੰਮ ਰਾਹੀਂ ਪੰਜਾਬ ਦੇ ਆਲੂ ਬੀਜਣ ਵਾਲੇ ਇਲਾਕਿਆਂ ਦੇ ਕਿਸਾਨਾਂ ਨੂੰ ਲੋੜ ਤੋਂ ਵੱਧ ਰਸਾਇਣਕ ਖਾਦਾਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣਾ ਮੁੱਖ ਉਦੇਸ਼ ਸੀ।
ਕੇ.ਵੀ.ਕੇ ਕਪੂਰਥਲਾ ਦੇ ਸਹਿਯੋਗੀ ਨਿਰਦੇਸ਼ਕ ਡਾ. ਹਰਿੰਦਰ ਸਿੰਘ ਨੇ ਕਪੂਰਥਲਾ ਜ਼ਿਲ੍ਹੇ ਦੇ ਕਿਸਾਨਾਂ ਬਾਰੇ ਭਾਵਪੂਰਤ ਪੇਸ਼ਕਾਰੀ ਦਿੱਤੀ। ਉਹਨਾਂ ਨੇ ਡੀ.ਏ.ਪੀ. ਅਤੇ ਯੂਰੀਆ ਦੀ ਆਲੂ ਦੀ ਕਾਸ਼ਤ ਲਈ ਲੋੜ ਤੋਂ ਵੱਧ ਵਰਤੋਂ ਬਾਰੇ ਗੱਲ ਕਰਦਿਆਂ ਇਸਨੂੰ ਘਟਾਉਣ ਦੀ ਗੱਲ ਕੀਤੀ। ਇਸਦੇ ਨਾਲ ਹੀ ਉਹਨਾਂ ਨੇ ਵਾਤਾਵਰਨ ਦੀ ਸੰਭਾਲ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਦੇ ਨਾਲ-ਨਾਲ ਇਹਨਾਂ ਖਾਦਾਂ ਦੇ ਆਰਥਿਕ ਬੋਝ ਬਾਰੇ ਗੱਲ ਕੀਤੀ। ਪਿੰਡ ਮੋਠਾਵਾਲ ਤੋਂ ਮੇਰੀ ਮਿੱਟੀ ਮੇਰੇ ਜੀਵ ਮੁਹਿੰਮ ਦਾ ਆਰੰਭ ਹੋਇਆ| ਇਹ ਪਿੰਡ ਆਲੂ ਦੀ ਕਾਸ਼ਤ ਨਾਲ ਜੁੜਿਆ ਅਗਾਂਹਵਧੂ ਪਿੰਡ ਹੈ।
ਪੀ.ਏ.ਯੂ. ਦੇ ਮਾਇਕ੍ਰੋਬਾਇਆਲੋਜੀ ਮਾਹਿਰ ਡਾ. ਜੁਪਿੰਦਰ ਕੌਰ ਨੇ ਮਿੱਟੀ ਦੀ ਸਿਹਤ ਸੁਧਾਰ ਵਿਚ ਖਾਦਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਨੇ ਆਲੂ ਦੀ ਕਾਸ਼ਤ ਵਾਲੇ ਇਲਾਕਿਆਂ ਵਿਚ ਸਾਂਝੀਆਂ ਖਾਦਾਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਵੱਖ-ਵੱਖ ਫ਼ਸਲਾਂ ਲਈ ਸੂਖਮ ਜੀਵਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ।
ਮਾਇਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲ ਗੁਪਤਾ ਨੇ ਖੇਤੀ ਅਤੇ ਘਰੇਲੂ ਵਰਤੋਂ ਲਈ ਬਾਇਓਜ਼ਾਈਮ ਦੀ ਲੋੜ ਅਤੇ ਮਹੱਤਵ ਬਾਰੇ ਗੱਲ ਕੀਤੀ। ਉਹਨਾਂ ਨੇ ਬਾਇਓਜ਼ਾਈਮ ਤਿਆਰ ਕਰਨ ਲਈ ਕਿੰਨੂ ਦੇ ਡਿੱਗੇ ਹੋਏ ਫਲਾਂ ਅਤੇ ਹੋਰ ਜੈਵਿਕ ਰਹਿੰਦ-ਖੂੰਹਦ ਦੀ ਵਰਤੋਂ ਦਾ ਤਰੀਕਾ ਵੀ ਸੁਝਾਇਆ। ਡਾ. ਪ੍ਰਤਿਭਾ ਨੇ ਜੀਵਾਣੂੰ ਖਾਦਾਂ ਅਤੇ ਰਸਾਇਣਕ ਖਾਦਾਂ ਸਾਂਝੇ ਤੌਰ ਤੇ ਵਰਤਣ ਨਾਲ ਮਿੱਟੀ ਦੀ ਸਿਹਤ ਵਿਚ ਹੋਣ ਵਾਲੇ ਸੁਧਾਰ ਦੀ ਗੱਲ ਕੀਤੀ।
ਇਹ ਵੀ ਪੜ੍ਹੋ: Expert Advice: ਪਰਾਲੀ ਸਾੜਨ ਨਾਲ ਫ਼ਸਲਾਂ ਦਾ ਕਿਵੇਂ ਹੁੰਦਾ ਹੈ ਨੁਕਸਾਨ, ਪੂਸਾ ਵਿਗਿਆਨੀਆਂ ਨੇ ਸਾਂਝੀ ਕੀਤੀ ਵਧੀਆ ਜਾਣਕਾਰੀ
ਡਾ. ਗਗਨਦੀਪ ਧਵਨ ਨੇ ਕਿਸਾਨਾਂ ਨੂੰ ਫਸਲ ਬੀਜਣ ਤੋਂ ਪਹਿਲਾਂ ਹਰ ਹਾਲ ਮਿੱਟੀ ਪਰਖ ਕਰਾਉਣ ਲਈ ਪ੍ਰੇਰਿਤ ਕੀਤਾ। ਡਾ. ਅਮਨਦੀਪ ਕੌਰ ਨੇ ਕਿਸਾਨਾਂ ਨੂੰ ਆਲੂਆਂ ਦੀਆਂ ਨਵੀਆਂ ਕਿਸਮਾਂ ਪੀ ਪੀ-101, ਅਤੇ ਪੀ ਪੀ-102 ਦੀ ਜਾਣਕਾਰੀ ਦਿੱਤੀ। ਨਾਲ ਹੀ ਉਹਨਾਂ ਨੇ ਫਸਲਾਂ ਦੇ ਬਿਹਤਰ ਝਾੜ ਅਤੇ ਮਿੱਟੀ ਦੀ ਸਿਹਤ ਸੁਧਾਰ ਲਈ ਰਸਾਇਣ ਮੁਕਤ ਕਾਸ਼ਤ ਦੇ ਤਰੀਕੇ ਵੀ ਦੱਸੇ।
ਡਾ. ਮਨਦੀਪ ਸਿੰਘ ਨੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ। ਇਸ ਮੌਕੇ ਕਿਸਾਨ ਕਰਨੈਲ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਮਲ ਵਿਚ ਲਿਆਉਣ ਲਈ ਕਿਹਾ।
Summary in English: A joint initiative of PAU and Krishi Vigyan Kendra, Campaign for soil health maintenance