ਹਰ ਸਾਲ ਅਗਸਤ ਮਹੀਨੇ ਦਾ ਪਹਿਲਾ ਹਫ਼ਤਾ (1-7 ਅਗਸਤ) ਸੰਸਾਰ ਭਰ ਵਿੱਚ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਲਈ ਮਨਾਇਆ ਜਾਂਦਾ ਹੈ, ਤਾਂ ਜੋ ਵੱਧ ਤੋਂ ਵੱਧ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਫਰੀਦਕੋਟ ਜ਼ਿਲੇ ਦੀਆਂ 60 ਪੇਂਡੂ ਅਤੇ 60 ਸ਼ਹਿਰੀ ਮਾਂਵਾਂ ਉੱਪਰ ਇੱਕ ਸਰਵੇਖ਼ਣ ਕੀਤਾ ਗਿਆ ਜਿਸ ਤੋਂ ਪਤਾ ਲੱਗਾ ਕਿ 49 (41%) ਮਾਂਵਾਂ ਨੇ ਹੀ ਬੱਚਿਆਂ ਨੂੰ ਪਹਿਲੇ 6 ਮਹੀਨੇ ਸਿਰਫ਼ ਮਾਂ ਦਾ ਦੁੱਧ ਪਿਲਾਇਆ, ਸਿਰਫ਼ 3 (5.5%) ਮਾਂਵਾਂ ਨੇ ਹੀ 6 ਮਹੀਨੇ ਦੀ ਉਮਰ ਤੋਂ ਬਾਅਦ ਹੋਰ ਓਪਰੇ ਭੋਜਨ ਖਵਾਉਣੇ ਸ਼ੁਰੂ ਕੀਤੇ ਅਤੇ 71 (59%) ਮਾਂਵਾਂ ਨੇ 2 ਸਾਲ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਇਆ।
120 ਮਾਂਵਾਂ ਵਿੱਚੋਂ ਸਿਰਫ਼ 32 ਮਾਂਵਾਂ ਕੋਲ ਦੁੱਧ ਪਿਲਾਉਣ ਅਤੇ ਓਪਰੇ ਭੋਜਨ ਖਵਾਉਣ ਦੇ ਅਭਿਆਸਾਂ ਸਬੰਧੀ ਪੂਰਨ ਗਿਆਨ ਸੀ। ਬਹੁਤੀਆਂ ਮਾਂਵਾਂ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਸਨੂੰ ਅਸਲੀਅਤ ਵਿੱਚ ਲਾਗੂ ਨਹੀਂ ਕਰਦੀਆਂ।ਸਰਵੇਖ਼ਣ ਤੋਂ ਇਹ ਵੀ ਪਤਾ ਲੱਗਾ ਕਿ 120 ਬੱਚਿਆਂ ਵਿੱਚੋ 6.5 ਪ੍ਰਤੀਸ਼ਤ ਬੱਚਿਆਂ ਦਾ ਕੱਦ ਅਨੁਸਾਰ ਭਾਰ ਘੱਟ ਸੀ, 40 ਪ੍ਰਤੀਸ਼ਤ ਬੱਚਿਆਂ ਦਾ ਉਮਰ ਮੁਤਾਬਕ ਸਰੀਰਕ ਭਾਰ ਘੱਟ ਸੀ ਅਤੇ 61.5 ਪ੍ਰਤੀਸ਼ਤ ਬੱਚਿਆਂ ਦਾ ਉਮਰ ਮੁਤਾਬਕ ਕੱਦ ਘੱਟ ਸੀ, ਕਹਿਣ ਤੋਂ ਭਾਵ ਬੱਚੇ ਕੁਪੋਸ਼ਣ ਦਾ ਸ਼ਿਕਾਰ ਸਨ।
ਮਾਂ ਦੇ ਦੁੱਧ ਦਾ ਅਤੇ ਓਪਰੇ ਭੋਜਨ ਖਵਾਉਣ ਦਾ, ਬੱਚਿਆਂ ਦੇ ਸਰੀਰਕ ਵਾਧੇ ਅਤੇ ਵਿਕਾਸ ਨਾਲ ਮਹੱਤਵਪੂਰਨ ਅਤੇ ਸਿੱਧਾ ਸੰਬੰਧ ਹੈ। ਮਾਂਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੰਸਾਰ ਸਿਹਤ ਸੰਸਥਾ (੍ਹਾਂੌ) ਵੱਲੋਂ ਬੱਚਿਆਂ ਦੀ ਖੁਰਾਕ ਸੰਬੰਧੀ ਕੀਤੀਆਂ ਸਿਫਾਰਿਸ਼ਾਂ ਨੂੰ ਜ਼ਰੂਰ ਲਾਗੂ ਕਰਨ ਜੋ ਕਿ ਇਸ ਪ੍ਰਕਾਰ ਹਨ:
1. ਪਹਿਲੀ ਗੱਲ ਜੋ ਬੇਹੱਦ ਜ਼ਰੂਰੀ ਹੈ ਕਿ ਬੱਚੇ ਨੂੰ ਗੁੜਤੀ ਮਾਂ ਦੇ ਪਹਿਲੇ ਦੁੱਧ ਦੀ ਹੀ ਦੇਣੀ ਚਾਹੀਦੀ ਹੈ ਜੋ ਕਿ ਗਾੜਾ ਪੀਲਾ ਅਤੇ ਤਾਕਤ ਨਾਲ ਭਰਭੂਰ ਹੁੰਦਾ ਹੈ ਅਤੇ ਇਹ ਦੁੱਧ ਬੱਚੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਅਸਲ ਵਿੱਚ ਇਹ ਦੁੱਧ ਇੱਕ ਤਰਾਂ ਦਾ ਪਹਿਲਾ ਟੀਕਾ ਹੈ ਜੋ ਬੱਚਾ ਆਪਣੀ ਮਾਂ ਤੋਂ ਹੀ ਪ੍ਰਾਪਤ ਕਰ ਸਕਦਾ ਹੈ। ਬੱਚੇ ਨੂੰ ਸ਼ਹਿਦ, ਗੁਲੂਕੋਜ਼, ਗੁੜ ਅਤੇ ਓਪਰੇ ਦੁੱਧ ਦੀ ਗੁੜਤੀ ਦੇਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਕਿਉਂਕਿ ਇਹ ਬੱਚੇ ਵਿੱਚ ਦਸਤ ਆਦਿ ਬਿਮਾਰੀ ਪੈਦਾ ਕਰ ਸਕਦੇ ਹਨ ਅਤੇ ਮਾਂ-ਬੱਚੇ ਦੇ ਸਬੰਧ ਵਿੱਚ ਅਤੇ ਬੱਚੇ ਦੀ ਦੁੱਧ ਚੁੰਘਣ ਦੀ ਪ੍ਰਕਿਰਿਆ ਵਿੱਚ ਵੀ ਦੇਰੀ ਦਾ ਕਾਰਨ ਬਣਦੇ ਹਨ।
2. ਬੱਚੇ ਨੂੰ ਜਨਮ ਤੋਂ ਬਾਅਦ ਅੱਧੇ ਘੰਟੇ ਦੇ ਅੰਦਰ-ਅੰਦਰ ਅਤੇ ਸੀਜੇਰੀਅਨ ਜਨਮ ਵੇਲੇ ਇੱਕ ਘੰਟੇ ਦੇ ਅੰਦਰ-ਅੰਦਰ ਮਾਂ ਦੇ ਦੁੱਧ ਤੇ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਬੱਚੇ ਦੇ ਚੁੰਘਣ ਨਾਲ ਹੀ ਮਾਂ ਦੇ ਦੁੱਧ ਆਵੇਗਾ ਅਤੇ ਦੁੱਧ ਦਾ ਵਹਾਅ ਤੇਜ਼ ਹੋਵੇਗਾ।
3. ਜਨਮ ਤੋਂ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ, ਪਾਣੀ ਵੀ ਨਹੀਂ ਦੇਣਾ ਚਾਹੀਦਾ ਕਿਉਂਕਿ ਮਾਂ ਦੇ ਦੁੱਧ ਵਿੱਚ ਲਗਭਗ 87% ਪਾਣੀ ਹੁੰਦਾ ਹੈ ਜੋ ਬੱਚੇ ਦੀ ਪਾਣੀ ਦੀ ਲੋੜ ਪੂਰੀ ਕਰਦਾ ਹੈ। ਦੂਜੀ ਗੱਲ ਬੱਚੇ ਦਾ ਪੇਟ ਪਾਣੀ ਨਾਲ ਭਰ ਜਾਵੇਗਾ ਅਤੇ ਉਹ ਦੁੱਧ ਘੱਟ ਪੀਵੇਗਾ। ਤੀਜੀ ਗੱਲ ਬੱਚੇ ਨੂੰ ਦਸਤ ਲੱਗਣ ਦਾ ਖਤਰਾ ਵੱਧਦਾ ਹੈ। ਦੋ ਸਾਲ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ।
4. 6 ਮਹੀਨਿਆਂ ਬਾਅਦ ਮਤਲਬ 180 ਦਿਨਾਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਹੋਰ ਸਹਾਇਕ ਭੋਜਨ ਖਵਾਉਣੇ ਸ਼ੂਰੂ ਕਰਨਾ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਸਹਾਇਕ ਖੁਰਾਕ ਦਾ ਬੱਚਿਆਂ ਦੇ ਸਰੀਰਕ ਭਾਰ ਅਤੇ ਕੱਦ ਵਧਣ ਨਾਲ ਮਹੱਤਵਪੂਰਨ ਅਤੇ ਸਿੱਧਾ ਸਬੰਧ ਹੈ। ਇਸ ਸਮੇਂ ਬੱਚੇ ਦਾ ਸਰੀਰਕ ਵਾਧਾ ਅਤੇ ਦਿਮਾਗੀ ਵਿਕਾਸ ਬਹੁਤ ਤੇਜੀ ਨਾਲ ਹੁੰਦਾ ਹੈ, ਇਸ ਤਰਾਂ ਉਸਦੀ ਖੁਰਾਕ ਦੀਆਂ ਲੋੜਾਂ ਵੀ ਵੱਧਦੀਆਂ ਹਨ ਜੋ ਕਿ 6 ਮਹੀਨੇ ਬਾਅਦ ਇੱਕਲੇ ਮਾਂ ਦੇ ਦੁੱਧ ਤੋਂ ਪੂਰੀਆਂ ਨਹੀਂ ਹੋ ਸਕਦੀਆਂ।6-23 ਮਹੀਨੇ ਦੇ ਬੱਚੇ ਜੋ ਮਾਂ ਦਾ ਦੁੱਧ ਨਾ ਪੀਂਦੇ ਹੋਣ ਉਹਨਾਂ ਨੂੰ ਦਿਨ ਵਿੱਚ ਚਾਰ ਵਾਰ ਅਤੇ 9-23 ਮਹੀਨੇ ਵਾਲੇ ਬੱਚੇ ਜੋ ਮਾਂ ਦਾ ਦੁੱਧ ਪੀਂਦੇ ਹੋਣ ਉਹਨਾਂ ਨੂੰ ਦਿਨ ਵਿੱਚ ਤਿੰਨ ਵਾਰ ਓਪਰੇ ਭੋਜਨ ਦੇਵੋ।ਖੁਰਾਕ ਵਿੱਚ ਤਰਲ ਪਦਾਰਥ ਜਿਵੇਂ ਦਾਲ ਦਾ ਪਾਣੀ, ਚੌਲਾਂ ਦਾ ਪਾਣੀ ਤੋਂ ਸ਼ੂਰੂ ਕਰਕੇ, ਫਿਰ ਅਰਧਠੋਸ ਭੋਜਨ ਜਿਵੇਂ ਸੂਜੀ ਅਤੇ ਚੌਲਾਂ ਦੀ ਖੀਰ, ਕਸਟਰਡ, ਪਤਲਾ ਦਲੀਆ, ਖਿਚੜੀ ਅਤੇ ਫਿਰ ਠੋਸ ਭੋਜਨ ਜਿਵੇਂ ਗਾਜਰ ਦਾ ਟੁੱਕੜਾ, ਸੇਬ, ਪਨੀਰ, ਉਬਲਿਆ ਆਲੂ, ਸਬਜੀਆਂ ਆਦਿ ਜੋ ਬੱਚਾ ਪਕੜ ਸਕੇ, ਦੇਣੇ ਚਾਹੀਦੇ ਹਨ। ਬੱਚੇ ਨੂੰ ਹਮੇਸ਼ਾ ਚਮਚ-ਕੌਲੀ ਨਾਲ ਖਵਾਉਣਾ ਸ਼ੂਰੂ ਕਰੋ ਅਤੇ ਬੋਤਲ ਤੋਂ ਪ੍ਰਹੇਜ ਕਰੋ।ਬੱਚੇ ਦੀ ਰੋਜ਼ਾਨਾ ਖੁਰਾਕ ਵਿੱਚ ਚਾਰ ਜਾਂ ਵਧੇਰੇ ਭੋਜਨ ਸਮੂਹ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ। ਇਹ ਭੋਜਨ ਸਮੂਹ ਇਸ ਪ੍ਰਕਾਰ ਹਨ।(1)ਅਨਾਜ,ਦਾਲਾਂ,ਗਿਰਿਆਂ ਅਤੇ ਆਲੂ/ ਗਾਜ਼ਰ/ਸ਼ਲਗਮ/ਸਕਰਕੰਦੀ ਆਦਿ (2) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ (3) ਹਰ ਤਰ੍ਹਾਂ ਦਾ ਮੀਟ (ਕਲੇਜ਼ੀ, ਮਟਨ ਆਦਿ) (4) ਅੰਡਾ (5) ਵਿਟਾਮਿਨ ਏ ਭਰਪੂਰ ਸਬਜ਼ੀਆਂ ਅਤੇ ਫਲ (ਲਾਲ, ਸੰਤਰੀ, ਪੀਲੇ ਅਤੇ ਹਰੇ ਰੰਗ ਦੇ) (6) ਬਾਕੀ ਹੋਰ ਸਬਜ਼ੀਆਂ ਅਤੇ ਫਲ।
ਨੋਟ: ਬੱਚੇ ਨੂੰ ਖਵਾਉਣ ਸਮੇਂ ਸ਼ਹਿਨਸ਼ੀਲਤਾ ਅਤੇ ਸਾਫ਼ ਸਫਾਈ ਬਹੁਤ ਜ਼ਰੂਰੀ ਹੈ ਅਤੇ ਸਕਰੀਨ(ਮੋਬਾਇਲ ਅਤੇ ਟੀ. ਵੀ) ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਇਸ ਖੋਜ਼ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਮਾਂਵਾਂ ਨੂੰ ਦੁੱਧ ਪਿਲਾਉਣ ਅਤੇ ਓਪਰੇ ਭੋਜਨ ਖਵਾਉਣ ਦੇ ਅਭਿਆਸਾਂ ਬਾਰੇ ਗਿਆਨ ਦੇਣਾ ਅਤਿ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਮਾਂਵਾਂ ਨੂੰ ਦੁੱਧ ਪਿਲਾਉਣ ਸਮੇਂ ਅਤੇ ਓਪਰੇ ਭੋਜਨ ਖਵਾਉਣ ਸਮੇਂ ਆਪਣੇ ਗਿਆਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਵੀ ਕਰਨਾ ਚਾਹੀਦਾ ਹੈ।
ਰਿਸ਼ੂ ਅਤੇ ਡਾ. ਜਸਵਿੰਦਰ ਕੋਰ ਬਰਾੜ
ਭੋਜਨ ਅਤੇ ਪੋਸ਼ਣ ਵਿਭਾਗ
ਇਹ ਵੀ ਪੜ੍ਹੋ :- ਬੱਚਿਆਂ ’ਚ ਨਜ਼ਰ ਆ ਰਹੇ ਹਨ ਕੋਵਿਡ ਲੱਛਣ ਤਾਂ ਇਹਨਾ ਨਿਯਮਾਂ ਦੀ ਕਰੋ ਪਾਲਣਾ
Summary in English: A valuable gift for a newborn baby - breast milk