ਕੇਰਲਾ ਦੀ ਪਸ਼ੂ ਪਾਲਣ ਮੰਤਰੀ ਜੇ. ਚਿਨਚੁਰਾਨੀ ਨੇ 11 ਨਵੰਬਰ ਯਾਨੀ ਕੱਲ ਪਟਿਆਲਾ ਨੇੜਲੇ ਰੌਣੀ ਫਾਰਮ ਦਾ ਦੌਰਾ ਕੀਤਾ। ਦੱਸ ਦੇਈਏ ਕਿ ਜੇ. ਚਿਨਚੁਰਾਨੀ ਦੀ ਅਗਵਾਈ ਹੇਠ ਪੁੱਜੀ ਟੀਮ `ਚ ਕੁੱਲ 21 ਮੈਂਬਰ ਸਨ। ਇਹ 21 ਮੈਂਬਰੀ ਟੀਮ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸਮਝਣ ਲਈ ਦੌਰੇ ’ਤੇ ਹੈ। ਪੰਜਾਬ ਦੌਰੇ `ਤੇ ਪੁੱਜੀ ਇਹ ਕਮੇਟੀ/ਟੀਮ ''ਕੇਰਲਾ ਪਸ਼ੂ ਧਨ ਤੇ ਪੋਲਟਰੀ ਫ਼ੀਡ ਤੇ ਮਿਨਰਲ ਮਿਕਸਚਰ ਬਿਲ, 2022'' ਬਣਾਉਣ ਲਈ ਅਧਿਐਨ ਕਰਨ ਵਾਸਤੇ ਕੇਰਲਾ ਵਿਧਾਨ ਸਭਾ ਵੱਲੋਂ ਚੁਣੀ ਗਈ ਕਮੇਟੀ ਹੈ।
ਇਸ ਦੌਰੇ ਦੌਰਾਨ ਕੇਰਲਾ ਸਰਕਾਰ ਨੇ ਪਸ਼ੂਆਂ ਦੇ ਚਾਰੇ ਲਈ ਪਰਾਲੀ ਦੀ ਵਰਤੋਂ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਇਸ ਸਬੰਧੀ ਗੰਭੀਰਤਾ ਨਾਲ ਚਰਚਾ ਕਰਦਿਆਂ ਬਾਕਾਇਦਾ ਰਣਨੀਤੀ ਉਲੀਕਣ `ਤੇ ਵੀ ਗੱਲ ਕੀਤੀ। ਜੇਕਰ ਇਸ ਮੁੱਦੇ `ਤੇ ਦੋਵੇਂ ਸੂਬਿਆਂ ਦੀ ਸਹਿਮਤੀ ਬਣਦੀ ਹੋਈ ਤਾਂ ਹਵਾ ਪ੍ਰਦੂਸ਼ਣ ਸਮੇਤ ਕਈ ਸਮੱਸਿਆਵਾਂ ਦਾ ਕਾਰਨ ਬਣੀ ਝੋਨੇ ਦੀ ਪਰਾਲੀ ਦੇ ਪ੍ਰਬੰਧਨ `ਚ ਵੱਡੀ ਰਾਹਤ ਮਿਲੇਗੀ।
ਜੇ. ਚਿਨਚੁਰਾਨੀ ਨੇ ਪੰਜਾਬ ਪਸ਼ੂ ਪਾਲਣ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਆਖਿਆ। ਉਨ੍ਹਾਂ ਵਿਭਾਗ ਦੇ ਮੰਤਰੀ ਕੋਲੋਂ ਸਾਹੀਵਾਲ ਤੇ ਗਿਰ ਨਸਲ ਵਾਲੀਆਂ ਗਾਵਾਂ ਦਾ ਸੀਮਨ ਲੈਣ ਦੀ ਗੱਲ ਵੀ ਰੱਖੀ। ਜੇ. ਚਿਨਚੁਰਾਨੀ ਨੇ ਦੱਸਿਆ ਕਿ ਕੇਰਲ 'ਚ ਡੇਅਰੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਹੈ। ਸੂਬੇ ਦੇ ਲੱਖਾਂ ਕਿਸਾਨ ਇਸ ਧੰਦੇ ਨਾਲ ਜੁੜੇ ਹੋਏ ਹਨ। ਜਿਸਦੇ ਚਲਦਿਆਂ ਇਸ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਜੇ. ਚਿੰਚੁਰਾਨੀ ਨੇ ਕਿਹਾ ਕਿ ਕੇਰਲਾ ਦੀ ਭੂਗੋਲਿਕ ਸਥਿਤੀ ਕਾਰਨ ਕਿਸਾਨ ਇੱਥੇ ਲੋੜੀਂਦੀ ਮਾਤਰਾ `ਚ ਪਸ਼ੂਆਂ ਦਾ ਚਾਰਾ ਪੈਦਾ ਕਰਨ ਵਿੱਚ ਅਸਮਰਥ ਹਨ। ਕੇਂਦਰ ਸਰਕਾਰ ਦੇ ਕਿਸਾਨ ਰੇਲ ਪ੍ਰੋਜੈਕਟ ਰਾਹੀਂ ਝੋਨੇ ਦੀ ਪਰਾਲੀ ਨੂੰ ਕੇਰਲਾ ਸੂਬੇ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਇਸ ਨਾਲ ਸੂਬੇ ਦੇ ਵੱਡੀ ਗਿਣਤੀ `ਚ ਡੇਅਰੀ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ: ਪਰਾਲੀ ਬਣ ਸਕਦੀ ਹੈ ਚਾਰਾ, ਪਸ਼ੂਆਂ ਦੇ ਇਸ ਵਿਸ਼ੇਸ਼ ਭੋਜਨ ਨਾਲ ਵਧੇਗੀ ਦੁੱਧ ਦੀ ਪੈਦਾਵਾਰ
ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਉਪਰਾਲੇ ਨੂੰ ਦੋਵਾਂ ਸੂਬਿਆਂ ਲਈ ਫਾਇਦੇਮੰਦ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਕੇਰਲਾ ਸਰਕਾਰ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਿਆਂ ਵਿਚਕਾਰ ਸਮਝੌਤਿਆਂ ਨੂੰ ਸਮੇਂ ਸਿਰ ਅੱਗੇ ਰੱਖਿਆ ਜਾਵੇਗਾ।
ਦੌਰੇ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਆਈ ਟੀਮ ਨੂੰ ਦੱਸਿਆ ਕਿ ਰੌਣੀ ਫਾਰਮ `ਚ ਵਿਭਾਗ ਵੱਲੋਂ ਵਧੀਆ ਕੁਆਲਟੀ ਦਾ ਸੀਮਨ ਤਿਆਰ ਕਰਨ ਦੇ ਨਾਲ ਹੋਰਨਾਂ ਸੂਬਿਆਂ ਨੂੰ ਇਹ ਸੀਮਨ ਵੇਚਿਆ ਵੀ ਜਾਂਦਾ ਹੈ। ਸੂਬੇ ਵਿੱਚ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੀ ਲਗਾਤਾਰ ਟੀਕਾਕਰਨ ਮੁਹਿੰਮ ਚਲਾਈ ਜਾਂਦੀ ਹੈ।
Summary in English: Agreement between the states, the straw of Punjab will be used as fodder for the cattle of Kerala