1. Home
  2. ਖਬਰਾਂ

GADVASU 'ਚ ਤਿੰਨ ਵਰ੍ਹੇ ਬਾਅਦ ਯੂਥ ਫੈਸਟੀਵਲ ਦਾ ਆਗਾਜ਼, 2 ਪੜਾਵਾਂ ਰਾਹੀਂ ਦਿਖਣਗੇ ਰੰਗ ਬੇਸ਼ੁਮਾਰ

13 ਅਕਤੂਬਰ ਤੋਂ ਗਡਵਾਸੂ ਵਿਖੇ ਦੋ ਪੜਾਵਾਂ 'ਚ ਯੂਥ ਫੈਸਟੀਵਲ ਦਾ ਆਗਾਜ਼ ਹੋਣ ਜਾ ਰਿਹਾ ਹੈ ਅਤੇ ਵਿਦਿਆਰਥੀਆਂ 'ਚ ਇਸ ਫੈਸਟੀਵਲ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Gurpreet Kaur Virk
Gurpreet Kaur Virk
2 ਪੜਾਵਾਂ ਰਾਹੀਂ ਦਿਖਣਗੇ ਰੰਗ ਬੇਸ਼ੁਮਾਰ

2 ਪੜਾਵਾਂ ਰਾਹੀਂ ਦਿਖਣਗੇ ਰੰਗ ਬੇਸ਼ੁਮਾਰ

GADVASU: ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਤਿੰਨ ਵਰ੍ਹੇ ਬਾਅਦ ਯੂਥ ਫੈਸਟੀਵਲ ਦਾ ਆਗਾਜ਼ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਕੋਰੋਨਾ ਕਾਲ ਦੌਰਾਨ ਇਹ ਫੈਸਟੀਵਲ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਇਸ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦੇ ਚਲਦਿਆਂ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Youth Festival: ਗਡਵਾਸੂ (GADVASU) ਵਿਖੇ ਦੋ ਪੜਾਵਾਂ 'ਚ ਯੂਥ ਫੈਸਟੀਵਲ ਸ਼ੁਰੂ ਹੋਣ ਜਾ ਰਿਹਆ ਹੈ। ਦੱਸ ਦੇਈਏ ਕਿ ਇਹ ਫੈਸਟੀਵਲ 13 ਅਕਤੂਬਰ ਤੋਂ ਸ਼ੁਰੂ ਹੋ ਕੇ 20 ਅਕਤੂਬਰ ਤੱਕ ਚੱਲੇਗਾ। ਇਸ ਯੂਥ ਫੈਸਟੀਵਲ ਦਾ ਪਹਿਲਾ ਪੜਾਅ 13 ਅਕਤੂਬਰ ਤੋਂ 16 ਅਕਤੂਬਰ ਤੱਕ ਅਤੇ ਦੂਜਾ ਪੜਾਅ 18 ਅਕਤੂਬਰ ਤੋਂ 20 ਅਕਤੂਬਰ ਤਕ ਹੋਵੇਗਾ। ਇਹ ਜਾਣਕਾਰੀ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦਿੱਤੀ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਸਤਿਆਵਾਨ ਰਾਮਪਾਲ ਨੇ ਦੱਸਿਆ ਕਿ ਕੋਰੋਨਾ ਪਾਬੰਦੀਆਂ ਦੇ ਕਾਰਣ ਪਿਛਲੇ ਤਿੰਨ ਸਾਲ ਇਹ ਯੂਥ ਫੈਸਟੀਵਲ ਨਹੀਂ ਕਰਵਾਇਆ ਗਿਆ।

ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਐਗਰੀਕਲਚਰਲ ਅਤੇ ਵੈਟਰਨਰੀ ਯੂਨੀਵਰਸਿਟੀਆਂ ਦੇ ਆਲ ਇੰਡੀਆ ਯੂਥ ਫੈਸਟੀਵਲ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਕਈ ਮਹੱਤਵਪੂਰਨ ਮੁਕਾਬਲਿਆਂ ਵਿੱਚ ਇਨਾਮ ਵੀ ਜਿੱਤੇ ਹਨ, ਇਸ ਲਈ ਉਨ੍ਹਾਂ ਦੀ ਯੂਨੀਵਰਸਿਟੀ ਵਿੱਚ ਆਯੋਜਿਤ ਯੂਥ ਫੈਸਟੀਵਲ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਅਤੇ ਖੋਜਣ ਲਈ ਇੱਕ ਵਧੀਆ ਪਲੇਟਫਾਰਮ ਬਣ ਜਾਂਦਾ ਹੈ। ਰਾਮਪਾਲ ਨੇ ਦੱਸਿਆ ਕਿ ਮੇਲੇ ਦੇ ਸਾਰੇ ਕੰਮਾਂ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮੇਟੀਆਂ ਦਾ ਗਠਨ ਕਰਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਯੂਥ ਫੈਸਟੀਵਲ ਦਾ ਪੂਰਾ ਵੇਰਵਾ:

● ਪਹਿਲਾ ਪੜਾਅ (13 ਅਕਤੂਬਰ ਤੋਂ 16 ਅਕਤੂਬਰ)

ਯੂਥ ਫੈਸਟੀਵਲ ਦੌਰਾਨ ਹੋਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਏ.ਪੀ.ਐਸ ਬਰਾੜ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਇਸ ਮੇਲੇ ਦੇ ਪਹਿਲੇ ਪੜਾਅ ਵਿੱਚ 13 ਅਕਤੂਬਰ ਨੂੰ ਫੋਟੋਗ੍ਰਾਫੀ, ਕਵਿਜ਼, ਕਾਰਟੂਨ ਬਨਾਉਣ ਅਤੇ ਪੋਸਟਰ ਬਨਾਉਣ, 14 ਅਕਤੂਬਰ ਨੂੰ ਕੋਲਾਜ ਮੇਕਿੰਗ, ਕਲੇ ਮਾਡਲਿੰਗ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ, 15 ਅਕਤੂਬਰ ਨੂੰ ਰੰਗੋਲੀ, ਇੰਸਟਾਲੇਸ਼ਨ ਅਤੇ ਮੌਕੇ ’ਤੇ ਚਿੱਤਰਕਾਰੀ, 16 ਅਕਤੂਬਰ ਨੂੰ ਰਚਨਾਤਮਕ ਲੇਖਣੀ, ਮੌਕੇ ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਮੁਕਾਬਲੇ ਹੋਣਗੇ।

● ਦੂਜਾ ਪੜਾਅ (18 ਅਕਤੂਬਰ ਤੋਂ 20 ਅਕਤੂਬਰ)

ਦੂਸਰੇ ਪੜਾਅ 'ਚ 18 ਅਕਤੂਬਰ ਨੂੰ ਉਦਘਾਟਨ ਸਮਾਰੋਹ, ਲੋਕ ਗੀਤ, ਰਚਨਤਾਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ), 19 ਅਕਤੂਬਰ ਨੂੰ ਮਾਈਮ, ਸਕਿਟ, ਮਿਮਕਰੀ ਅਤੇ ਇਕਾਂਗੀ ਨਾਟਕ, ਸਮਾਪਨ ਦਿਨ 20 ਅਕਤੂਬਰ ਨੂੰ ਸਮੂਹ ਨਾਚ ਤੇ ਲੋਕ ਨਾਚ ਦੇ ਮੁਕਾਬਲੇ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਇਸੇ ਦਿਨ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਨਾਲ ਵਿਦਿਆਰਥੀਆਂ ਦਾ ਜਿੱਥੇ ਆਪਸ ਵਿੱਚ ਸਹਿਚਾਰ ਵਧਦਾ ਹੈ ਉੱਥੇ ਉਨ੍ਹਾਂ ਅੰਦਰ ਨਵਾਂ ਵਿਸ਼ਵਾਸ ਵੀ ਪੈਦਾ ਹੁੰਦਾ ਹੈ।

ਇਹ ਵੀ ਪੜ੍ਹੋ :  ਪੰਜਾਬ ਦੇ ਕਿਸਾਨਾਂ ਨੂੰ ਐਗਰੋਮੇਟ ਵੱਲੋਂ ਖੇਤੀਬਾੜੀ ਲਈ ਐਡਵਾਈਜ਼ਰੀ ਜਾਰੀ

ਡਾ. ਰਾਮਪਾਲ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਲੁਤਫ਼ ਉਠਾਉਣਗੇ ਅਤੇ ਸੋਹਣੀਆਂ, ਰੰਗੀਨ, ਖੁਸ਼ੀ ਤੇ ਖੇੜੇ ਵਾਲੀਆਂ ਯਾਦਾਂ ਲੈ ਕੇ ਜਾਣਗੇ।

Summary in English: After three years, Youth Festival begins in GADVASU, Huge excitement among students

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters