Workshop on Sugarcane: ਪੀ.ਏ.ਯੂ. ਵਿਖੇ ਹਰ ਦੋ ਸਾਲ ਬਾਅਦ ਕਰਵਾਈ ਜਾਣ ਵਾਲੀ 35ਵੀਂ ਸਰਵ ਭਾਰਤੀ ਸਾਂਝਾ ਖੋਜ ਪ੍ਰੋਜੈਕਟ ਦੀ ਗੰਨੇ ਬਾਰੇ ਦੋ ਰੋਜ਼ਾ ਗੋਸ਼ਟੀ ਸਫਲਤਾ ਨਾਲ ਨੇਪਰੇ ਚੜੀ।
ਇਸ ਵਿਚ ਗੰਨੇ ਦੀ ਖੋਜ ਨਾਲ ਜੁੜੇ ਦੇਸ਼ ਦੇ ਚੋਟੀ ਦੇ ਸੰਸਥਾਨਾਂ ਦੇ ਅਧਿਕਾਰੀ ਅਤੇ ਵਿਗਿਆਨੀ ਸ਼ਾਮਿਲ ਹੋਏ। ਇਹਨਾਂ ਵਿਗਿਆਨੀਆਂ ਨੇ ਦੋ ਦਿਨਾਂ ਵਿਚ ਗੰਨੇ ਦੀ ਫਸਲ ਨੂੰ ਹੋਰ ਪ੍ਰਫੁਲਿਤ ਕਰਨ ਲਈ ਨਿੱਠ ਕੇ ਸੰਵਾਦ ਕੀਤਾ।
ਪੀ.ਏ.ਯੂ. ਨੇ ਇਹ ਗੋਸ਼ਟੀ ਆਈ ਸੀ ਏ ਆਰ ਅਤੇ ਕਪੂਰਥਲਾ ਅਤੇ ਫਰੀਦਕੋਟ ਦੇ ਖੇਤਰੀ ਖੋਜ ਕੇਂਦਰਾਂ ਦੇ ਸਹਿਯੋਗ ਨਾਲ ਕਰਵਾਈ। ਇਸ ਤੋਂ ਇਲਾਵਾ ਫਸਲ ਵਿਕਾਸ ਬਾਰੇ ਭਾਰਤੀ ਸੁਸਾਇਟੀ ਦਾ ਸਹਿਯੋਗ ਵੀ ਰਿਹਾ। ਮਾਹਿਰਾਂ ਨੇ ਗੰਨੇ ਦੇ ਉਤਪਾਦਨ, ਕੀੜਿਆਂ ਅਤੇ ਬਿਮਾਰੀਆਂ ਤੋਂ ਮੁਕਤ ਨਿਰੋਗੀ ਕਾਸ਼ਤ ਅਤੇ ਗੰਨੇ ਵਿਚ ਚੀਨੀ ਤੱਤ ਦੇ ਵਾਧੇ ਤੋਂ ਇਲਾਵਾ ਇਸ ਫਸਲ ਦੀਆਂ ਹੋਰ ਸੰਭਾਵਨਾਵਾਂ ਬਾਰੇ ਵੀ ਵਿਚਾਰ-ਚਰਚਾ ਕੀਤੀ।
ਅੰਤਿਮ ਸੈਸ਼ਨ ਵਿਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਫਸਲ ਵਿਗਿਆਨ ਬਾਰੇ ਉਪ ਨਿਰਦੇਸ਼ਕ ਜਨਰਲ ਡਾ. ਤਿਲਕ ਰਾਜ ਸ਼ਰਮਾ ਨੇ ਪ੍ਰਧਾਨਗੀ ਕੀਤੀ। ਡਾ. ਪ੍ਰਸੰਤਾਂ ਦਾਸ, ਡਾ. ਆਰ ਵਿਸ਼ਵਨਾਥਨ, ਡਾ. ਪੀ ਗੋਬਿੰਦਰਾਜ ਅਤੇ ਪੀ.ਏ.ਯੂ. ਦੇ ਸਾਬਕਾ ਵਧੀਕ ਨਿਰਦੇਸ਼ਕ ਖੋਜ ਡਾ. ਕੇ ਐੱਸ ਥਿੰਦ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ।
ਇਸ ਸੈਸ਼ਨ ਦੌਰਾਨ ਵੱਖ-ਵੱਖ ਮਾਹਿਰਾਂ ਨੇ ਵਿਸ਼ੇ ਨਾਲ ਸੰਬੰਧਿਤ ਆਪਣੀਆਂ ਖੋਜ ਧਾਰਨਾਵਾਂ ਪੇਸ਼ ਕੀਤੀਆਂ। ਡਾ. ਗੋਬਿੰਦਰਾਜ ਨੇ ਫਸਲ ਵਿਕਾਸ ਦੀਆਂ ਨਵੀਨ ਤਕਨਾਲੋਜੀਆਂ ਦੀ ਗੱਲ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਤਨਾਅ ਸਹਿਣ ਦੇ ਸਮਰੱਥ ਕਿਸਮਾਂ ਦੇ ਵਿਕਾਸ ਉੱਪਰ ਜ਼ੋਰ ਦਿੱਤਾ। ਡਾ. ਟੀ ਕੇ ਸ਼੍ਰੀਵਾਸਤਵਾ ਨੇ ਗੰਨੇ ਦੀ ਕਾਸ਼ਤ ਨਾਲ ਜੁੜੇ ਕਿਸਾਨਾਂ ਦੀ ਬਿਹਤਰੀ ਲਈ ਫਸਲ ਉਤਪਾਦਨ ਵਧਾਉਣ ਲਈ ਨਵੀਆਂ ਤਕਨੀਕਾਂ ਅਪਨਾਉਣ ਤੇ ਬਲ ਦਿੱਤਾ। ਡਾ. ਆਰ ਵਿਸ਼ਵਨਾਥਨ ਨੇ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਬਹੁਤ ਸਾਰੇ ਤਰੀਕਿਆਂ ਬਾਰੇ ਗੱਲ ਕੀਤੀ। ਡਾ. ਅਰੁਣ ਬੈਠਾ ਨੇ ਕੀੜਿਆਂ ਦੀ ਰੋਕਥਾਮ ਲਈ ਜੀਵ ਕੰਟਰੋਲ ਵਿਧੀਆਂ ਅਤੇ ਸੰਯੁਕਤ ਕੀਟ ਪ੍ਰਬੰਧਨ ਦੇ ਢੰਗਾਂ ਸੰਬੰਧੀ ਵਿਚਾਰ ਪੇਸ਼ ਕੀਤੇ।
ਇਹ ਵੀ ਪੜ੍ਹੋ: DSR Technology: ਪੀ ਆਰ 131 ਕਿਸਮ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦਾ ਦੌਰਾ, ਪੀ.ਏ.ਯੂ. ਦੇ ਵਾਈਸ ਚਾਂਸਲਰ Dr. Satbir Singh Gosal ਨੇ ਕੀਤੀ ਕਿਸਾਨਾਂ ਦੀ ਸ਼ਲਾਘਾ
ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੇ ਸੰਚਾਲਕ ਡਾ. ਦਿਨੇਸ਼ ਸਿੰਘ ਵੱਲੋਂ ਭਾਗ ਲੈਣ ਵਾਲੀਆਂ ਸਾਰੀਆਂ ਧਿਰਾਂ ਮਾਹਿਰਾਂ, ਡੈਲੀਗੇਟਾ ਅਤੇ ਅਧਿਕਾਰੀਆਂ ਦੇ ਧੰਨਵਾਦ ਨਾਲ ਇਸ ਸੈਸ਼ਨ ਦਾ ਅੰਤ ਹੋਇਆ। ਡਾ. ਸਿੰਘ ਨੇ ਕਿਹਾ ਕਿ ਗੰਨੇ ਦੀ ਫਸਲ ਨਾਲ ਜੁੜੇ ਮਸਲੇ ਅਤੇ ਚੁਣੌਤੀਆਂ ਦਾ ਹੱਲ ਕਰਨ ਲਈ ਇਹ ਕਾਨਫਰੰਸ ਯਕੀਨਨ ਢੁੱਕਵੇਂ ਸਿੱਟੇ ਪੇਸ਼ ਕਰੇਗੀ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਰਗਰਮੀ ਨਾਲ ਇਸ ਕਾਨਫਰੰਸ ਨਾਲ ਜੁੜੇ ਰਹੇ। ਉਹਨਾਂ ਨੇ ਫਸਲੀ ਵਿਭਿੰਨਤਾ ਲਈ ਗੰਨੇ ਦੀ ਕਾਸ਼ਤ ਵਿਚ ਨਵੀਆਂ ਕਿਸਮਾਂ ਅਤੇ ਤਕਨੀਕਾਂ ਨੂੰ ਸ਼ਾਮਿਲ ਕਰਨ ਵਾਸਤੇ ਮਾਹਿਰਾਂ ਅਤੇ ਵਿਗਿਆਨੀਆਂ ਨੂੰ ਸੱਦਾ ਦਿੱਤਾ।
Summary in English: A national committee considering new techniques to increase sugarcane cultivation was held at PAU