Agricultural and Nutritional Innovations: ਮੈਮੋਰੀਅਲ ਯੂਨੀਵਰਸਿਟੀ ਨਿਊਂ ਫਾਊਂਡਲੈਂਡ ਤੋਂ ਆਏ ਵਿਦਿਆਰਥੀਆਂ ਦੇ ਇਕ ਵਫ਼ਦ ਨੇ ਬੀਤੇ ਦਿਨੀਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਨਾਲ ਖੇਤੀ ਦੀਆਂ ਮੌਜੂਦਾ ਚੁਣੌਤੀਆਂ ਸੰਬੰਧੀ ਵਿਚਾਰ-ਚਰਚਾ ਕੀਤੀ। ਇਸ ਮੌਕੇ ਐੱਮ ਯੂ ਐੱਨ ਦੇ ਬਇਓਕਮਿਸਟਰੀ ਦੇ ਪੋ੍ਰਫੈਸਰ ਡਾ. ਸੁਖਿੰਦਰ ਕੇ ਚੀਮਾ ਦੀ ਅਗਵਾਈ ਵਿਚ ਸਹਾਇਕ ਪ੍ਰੋਫੈਸਰ ਡਾ. ਸ਼ਿਆਮ ਚੰਦ ਮੇਂਗਬਾਮ ਅਤੇ 10 ਵਿਦਿਆਰਥੀਆਂ ਨੇ ਪੀ.ਏ.ਯੂ. ਅਧਿਕਾਰੀਆਂ ਨਾਲ ਗੱਲਬਾਤ ਵਿਚ ਦਿਲਚਸਪੀ ਦਿਖਾਈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਫਦ ਦਾ ਸਵਾਗਤ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਖੇਤੀ ਖੋਜਾਂ ਅਤੇ ਇਤਿਹਾਸਕ ਮਹੱਤਵ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਦੇਸ਼ ਨੂੰ ਅਨਾਜ ਪੱਖੋਂ ਸਵੈ ਨਿਰਭਰ ਬਨਾਉਣ ਅਤੇ ਹਰੀ ਕ੍ਰਾਂਤੀ ਰਾਹੀਂ ਖਿੱਤੇ ਦੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਇਤਿਹਾਸਕ ਭੂਮਿਕਾ ਅਦਾ ਕੀਤੀ ਹੈ। ਪੀ.ਏ.ਯੂ. ਨੇ ਵਿਗਿਆਨਕ ਖੇਤੀ ਨੂੰ ਕਿਸਾਨੀ ਤੌਰ ਤਰੀਕਿਆਂ ਦਾ ਹਿੱਸਾ ਬਨਾਉਣ ਲਈ ਵਿਕਸਿਤ ਖੇਤੀ ਤਕਨੀਕਾਂ ਇਜ਼ਾਦ ਕੀਤੀਆਂ। ਇਸ ਤੋਂ ਇਲਾਵਾ ਮਸ਼ੀਨਰੀ, ਬਾਗਬਾਨੀ ਅਤੇ ਅਨਾਜ ਫਸਲਾਂ ਦੇ ਖੇਤਰ ਵਿਚ ਯੂਨੀਵਰਸਿਟੀ ਨੇ ਭਰਪੂਰ ਯੋਗਦਾਨ ਪਾਇਆ।
ਡਾ. ਗੋਸਲ ਨੇ ਕਿਹਾ ਮੌਜੂਦਾ ਸਮੇਂ ਉਤਪਾਦਨ ਦੇ ਨਾਲ-ਨਾਲ ਪੋਸ਼ਣ ਅਤੇ ਵਾਤਾਵਰਨ ਪੱਖੀ ਤਕਨੀਕਾਂ ਵੱਲ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਕੇਂਦਰਿਤ ਹਨ ਇਸਲਈ ਮੌਜੂਦਾ ਸਮੇਂ ਦੀ ਮੰਗ ਅਨੁਸਾਰ ਫਸਲਾਂ ਦੀਆਂ ਕਿਸਮਾਂ ਦੇ ਵਿਕਾਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭੋਜਨ ਅਤੇ ਪੋਸ਼ਣ ਦੇ ਨਾਲ-ਨਾਲ ਪ੍ਰੋਸੈਸਿੰਗ ਨੂੰ ਕਿਸਾਨੀ ਵਿਾਹਰ ਦਾ ਹਿੱਸਾ ਬਨਾਉਣ ਲਈ ਯੂਨੀਵਰਸਿਟੀ ਵੱਲੋਂ ਵਿਆਪਕ ਤੌਰ ਤੇ ਕਾਰਜ ਕੀਤਾ ਜਾ ਰਿਹਾ ਹੈ। ਵਾਈਸ ਚਾਂਸਲਰ ਨੇ ਵਿਸ਼ੇਸ਼ ਤੌਰ ਤੇ ਸਪੀਡ ਬਰੀਡਿੰਗ, ਏ ਆਈ, ਡਰੋਨ ਅਧਾਰਿਤ ਖੇਤੀ ਕਾਰਜ ਆਦਿ ਨੂੰ ਭਵਿੱਖ ਦੇ ਖੋਜ ਉਦੇਸ਼ਾਂ ਵਜੋਂ ਪ੍ਰਭਾਸ਼ਿਤ ਕੀਤਾ।
ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਪੀ.ਏ.ਯੂ. ਦੀਆਂ ਅਕਾਦਮਿਕ ਪ੍ਰਾਪਤੀਆਂ ਸਦਕਾ ਐੱਨ ਆਈ ਆਰ ਐੱਫ 2023 ਦੀ ਰੈਂਕਿੰਗ ਵਿਚ ਇਸਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨਿਆ ਗਿਆ ਸੀ। ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਪੀ.ਏ.ਯੂ. ਵੱਲੋਂ ਖਿੱਤੇ ਦੀਆਂ ਔਰਤਾਂ ਨੂੰ ਖੇਤੀ ਕਾਰਜਾਂ ਦਾ ਹਿੱਸਾ ਬਨਾਉਣ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।
ਡਾ. ਸੁਖਿੰਦਰ ਕੇ ਚੀਮਾ ਨੇ ਆਪਣੇ ਖੋਜ ਉਦੇਸ਼ਾਂ ਬਾਰੇ ਗੱਲ ਕਰਦਿਆਂ ਖਾਣ ਪੀਣ ਦੀਆਂ ਆਦਤਾਂ ਦੇ ਮਨ, ਸਰੀਰ ਅਤੇ ਮਾਨਸਿਕਤਾ ਉੱਪਰ ਪੈਣ ਵਾਲੇ ਪ੍ਰਭਾਵਾਂ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਉਦਯੋਗਾਂ ਨਾਲ ਸਾਂਝਦਾਰੀ ਵਿਚ ਮਨੁੱਖੀ ਸਿਹਤ ਦੀ ਬਿਹਤਰੀ ਲਈ ਢੁੱਕਵੇਂ ਭੋਜਨ ਸੰਬੰਧੀ ਖੋਜ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਡਾ. ਚੀਮਾ ਨੇ ਆਪਣੀ ਬਾਇਓਕਮਿਸਟਰੀ ਦੀ ਐੱਮ ਐੱਸ ਸੀ ਪੀ.ਏ.ਯੂ. ਤੋਂ ਹਾਸਲ ਕਰਨ ਤੋਂ ਬਾਅਦ ਚੰਡੀਗੜ ਤੋਂ ਪੀ ਐੱਚ ਡੀ ਕੀਤੀ ਅਤੇ ਅਲਬਰਟਾ ਯੂਨੀਵਰਸਿਟੀ ਤੋਂ ਪੋਸਟ ਡਾਕਟਰਲ ਫੈਲੋਸ਼ਿਪ ਹਾਸਲ ਕੀਤੀ। ਵਫ਼ਦ ਦੇ ਵਿਦਿਆਰਥੀਆਂ ਨੇ ਭਾਰਤ ਵਿਚ ਹਾਸਲ ਕੀਤੇ ਤਜਰਬਿਆਂ ਸੰਬੰਧੀ ਗੱਲ ਕੀਤੀ। ਵਿਦਿਆਰਥੀਆਂ ਨੇ ਇੱਥੋਂ ਦੀਆਂ ਇਤਿਹਾਸਕ ਥਾਵਾਂ ਦੇ ਨਾਲ-ਨਾਲ ਖੇਤੀ ਸੰਬੰਧੀ ਕੀਤੇ ਵਿਕਾਸ ਦੀ ਸ਼ਲਾਘਾ ਕੀਤੀ। ਉਹਨਾਂ ਨੇ ਪੰਜਾਬ ਦੀ ਖੁਰਾਕ ਨੂੰ ਵਿਸ਼ੇਸ਼ ਤੌਰ ਤੇ ਸਲਾਹਿਆ।
ਡਾ. ਚੀਮਾ ਨੇ ਵਿਦਿਆਰਥੀਆਂ ਦੇ ਵਟਾਂਦਰਾ ਪ੍ਰੋਗਰਾਮ ਰਾਹੀਂ ਦੋਵਾਂ ਯੂਨੀਵਰਸਿਟੀਆਂ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਸਦੇ ਨਾਲ ਹੀ ਉਹਨਾਂ ਨੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਨਾਲ ਐੱਮ ਓ ਯੂ ਸੰਬੰਧੀ ਵੀ ਗੱਲ ਕੀਤੀ। ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ।
Summary in English: At PAU, a delegation of students from Memorial University of Newfoundland (MUN) discussed agriculture