Cotton Sowing: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਬੀਤੇ ਦਿਨੀਂ ਨਰਮੇ ਦੀ ਕਾਸ਼ਤ ਬਾਰੇ ਜ਼ਮੀਨੀ ਹਾਲਾਤ ਜਾਣਨ ਲਈ ਨਰਮਾ ਪੱਟੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ ਦੀ ਟੀਮ ਨਾਲ ਜ਼ਿਲ੍ਹਾ ਮਾਨਸਾ ਦੇ ਨਰਮੇ ਬਲਾਕਾਂ ਦੇ ਪਿੰਡਾਂ ਜੌੜਕੀਆਂ, ਪੈਰੋਂ, ਬਹਿਣੀਵਾਲ ਅਤੇ ਟਾਂਡੀਆਂ ਦਾ ਦੌਰਾ ਕੀਤਾ।
ਪਿੰਡਾਂ ਦੀਆਂ ਸਾਂਝੀਆਂ ਥਾਵਾਂ ਅਤੇ ਖੇਤਾਂ ਵਿੱਚ ਕਿਸਾਨਾਂ ਨੂੰ ਮਿਲਕੇ ਡਾ. ਬੁੱਟਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਕਾਫ਼ੀ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਨਰਮੇ ਦੇ ਬੀਜਾਂ ਉਪਰ 33 ਪ੍ਰਤੀਸ਼ਤ ਸਬਸਿਡੀ ਸਮੇਂ ਸਿਰ ਨਹਿਰੀ ਪਾਣੀ ਦੀ ਸਪਲਾਈ ਦੇਣ ਦੇ ਨਾਲ-ਨਾਲ ਨਰਮੇ ਵਾਲੇ ਜਿਲਿਆਂ ਵਿੱਚ ਮਿਸ਼ਨ ਉੱਨਤ ਕਿਸਾਨ ਤਹਿਤ ਕਿਸਾਨ ਮਿੱਤਰ ਅਤੇ ਸੁਪਰਵਾਈਜ਼ਰ ਦੀ ਭਰਤੀ ਕਰਨਾ ਸ਼ਾਮਿਲ ਹੈ।
ਇਹ ਵੀ ਪੜ੍ਹੋ : PAU ਵਿਖੇ Slogans-Speech ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ
ਡਾ. ਬੁੱਟਰ ਨੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਬੀ.ਐੱਸ.ਸੀ ਐਗਰੀਕਲਚਰ ਕਰਦੇ ਬੱਚਿਆਂ ਨੂੰ ਨਰਮਾ ਪੱਟੀ ਵਿਚ ਘਰ-ਘਰ ਜਾ ਕੇ ਨਰਮੇ ਦੇ ਸੁਧਰੇ ਬੀਜਾਂ, ਨਰਮੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੀ ਪਹਿਚਾਣ ਅਤੇ ਰੋਕਥਾਮ ਸਬੰਧੀ ਖੇਤੀ ਸਾਹਿਤ ਵੰਡਣ ਦੇ ਨਾਲ-ਨਾਲ ਹੋਰ ਨਵੇਕਲੇ ਕਾਸ਼ਤਕਾਰੀ ਢੰਗਾਂ ਬਾਰੇ ਜਾਣਕਾਰੀ ਲਈ ਭੇਜਿਆ ਜਾ ਰਿਹਾ ਹੈ।
ਡਾ. ਬੁੱਟਰ ਨੇ ਕਿਸਾਨਾਂ ਦੇ ਵਿਚਾਰ ਸੁਣਦਿਆਂ ਕਿਹਾ ਕਿ ਨਰਮਾ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਦੀ ਹਵਾ ਅਤੇ ਪਾਣੀ ਦੇ ਹਿਸਾਬ ਨਾਲ ਮਾਨਸੂਨ ਦੀ ਮੁੱਖ ਰਵਾਇਤੀ ਫ਼ਸਲ ਹੈ, ਜਿਸ ਕਾਰਨ ਸੂਬੇ ਦੇ ਇਸ ਖੇਤਰ ਨੂੰ ਨਰਮਾ ਪੱਟੀ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਅਸੀਂ ਇਸ ਅਹੁਦੇ ਨੂੰ ਕਾਇਮ ਰੱਖਿਆ ਹੈ ਜਿਵੇਂ ਕਿ ਪਹਿਲਾਂ ਡਾ. ਬੁੱਟਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲਗਾਤਾਰ ਸਰਵੇਖਣ ਕਰਨ ਅਤੇ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ, ਕਿਸਾਨ ਮਿੱਤਰਾਂ ਅਤੇ ਸੁਪਰਵਾਈਜ਼ਰਾਂ ਦੇ ਸੰਪਰਕ ਵਿੱਚ ਰਹਿਣ ਤਾਂ ਜੋ ਮਿਲ ਕੇ ਨਰਮੇ ਦੀ ਕਾਸ਼ਤ ਹੇਠ ਰਕਬਾ ਸਫਲਤਾਪੂਰਵਕ ਵਧਾਇਆ ਜਾ ਸਕੇ।
ਇਹ ਵੀ ਪੜ੍ਹੋ : PAU 'ਚ 10th-12th ਪਾਸ ਵਿਦਿਆਰਥੀਆਂ ਲਈ ਚਲਾਏ ਜਾਂਦੇ ਕੋਰਸਾਂ ਦਾ ਵੇਰਵਾ
ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ ਅਤੇ ਡਾ. ਰਣਵੀਰ ਸਿੰਘ (ਸਹਾਇਕ ਪ੍ਰੋਫੈਸਰ) ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਨੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣ ਦਾ ਸੁਝਾਅ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਮੂੰਗੀ ਬੀਜਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆਂ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਦੀ ਰੋਕਥਾਮ ਲਈ 1000 ਏਕੜ ਰਕਬੇ ਵਿੱਚ ਸਪਲੈਟ ਤਕਨੋਲੋਜੀ ਦਾ ਨਤੀਜਾ ਚੰਗਾ ਆਇਆ ਸੀ ਅਤੇ ਉਮੀਦ ਹੈ ਕਿ ਇਸ ਸਾਲ ਵੀ ਕਿਸਾਨਾਂ ਅਤੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਗੁਲਾਬੀ ਸੁੰਡੀ ਦਾ ਨਿਯੰਤਰਣ ਕੀਤਾ ਜਾ ਸਕਦਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Advice to farmers to complete Cotton sowing by May 15: Agriculture expert