Awareness Camp: ਪੀਏਯੂ ਦੇ ਵਿਦਿਆਰਥੀਆਂ ਨੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਤੋਂ ਇਲਾਵਾ ਫਲਾਂ, ਸਬਜ਼ੀਆਂ, ਫੁੱਲਾਂ ਅਤੇ ਖੇਤੀ ਜੰਗਲਾਤ ਫਸਲਾਂ ਦੀ ਕਾਸ਼ਤ ਲਈ ਮੌਜੂਦਾ ਕਣਕ-ਝੋਨਾ ਦੇ ਫਸਲੀ ਚੱਕਰ ਵਿੱਚ ਵਿਭਿੰਨਤਾ ਲਿਆਉਣ ਦੇ ਉਦੇਸ਼ ਨਾਲ ਰਾਵੇ ਅਧੀਨ ਇਕ ਜਾਗਰੂਕਤਾ ਕੈਂਪ ਲਾਇਆ।
ਇਸ ਕੈਂਪ ਵਿਚ ਪਰਾਲੀ ਦੀ ਸੁਚੱਜੀ ਸੰਭਾਲ ਅਤੇ ਖੇਤੀ ਵਿਭਿੰਨਤਾ ਵਿੱਚ ਬਾਗਬਾਨੀ ਦਾ ਮਹੱਤਵ ਬਾਰੇ ਜਾਗਰੂਕਤਾ ਦਾ ਪਸਾਰ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਝਾਂਡੇ ਦੇ ਖੇਡ ਮੈਦਾਨ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਦੇ ਵਿਦਿਆਰਥੀਆਂ ਵਲੋਂ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਐਮ.ਆਈ.ਐਸ.ਗਿੱਲ, ਡੀਨ, ਬਾਗਬਾਨੀ ਅਤੇ ਜੰਗਲਾਤ ਕਾਲਜ ਸਨ।
ਡਾ. ਗਿੱਲ ਨੇ ਕੈਂਪ ਵਿੱਚ ਪਹੁੰਚੇ ਕਿਸਾਨਾਂ ਨੂੰ ਵਿਭਿੰਨਤਾ ਅਤੇ ਵਾਤਾਵਰਨ ਸੁਧਾਰ ਵਿੱਚ ਬਾਗਬਾਨੀ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਸਲਾਹ ਦਿੱਤੀ ਅਤੇ ਫਲਾਂ ਦੇ ਪੌਦਿਆਂ ਦੇ ਆਲੇ-ਦੁਆਲੇ ਮਲਚ ਵਜੋਂ ਵਰਤਣ ਲਈ ਝੋਨੇ ਦੀ ਪਰਾਲੀ ਦੇ ਫਾਇਦਿਆਂ ਬਾਰੇ ਦੱਸਿਆ। ਰਾਵੇ ਦੇ ਕੋਆਰਡੀਨੇਟਰ ਡਾ. ਜਸਵਿੰਦਰ ਬਰਾੜ ਨੇ ਪੀਏਯੂ ਵਿਖੇ ਕੀਤੀਆਂ ਜਾ ਰਹੀਆਂ ਪਸਾਰ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ।
ਉਹਨਾਂ ਨੇ ਵਿਦਿਆਰਥੀਆਂ ਨੂੰ ਕਿਸਾਨਾਂ ਤੋਂ ਖੇਤੀਬਾੜੀ ਦੇ ਵਿਹਾਰਕ ਗਿਆਨ ਨੂੰ ਸਮਝਣ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਰਾਹੀਂ ਪੀ. ਏ. ਯੂ. ਦੀਆਂ ਪਸਾਰ ਗਤੀਵਿਧੀਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਵਿਦਿਆਰਥੀਆਂ ਲਈ ਰਾਵੇ ਪ੍ਰੋਗਰਾਮ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ।
ਡਾ. ਅਮਿਤ ਕੌਲ ਨੇ ਪੀ.ਏ.ਯੂ. ਦੁਆਰਾ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਦੀ ਕਾਸ਼ਤ ਦੇ ਤਰੀਕਿਆਂ ਬਾਰੇ, ਬਿਜਾਈ ਲਈ ਸਿਫ਼ਾਰਿਸ਼ ਕੀਤੀਆਂ ਤਕਨੀਕਾਂ ਅਤੇ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਪੇਂਡੂ ਔਰਤਾਂ ਖੇਤੀ ਕਾਰੋਬਾਰ ਕਰਕੇ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ: Dr. Mridula Devi
ਡਾ. ਲਵਲੀਸ਼ ਗਰਗ ਨੇ ਢੀਂਗਰੀ ਖੁੰਬਾਂ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਦੱਸਿਆ ਜੋ ਆਮਦਨ ਦਾ ਇੱਕ ਵਧੀਆ ਸਰੋਤ ਹੈ। ਡਾ. ਗਰਗ ਨੇ ਇਹਨਾਂ ਖੁੰਬਾਂ ਦੇ ਉਤਪਾਦਨ ਅਤੇ ਲਾਗਤ ਅਨੁਪਾਤ ਦੀ ਵਿਧੀ ਬਾਰੇ ਦੱਸਿਆ। ਇਸ ਤੋਂ ਇਲਾਵਾ ਉਹਨਾਂ ਨੇ ਜਿਮੀਦਾਰਾਂ ਨੂੰ ਪੀ.ਏ. ਯੂ ਦੇ ਸਕਿਲ ਡਿਵੈਲਪਮੈਂਟ ਸੈਂਟਰ ਵਿਖੇ ਵੱਖ - ਵੱਖ ਵਿਸ਼ਿਆਂ ਤੇ ਸਿਖਲਾਈ ਕੋਰਸ ਕਰਨ ਲਈ ਪ੍ਰੇਰਿਤ ਕੀਤਾ। ਡਾ. ਦਿਲਪ੍ਰੀਤ ਸਿੰਘ ਨੇ ਸਬਜ਼ੀਆਂ ਦੇ ਉਤਪਾਦਨ ਦੀਆਂ ਤਕਨੀਕਾਂ ਅਤੇ ਸਰੋਤਾਂ ਦੀ ਢੁਕਵੀਂ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ।
ਸਰਕਾਰੀ ਮਿਡਲ ਸਕੂਲ ਝਾਂਡੇ ਦੀ ਵਿਦਿਆਰਥਣ ਦੁਪਿੰਦਰ ਕੌਰ ਵੱਲੋਂ ਲਗਾਤਾਰ ਜੰਗਲਾਂ ਦੀ ਕਟਾਈ ਦੇ ਨਤੀਜਿਆਂ ਬਾਰੇ ਬਹੁਤ ਹੀ ਸੰਵੇਦਨਸ਼ੀਲ ਕਵਿਤਾ ਪੇਸ਼ ਕੀਤੀ ਗਈ। ਅਮਨਜੋਤ ਕੌਰ, ਬੀ.ਐਸ.ਸੀ. ਬਾਗਬਾਨੀ ਦੀ ਵਿਦਿਆਰਥਣ ਨੇ ਵਿਭਿੰਨਤਾ ਵਿੱਚ ਮੱਛੀ ਪਾਲਣ ਦੇ ਕਿੱਤੇ ਬਾਰੇ ਵਿਸਥਾਰਪੂਵਕ ਜਾਣਕਾਰੀ ਦਿੱਤੀ।ਇਸ ਤੋਂ ਬਾਅਦ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ । ਕੈਂਪ ਦੀ ਸਮਾਪਤੀ ਦੌਰਾਨ ਡਾ. ਦਿਲਪ੍ਰੀਤ ਸਿੰਘ ਨੇ ਕੈਂਪ ਵਿੱਚ ਪਹੁੰਚੇ ਸੱਜਣਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਵੱਲੋਂ ਸਮਾਜਿਕ ਕੁਰੀਤੀਆਂ ਵਿਰੁੱਧ ਅਵਾਜ ਬੁਲੰਦ ਕਰਨ ਲਈ ਵੀ ਰੈਲੀ ਕੱਢੀ ਗਈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Awareness Camp on Crop Diversity and Straw Conservation