Good News: ਸੰਸਾਰ ਪ੍ਰਸਿੱਧ ਝੋਨਾ ਵਿਗਿਆਨੀ, ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਵਿਸ਼ਵ ਭੋਜਨ ਇਨਾਮ ਜੇਤੂ ਡਾ. ਗੁਰਦੇਵ ਸਿੰਘ ਖੁਸ਼ ਦੀਆਂ ਪ੍ਰਾਪਤੀਆਂ ਵਿੱਚ ਇਕ ਹੋਰ ਮਾਣਮੱਤਾ ਵਾਧਾ ਹੋਇਆ। ਉਹਨਾਂ ਨੂੰ ‘ਵਿਕਸਿਤ ਦੇਸ਼ਾਂ ਦੇ ਖੋਜੀਆਂ’ ਦੇ ਵਰਗ ਵਿਚ 2023 ਲਈ ਵਿਨਫਿਊਚਰ ਇਨਾਮ ਪ੍ਰਾਪਤ ਹੋਇਆ। ਇਹ ਸਨਮਾਨ ਉਹਨਾਂ ਨੂੰ ਝੋਨੇ ਦੀਆਂ ਵਿਕਸਿਤ ਅਤੇ ਬਿਮਾਰੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਕਿਸਮਾਂ ਪੈਦਾ ਕਰਕੇ ਸੰਸਾਰ ਪੱਧਰ ਤੇ ਭੋਜਨ ਸੁਰੱਖਿਆ ਲਈ ਕੀਤੇ ਕਾਰਜ ਹਿਤ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵੀਅਤਨਾਮ ਸਥਿਤ ਵਿਨਫਿਊਚਰ ਫਾਊਡੇਸ਼ਨ ਸਥਿਰ ਵਾਤਾਵਰਨ ਅਤੇ ਲੋਕਾਈ ਦੇ ਭਲੇ ਲਈ ਕੀਤੀਆਂ ਜਾਣ ਵਾਲੀਆਂ ਤਕਨੀਕੀ ਖੋਜਾਂ ਦੀ ਪਛਾਣ ਕਰਨ ਵਾਲਾ ਸੰਸਥਾਨ ਹੈ। ਇਹ ਸੰਸਥਾਨ ਵਿਗਿਆਨ ਤਕਨਾਲੋਜੀ ਨਵੀਆਂ ਖੋਜ ਦੇ ਖੇਤਰ ਵਿਚ ਇਨਾਮ ਦੇ ਕੇ ਭਵਿੱਖ ਦੀ ਦੁਨੀਆਂ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਸਨਮਾਨਿਤ ਕਰਦਾ ਹੈ।
ਦੱਸ ਦੇਈਏ ਕਿ ਡਾ. ਖੁਸ਼ ਨੇ ਬਹੁਤ ਸਾਰੀਆਂ ਬਿਮਾਰੀਆਂ ਦੇ ਸਾਹਮਣੇ ਸਫਲਤਾ ਨਾਲ ਬੀਜੀਆਂ ਜਾਣ ਵਾਲੀਆਂ ਝੋਨੇ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਜਿਨ੍ਹਾਂ ਵਿੱਚ ਆਈ ਆਰ-8, ਆਈ ਆਰ-36 ਅਤੇ ਆਈ ਆਰ-64 ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਹ ਕਿਸਮਾਂ ਕੀੜਿਆਂ ਅਤੇ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਸਨ, ਇਹਨਾਂ ਦੇ ਪੱਕਣ ਦੀ ਮਿਆਦ ਘੱਟ ਸੀ ਅਤੇ ਇਹਨਾਂ ਕਿਸਮਾਂ ਦੇ ਅਨਾਜ ਦਾ ਮਿਆਰ ਵੀ ਉੱਚ ਪੱਧਰੀ ਸੀ। ਇਸ ਨਾਲ ਵਿਸ਼ਵ ਪੱਧਰ ਤੇ ਝੋਨੇ ਦੀ ਕਾਸ਼ਤ ਵਿਚ ਵਿਆਪਕ ਤਬਦੀਲੀ ਆਈ, ਉਤਪਾਦਨ ਵਧਿਆ, ਲਾਗਤ ਕੀਮਤਾਂ ਵਿਚ ਕਮੀ ਆਈ ਅਤੇ ਮਾਰੂ ਰਸਾਇਣਾਂ ਦੀ ਵਰਤੋਂ ਘਟੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ. ਖੁਸ਼ ਵੱਲੋਂ ਵਿਕਸਿਤ ਕੀਤੀ ਇਕ ਕਿਸਮ ਆਈ ਆਰ-64 ਆਪਣੇ ਸਾਥੀ ਖੋਜੀਆਂ ਨਾਲ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਵਿਚ ਪੈਦਾ ਕੀਤੀ ਗਈ। ਇਸ ਕਿਸਮ ਨੂੰ ਬਹੁਤ ਸਾਰੀਆਂ ਹਾਈਬ੍ਰਿਡ ਕਿਸਮਾਂ ਦੀ ਅਧਾਰ ਕਿਸਮ ਮੰਨਿਆ ਗਿਆ ਅਤੇ ਪੂਰੀ ਦੁਨੀਆਂ ਵਿਚ ਇਸ ਕਿਸਮ ਤੋਂ ਹੋਰ ਕਿਸਮਾਂ ਪੈਦਾ ਹੋਈਆਂ। ਡਾ. ਖੁਸ਼ ਨੇ ਕੈਲੇਫੋਰਨੀਆਂ ਯੂਨੀਵਰਸਿਟੀ, ਡੇਵਿਸ ਵਿੱਚ ਖੋਜ ਸਹਾਇਕ ਅਤੇ ਸਹਾਇਕ ਜੈਨੇਸਿਸਟ ਤੋਂ ਲੈ ਕੇ ਆਈ ਆਈ ਆਰ ਆਈ ਦੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਵਜੋਂ ਤਿੰਨ ਦਹਾਕਿਆਂ ਤੱਕ ਸਫਲਤਾ ਦਾ ਸ਼ਾਨਦਾਰ ਇਤਿਹਾਸ ਲਿਖਿਆ।
ਉਹਨਾਂ ਨੇ ਝੋਨੇ ਦੀਆਂ 300 ਤੋਂ ਵਧੇਰੇ ਕਿਸਮਾਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ, ਜਿਸ ਵਿੱਚ ਦੁਨੀਆਂ ਭਰ ਵਿੱਚ ਚੌਲਾਂ ਦੀ ਕਾਸ਼ਤ ਦੁਗਣੀ ਹੋਈ। ਵਿਸ਼ਵ ਵਿੱਚ ਬੀਜੀਆਂ ਜਾਣ ਵਾਲੀਆਂ ਝੋਨੇ ਦੀਆਂ 60 ਪ੍ਰਤੀਸ਼ਤ ਕਿਸਮਾਂ ਆਈ ਆਰ ਆਰ ਆਈ ਵਿਚ ਪੈਦਾ ਕਿਸਮਾਂ ਤੋਂ ਨਿਰਮਿਤ ਹਨ। ਇਸ ਤੋਂ ਪਹਿਲਾਂ ਡਾ. ਖੁਸ਼ ਨੂੰ ਬੋਰਲਾਗ ਐਵਾਰਡ, ਜਪਾਨ ਪ੍ਰਾਈਜ਼, ਰੈਂਕ ਪ੍ਰਾਈਜ਼, ਵੋਲਫ ਪ੍ਰਾਈਜ਼, ਗੋਲਡਨ ਸਿਕਲ ਐਵਾਰਡ, ਬੀ ਪੀ ਪਾਲ ਮੈਮੋਰੀਅਲ ਐਵਾਰਡ, ਪਦਮਸ਼੍ਰੀ ਅਤੇ 1996 ਵਿਚ ਸਭ ਤੋਂ ਵੱਕਾਰੀ ਵਿਸ਼ਵ ਭੋਜਨ ਪ੍ਰਾਈਜ਼ ਹਾਸਲ ਹੋਇਆ।
ਇਹ ਵੀ ਪੜੋ: ਖੇਤੀ ਦੇ ਮੌਜੂਦਾ ਮੁੱਦਿਆਂ ਬਾਰੇ ਵਿਚਾਰ-ਚਰਚਾ, ਮਾਹਿਰਾਂ ਨੇ ਚਲੰਤ ਖੇਤੀ ਸਮੱਸਿਆਵਾਂ ਸੰਬੰਧੀ ਦਿੱਤੇ ਸੁਝਾਅ
ਇਕ ਵਿਗਿਆਨੀ ਦੇ ਤੌਰ 'ਤੇ ਐਨੀਆਂ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਡਾ. ਖੁਸ਼ ਆਪਣੇ ਖੇਤਰ ਦੇ ਪ੍ਰਸਿੱਧ ਵਿਦਵਾਨ ਅਤੇ ਲੇਖਕ ਵਜੋਂ ਯੋਗਦਾਨ ਪਾਉਂਦੇ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਡਾ. ਖੁਸ਼ ਨੇ ਵਰਲਡ ਫੂਡ ਪ੍ਰਾਈਜ਼ ਦੀ ਸਾਢੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਪੀ.ਏ.ਯੂ. ਨੂੰ ਦਾਨ ਕਰ ਦਿੱਤੀ ਸੀ ਜਿਸ ਨਾਲ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਸਕਾਲਰਸ਼ਿਪਾਂ ਅਤੇ ਖੋਜ ਗ੍ਰਾਂਟਾਂ ਦੇ ਕੇ ਖੋਜ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਰਾਸ਼ੀ ਦਾ ਸਲਾਨਾ 20 ਲੱਖ ਰੁਪਏ ਕਰੀਬ ਵਿਆਜ ਪੀ.ਏ.ਯੂ. ਅਕਾਦਮਿਕ ਸੰਸਾਰ ਵਿਚ ਇਨਾਮਾਂ ਦੇ ਰੂਪ ਵਿਚ ਦਿੱਤਾ ਜਾਂਦਾ ਹੈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਨਫਿਊਚਰ ਇਨਾਮ ਮਿਲਣ ਤੇ ਡਾ. ਖੁਸ਼ ਨੂੰ ਹਾਰਦਿਕ ਵਧਾਈ ਦਿੱਤੀ। ਉਹਨਾਂ ਕਿਹਾ ਕਿ ਡਾ. ਖੁਸ਼ ਦੀ ਇਕ ਵਿਗਿਆਨੀ ਵਜੋਂ ਯਾਤਰਾ ਕਈ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕਾਰਜ ਕਰ ਰਹੀ ਹੈ। ਡਾ. ਖੁਸ਼ ਨੇ ਆਪਣੀ ਲਗਨ, ਸਮਰਪਣ ਅਤੇ ਸਿਰੜ ਨਾਲ ਖੇਤੀ ਵਿਗਿਆਨ ਦੇ ਖੇਤਰ ਵਿਚ ਸੁਨਹਿਰੀ ਯੋਗਦਾਨ ਦਿੱਤਾ ਹੈ। ਉਹਨਾਂ ਕਿਹਾ ਕਿ ਡਾ. ਖੁਸ਼ ਦੀਆਂ ਪ੍ਰਾਪਤੀਆਂ ਨੂੰ ਨੌਜਵਾਨ ਵਿਗਿਆਨੀਆਂ ਤੱਕ ਪਹੁੰਚਾਉਣ ਲਈ ਹੀ ਪੀ.ਏ.ਯੂ. ਵਿੱਚ ਡਾ. ਖੁਸ਼ ਸੰਸਥਾਨ ਅਤੇ ਮਿਊਜ਼ੀਅਮ ਦੀ ਸਥਾਪਨਾ ਕੀਤੀ ਗਈ ਹੈ।
ਇਹ ਵੀ ਪੜੋ: Birsa Agricultural University ਦੇ ਨਵੇਂ ਵਾਈਸ ਚਾਂਸਲਰ ਹੋਣਗੇ Dr. Sunil Chandra Dubey
ਇਸਦੇ ਨਾਲ ਹੀ ਡਾ. ਗੋਸਲ ਨੇ ਡਾ. ਖੁਸ਼ ਸੰਸਥਾਨ ਵਿਚ ਬਾਇਓਤਕਾਨਲੋਜੀ ਵਿਭਾਗ ਦੀ ਸਹਾਇਤਾ ਨਾਲ ਜਾਰੀ ਸੈਂਟਰ ਆਫ ਐਕਸੀਲੈਂਸ ਪ੍ਰੋਜੈਕਟ ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਸਿਰਲੇਖ ਡਿਵੈਲਪਮੈਂਟ ਐਂਡ ਇੰਟੀਗ੍ਰੇਸ਼ਨ ਆਫ ਐਡਵਾਂਸਡ ਜੈਨੋਮਿਕਸ ਤਕਨਾਲੋਜੀਜ਼ ਫਾਰ ਟਾਰਗੇਟਡ ਬਰੀਡਿੰਗ ਹੈ ਅਤੇ ਇਸਦਾ ਮੰਤਵ ਖੇਤੀ ਵਿਭਿੰਨਤਾ ਦੇ ਉਦੇਸ਼ ਨਾਲ ਵੱਖ-ਵੱਖ ਫਸਲਾਂ ਜਿਵੇਂ ਮੱਕੀ, ਅਰਹਰ, ਨਰਮਾ, ਬਰੈਸਿਕਾ, ਬਾਸਮਤੀ, ਮਟਰ, ਨਿੰਬੂ ਜਾਤੀ ਫਲ ਅਤੇ ਅਮਰੂਦ ਆਦਿ ਦੀਆਂ ਬਰੀਡਿੰਗ ਤਕਨੀਕਾਂ ਬਾਰੇ ਕਾਰਜ ਕਰਨਾ ਹੈ। ਇਹ ਪਹਿਲਕਦਮੀ ਨਾ ਸਿਰਫ ਡਾ. ਖੁਸ਼ ਦੇ ਯੋਗਦਾਨ ਨੂੰ ਯਾਦ ਕਰਨ ਲਈ ਕੀਤੀ ਗਈ ਹੈ ਬਲਕਿ ਇਸ ਨਾਲ ਖੇਤੀ ਖੋਜ ਦੇ ਨਵੇਂ ਦਿਸਹੱਦੇ ਛੂਹਣਾ ਵੀ ਮੁੱਖ ਮੰਤਵ ਵਜੋਂ ਸ਼ਾਮਿਲ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Agricultural Luminary Dr. Gurdev Singh Khush Secures VinFuture Prize 2023