ਦਿੱਲੀ-ਐਨਸੀਆਰ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਹੈ। ਦਰਅਸਲ, ਵਧਦੇ ਪ੍ਰਦੂਸ਼ਣ ਦਾ ਕਹਿਰ ਹੁਣ ਹੌਲੀ-ਹੌਲੀ ਜਾਨਲੇਵਾ ਸਥਿਤੀ 'ਚ ਪਹੁੰਚ ਰਿਹਾ ਹੈ, ਜਿਸਦਾ ਖਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸਥਿਤੀ ਵਿਗੜਦੀ ਦੇਖ ਕੇ ਹੁਣ ਸਰਕਾਰ ਨੇ ਵੀ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਦਿੱਲੀ ਵਿੱਚ ਪ੍ਰਦੂਸ਼ਣ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਬਹੁਤ ਬੁਰੀ ਹਾਲਤ 'ਚ ਪਹੁੰਚ ਗਿਆ ਹੈ। ਇਨ੍ਹਾਂ ਹੀ ਨਹੀਂ, ਪ੍ਰਦੂਸ਼ਣ ਕਾਰਨ ਵਿਜ਼ੀਬਿਲਟੀ ਵੀ ਘੱਟ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਅੱਜ 472 ਨੂੰ ਪਾਰ ਕਰ ਗਿਆ। ਜਦੋਕਿ, ਸ਼ੁੱਕਰਵਾਰ ਸਵੇਰੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਇਹ 600 ਤੱਕ ਪਹੁੰਚ ਗਿਆ। ਤੁਹਾਨੂੰ ਦੱਸ ਦੇਈਏ ਕਿ 450 ਤੋਂ ਉੱਪਰ ਇਸ ਨੂੰ ਬਹੁਤ ਗੰਭੀਰ ਮੰਨਿਆ ਜਾਂਦਾ ਹੈ।
ਦਿੱਲੀ ਵਿੱਚ ਸਕੂਲ ਬੰਦ
ਦਿੱਲੀ ਵਿੱਚ ਪ੍ਰਦੂਸ਼ਣ ਦੇ ਮੱਦੇਨਜ਼ਰ ਰਾਜਧਾਨੀ ਵਿੱਚ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਜੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਇਹ ਪਹਿਲੀ ਵਾਰ ਨਹੀਂ ਹੈ ਕਿ ਪ੍ਰਦੂਸ਼ਣ ਕਾਰਨ ਦਿੱਲੀ ਦੇ ਸਕੂਲ ਬੰਦ ਕੀਤੇ ਗਏ ਹਨ, ਪਰ ਹਰ ਸਾਲ ਨਵੰਬਰ ਮਹੀਨੇ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਇੰਨਾ ਵੱਧ ਜਾਂਦਾ ਹੈ ਕਿ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ। ਦੱਸ ਦੇਈਏ ਕਿ ਕੋਰੋਨਾ ਕਾਰਨ ਦਿੱਲੀ ਸਮੇਤ ਪੂਰੇ ਦੇਸ਼ ਦੇ ਵਿਦਿਅਕ ਅਦਾਰੇ ਪਿਛਲੇ 2 ਸਾਲਾਂ ਤੋਂ ਬੰਦ ਸਨ, ਜਿਸ ਦਾ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਪ੍ਰਭਾਵ ਪਿਆ, ਹਾਲਾਂਕਿ ਇਸ ਲਈ ਆਨਲਾਈਨ ਕਲਾਸਾਂ ਵੀ ਚਲਾਈਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਪਰਾਲੀ ਪ੍ਰਬੰਧਨ ਦਾ ਮੁੱਦਾ ਭੱਖਿਆ, ਸੂਬਾ ਤੇ ਕੇਂਦਰ ਸਰਕਾਰ ਆਹਮੋ-ਸਾਹਮਣੇ
ਕੇਜਰੀਵਾਲ ਅਤੇ ਮਾਨ ਨੇ ਕੀਤੀ ਸਾਂਝੀ ਪ੍ਰੈਸ ਕਾਨਫਰੰਸ
ਪਰਾਲੀ ਤੇ ਪ੍ਰਦੂਸ਼ਣ ਦਾ ਮੁੱਦਾ ਭਖਦਿਆਂ ਦੇਖ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਸਾਡੇ ਕੋਲ ਘੱਟ ਸਮਾਂ ਸੀ। ਇਸੇ ਲਈ ਇਹ ਸਮੱਸਿਆ ਇੰਨੀ ਜਲਦੀ ਹੱਲ ਨਹੀਂ ਹੋ ਸਕੀ, ਅਗਲੇ ਸਾਲ ਤੱਕ ਅਸੀਂ ਇਸ ਦਾ ਠੋਸ ਹੱਲ ਲੱਭ ਲਵਾਂਗੇ। ਇਸ ਦੌਰਾਨ ਸੀ.ਐਮ ਮਾਨ ਨੇ ਮਾਮਲੇ ਦੀ ਪੂਰੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਅਸੀਂ ਵਾਅਦਾ ਕਰਦੇ ਹਾਂ ਕਿ ਅਗਲੇ ਸਾਲ ਤੱਕ ਇਹ ਸਮੱਸਿਆ ਨਹੀਂ ਆਵੇਗੀ।
ਦਿੱਲੀ 'ਚ ਪਾਬੰਦੀਆਂ
● ਦਿੱਲੀ 'ਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਰਾਜਧਾਨੀ 'ਚ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ।
● ਦਿੱਲੀ 'ਚ ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
● ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ 5 ਨਵੰਬਰ ਤੋਂ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ।
● ਵਧਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਔਡ-ਈਵਨ ਲਾਗੂ ਕੀਤਾ ਜਾ ਸਕਦਾ ਹੈ।
● ਰਾਜਧਾਨੀ ਵਿੱਚ ਕੈਗ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਛੱਡ ਕੇ ਟਰੱਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
● ਹਾਈਵੇਅ, ਫਲਾਈਓਵਰ ਸਮੇਤ ਵੱਡੇ ਨਿਰਮਾਣ ਕਾਰਜ ਮੁਲਤਵੀ ਕਰ ਦਿੱਤੇ ਗਏ ਹਨ।
● ਜ਼ਰੂਰੀ ਵਸਤਾਂ ਤੋਂ ਇਲਾਵਾ ਫੈਕਟਰੀਆਂ ਬੰਦ ਕਰਨ ਦਾ ਹੁਕਮ ਹੈ।
ਇਹ ਵੀ ਪੜ੍ਹੋ: Big News! ਸੁਪਰੀਮ ਕੋਰਟ ਨੇ ਜੀਐਮ ਸਰ੍ਹੋਂ ਦੀ ਕਾਸ਼ਤ ਨੂੰ ਮਨਜ਼ੂਰੀ ਦੇਣ 'ਤੇ ਲਗਾਈ ਰੋਕ, ਪੜੋ ਪੂਰੀ ਖ਼ਬਰ
ਨੋਇਡਾ 'ਚ ਪਾਬੰਦੀਆਂ
● ਨੋਇਡਾ ਵੀ ਪ੍ਰਦੂਸ਼ਣ ਦੇ ਪ੍ਰਭਾਵਾਂ ਤੋਂ ਅਛੂਤਾ ਨਹੀਂ ਹੈ। ਦਿੱਲੀ ਦੇ ਗੁਆਂਢੀ ਸੂਬੇ ਵੀ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਗਏ ਹਨ।
● ਗੌਤਮ ਬੁੱਧ ਨਗਰ ਵਿੱਚ 8 ਨਵੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
● ਵੱਡੇ ਨਿਰਮਾਣ ਕਾਰਜਾਂ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।
● 5,000 ਵਰਗ ਮੀਟਰ ਤੋਂ ਵੱਡੀਆਂ ਉਸਾਰੀ ਵਾਲੀਆਂ ਥਾਵਾਂ 'ਤੇ ਐਂਟੀ ਸਮੋਗ ਗਨ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਵਰਕ ਫਰੌਮ ਹੋਮ
ਦਿੱਲੀ 'ਚ ਵੱਧ ਰਹੇ ਪ੍ਰਦੂਸ਼ਣ ਦਾ ਆਮ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਇਸ ਨੂੰ ਦੇਖਦੇ ਹੋਏ ਕਿਆਸ ਲਗਾਏ ਜਾ ਰਹੇ ਹਨ ਕਿ ਦਿੱਲੀ ਦੇ ਦਫਤਰ 'ਚ 50 ਫੀਸਦੀ ਸਟਾਫ ਦੇ ਘਰੋਂ ਕੰਮ ਸ਼ੁਰੂ ਹੋ ਸਕਦਾ ਹੈ। ਹਾਲਾਂਕਿ, ਇਸ ਸਬੰਧੀ ਸਰਕਾਰ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
Summary in English: AQI crossed 500! school closed in Delhi-NCR, pollution case reached Supreme Court!