Farmer First Project: ਫਾਰਮਰ ਫਸਟ ਪ੍ਰਾਜੈਕਟ ਦੇ ਤਹਿਤ ਵੈਟਨਰੀ ਯੂਨੀਵਰਸਿਟੀ ਵੱਲੋਂ ਇਕ ਹੋਰ ਪਿੰਡ ਗੋਦ ਲਿਆ ਗਿਆ ਹੈ। ਦੱਸ ਦੇਈਏ ਕਿ ਇਹ ਪ੍ਰਾਜੈਕਟ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ।
Village Adopted by Veterinary University: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਮੇਂ-ਸਮੇਂ 'ਤੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ। ਇਸੀ ਲੜੀ ਨੂੰ ਬਰਕਰਾਰ ਰੱਖਦਿਆਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਪ੍ਰਾਯੋਜਿਤ ਫਾਰਮਰ ਫਸਟ ਪ੍ਰਾਜੈਕਟ ਦੇ ਤਹਿਤ ਇਕ ਹੋਰ ਪਿੰਡ ਗੋਦ ਲਿਆ ਗਿਆ ਹੈ। ਦਰਅਸਲ, ਇਸ ਪ੍ਰਾਜੈਕਟ ਤਹਿਤ ਹੁਣ ਪਿੰਡ ’ਹਮੀਦੀ’ ਨੂੰ ਅਪਣਾਇਆ ਗਿਆ ਹੈ। ਜਿਕਰਯੋਗ ਹੈ ਕਿ ਇਹ ਪ੍ਰਾਜੈਕਟ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਨਿਗਰਾਨੀ ਅਧੀਨ ਚਲ ਰਿਹਾ ਹੈ।
ਪ੍ਰਾਜੈਕਟ ਦੇ ਮੁੱਖ ਨਿਰੀਖਕ, ਡਾ. ਵਾਈ ਐਸ ਜਾਦੋਂ, ਸਹਿ-ਮੁੱਖ ਨਿਰੀਖਕ ਅਮਨਦੀਪ ਸਿੰਘ ਅਤੇ ਡਾ. ਐਸ ਕੇ ਕਾਂਸਲ ਦੀ ਮੌਜੂਦਗੀ ਵਿਚ ਸ. ਜਸਵਿੰਦਰ ਸਿੰਘ, ਸਰਪੰਚ, ਪੰਚਾਇਤ ਮੈਂਬਰਾਂ ਅਤੇ ਮੁਹਤਬਰ ਵਸਨੀਕਾਂ ਦੀ ਇਕ ਮੀਟਿੰਗ ਪਿੰਡ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਪਿੰਡ ਵਾਸੀਆਂ ਨੂੰ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ। ਡਾ. ਜਾਦੋਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪਿੰਡ ਦਾ ਸਰਵੇ ਕੀਤਾ ਜਾਏਗਾ ਅਤੇ ਉਸ ਮੁਤਾਬਿਕ ਲੋੜਾਂ ਨੂੰ ਸੂਚੀਬੱਧ ਕਰਕੇ ਕਾਰਜ ਸ਼ੁਰੂ ਕੀਤਾ ਜਾਏਗਾ।
ਪ੍ਰਾਜੈਕਟ ਅਧੀਨ ਕਾਰਜਸ਼ੀਲ ਇਕ ਹੋਰ ਪਿੰਡ 'ਧਨੇਰ' ਵਿਖੇ ਇਕ ਸਿਖਲਾਈ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਬਾਰੇ ਦੱਸਿਆ ਗਿਆ। ਡਾ. ਗੋਪਿਕਾ ਤਲਵਾੜ ਨੇ ਦੁੱਧ ਵਿਚ ਹੋ ਰਹੀ ਮਿਲਾਵਟ ਦੇ ਤੱਤਾਂ ਅਤੇ ਇਸ ਤੋਂ ਉਭਰਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ।
ਇਹ ਵੀ ਪੜ੍ਹੋ : ਕ੍ਰਿਸ਼ੀ ਜਾਗਰਣ ਟੀਮ ਨੇ ਆਈ.ਸੀ.ਏ.ਆਰ ਦੇ ਨਵੇਂ ਡਾਇਰੈਕਟਰ ਜਨਰਲ ਡਾ. ਹਿਮਾਂਸ਼ੂ ਪਾਠਕ ਨਾਲ ਕੀਤੀ ਮੁਲਾਕਾਤ
ਇਸ ਮੌਕੇ ਡਾ. ਰੇਖਾ ਚਾਵਲਾ ਨੇ ਕਿਸਾਨ ਬੀਬੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਬਾਰੇ ਸਿੱਖਿਅਤ ਕੀਤਾ। ਉਨ੍ਹਾਂ ਨੇ ਦੁੱਧ ਤੋਂ ਬਚੇ ਸਹਿ-ਉਤਪਾਦਾਂ ਦੀ ਸੁਚੱਜੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਨਾਲ ਕਿ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਦੁੱਧ ਦੀ ਮਿਲਾਵਟ ਸੰਬੰਧੀ ਤਿਆਰ ਕੀਤੀ ਜਾਂਚ ਕਿੱਟ ਵੀ ਲਾਭਪਾਤਰੀ ਬੀਬੀਆਂ ਨੂੰ ਦਿੱਤੀ ਤਾਂ ਜੋ ਉਹ ਘਰੇਲੂ ਪੱਧਰ ’ਤੇ ਵੀ ਦੁੱਧ ਦੀ ਜਾਂਚ ਕਰ ਸਕਣ। ਪ੍ਰੋਗਰਾਮ ਦੌਰਾਨ ਡਾ. ਬਰਾੜ ਨੇ ਟੀਮ ਮੈਂਬਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨ ਭਾਈਚਾਰੇ ਦੀ ਭਲਾਈ ਲਈ ਬੜਾ ਸੁਚੱਜਾ ਕੰਮ ਕੀਤਾ ਜਾ ਰਿਹਾ ਹੈ।
Summary in English: Another village adopted by Veterinary University under Farmer First Project