Agricultural Entrepreneurs: ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਕਲਾਂ ਦੇ ਉੱਘੇ ਖੇਤੀ ਉੱਦਮੀ ਸ. ਬਚਿੱਤਰ ਸਿੰਘ ਗਰਚਾ ਦੇ ਵਿਗੋਰ ਸੋਇਆ ਪ੍ਰੋਡਕਟਸ ਦੇ ਨਵੇਂ ਸੇਲ ਕਾਉੰਟਰ ਦਾ ਬੀਤੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਟੂਡੈਂਟਸ ਹੋਮ ਵਿਖੇ ਉਦਘਾਟਨ ਕੀਤਾ ਗਿਆ।
ਇਸ ਸੇਲ ਕੇਂਦਰ ਦਾ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਨਯੋਗ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਕੀਤਾ ਗਿਆ।
ਇਸ ਮੌਕੇ ਡਾ. ਗੋਸਲ ਵੱਲੋਂ ਸ. ਬਚਿੱਤਰ ਸਿੰਘ ਗਰਚਾ ਵੱਲੋਂ ਸੋਇਆਬੀਨ ਪ੍ਰੋਸੈਸਿੰਗ ਦੇ ਖੇਤਰ ਵਿੱਚ ਕੀਤੇ ਗਏ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਸ. ਬਚਿੱਤਰ ਸਿੰਘ ਗਰਚਾ ਨੇ ਸੰਗਰੂਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਕਈ ਸਾਲ ਪਹਿਲਾਂ ਇਹ ਅਨੋਖਾ ਉੱਦਮ ਕਰਕੇ ਖੇਤੀ ਉੱਦਮੀਆਂ ਲਈ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਡਾ. ਗੋਸਲ ਨੇ ਕਿਹਾ ਕਿ ਸ ਗਰਚਾ ਆਪਣੇ ਸੋਇਆ ਪ੍ਰੋਡਕਟਸ ਨੂੰ ਵਿਗਿਆਨਕ ਅਤੇ ਸ਼ੁੱਧ ਤਰੀਕੇ ਨਾਲ ਬਿਨਾ ਕੋਈ ਰਸਾਇਣ ਪਾਏ ਤਿਆਰ ਕਰਦੇ ਹਨ।
ਇਸ ਉਦਘਾਟਨੀ ਸਮਾਰੋਹ ਮੌਕੇ ਪੀਏਯੂ, ਲੁਧਿਆਣਾ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ 'ਚੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਕੰਪਟਰੋਲਰ ਡਾ. ਸ਼ੰਮੀ ਕਪੂਰ, ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ, ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਸਰਜੀਤ ਸਿੰਘ, ਅਸਟੇਟ ਅਫਸਰ ਡਾ. ਰਿਸ਼ੀ ਇੰਦਰਾ ਸਿੰਘ ਗਿੱਲ, ਵਧੀਕ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਜੁਆਇੰਟ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਪ੍ਰੋਫੈਸਰ ਪਸਾਰ ਸਿੱਖਿਆ ਡਾ. ਕੁਲਦੀਪ ਸਿੰਘ ਪੰਧੂ, ਡਾ. ਵਿਸ਼ਾਲ ਬੈਕਟਰ, ਡਾ. ਕਮਲਦੀਪ ਸਿੰਘ ਸੰਘਾ, ਡਾ. ਵਿਜੇ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸ. ਗਰਚਾ ਦੇ ਉੱਦਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਸੰਗਰੂਰ ਨੇ ਦੱਸਿਆ ਕਿ ਸ. ਗਰਚਾ ਨੇ ਸਾਲ 2002 ਵਿੱਚ ਸੈਂਟਰਲ ਇੰਸਟੀਚਿਊਟ ਆਫ ਇੰੀਨੀਅਰਿੰਗ, ਭੋਪਾਲ ਤੋਂ ਸੋਇਆਬੀਨ ਪ੍ਰੋਸੈਸਿੰਗ ਦੀ ਟ੍ਰੇਨਿੰਗ ਲੈ ਕੇ ਇਹ ਨਿਵੇਕਲਾ ਉੱਦਮ ਸ਼ੁਰੂ ਕੀਤਾ ਸੀ। ਜਿਸ ਨੂੰ ਅੱਜ ਉਹ ਆਪਣੇ ਪਰਿਵਾਰ ਦੇ ਭਰਪੂਰ ਸਹਿਯੋਗ ਸਦਕਾ ਸਿਖਰਾਂ 'ਤੇ ਲੈ ਗਏ ਹਨ।
ਇਹ ਵੀ ਪੜ੍ਹੋ: Hoshiarpur ਦੇ ਪਿੰਡ ਬੁਗਰਾ ਵਿਖੇ ਕਣਕ ਦੀ ਸਿੱਧੀ ਬਿਜਾਈ ਦੀਆਂ ਪ੍ਰਦਰਸ਼ਨੀਆਂ, Progressive Farmer ਤਰਨਜੀਤ ਸਿੰਘ ਦੇ ਫਾਰਮ ਤੋਂ ਮਾਹਿਰਾਂ ਦੇ ਦਿੱਤਾ ਸੁਨੇਹਾ
ਆਪਣੇ ਬੇਟੇ ਸ. ਭਵਨਦੀਪ ਸਿੰਘ ਗਰਚਾ ਅਤੇ ਬੇਟੀ ਸਮਾਨ ਨੂੰਹ ਬੀਬੀ ਕਰਨਵੀਰ ਕੌਰ ਦੀ ਨਵੀਂ ਸੋਚ ਅਤੇ ਪਹਿਲਕਦਮੀ ਨਾਲ ਪਿਛਲੇ ਸਾਲ ਉਹਨਾਂ ਨੇ ਆਪਣੇ ਸੋਇਆ ਪਲਾਂਟ ਨੂੰ ਅਪਗ੍ਰੇਡ ਕਰਕੇ ਸਵੈ-ਚਲਿਤ ਕਰ ਲਿਆ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਤੋਂ ਆਈਸ ਕਰੀਮ ਅਤੇ ਕੁਲਫੀ ਬਣਾਉਣ ਦੀ ਟ੍ਰੇਨਿੰਗ ਲੈ ਕੇ ਇਹ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
ਸ. ਗਰਚਾ ਸੋਇਆਬੀਨ ਤੋਂ ਬਹੁਤ ਹੀ ਸਵਾਦੀ ਅਤੇ ਪੌਸ਼ਟਿਕ ਸੋਇਆ ਦੁੱਧ ਅਤੇ ਸੋਇਆ ਟੋਫੂ (ਪਲੇਨ ਅਤੇ ਸਪਾਇਸੀ) ਤਿਆਰ ਕਰਦੇ ਹਨ। ਇਸ ਪ੍ਰੋਸੈਸਿੰਗ ਪ੍ਰੀਕਿਰਿਆ ਚੋਂ ਬਚੇ ਵੇਸਟ ਪਦਾਰਥ ਦੀ ਸੁਚੱਜੀ ਵਰਤੋਂ ਕਰਕੇ ਉਹ ਕਈ ਤਰ੍ਹਾਂ ਦੀਆਂ ਨਮਕੀਨ ਆਈਟਮਾਂ ਜਿਵੇਂ ਕਿ ਨਮਕੀਨ ਮੱਠੀਆਂ, ਪਕੋੜੀਆਂ, ਮਟਰੀ, ਸਬਜ਼ੀ ਵਾਲੇ ਪਕੌੜੇ ਅਤੇ ਮਿੱਠੇ ਬਿਕਸੁਟ ਆਦਿ ਬਣਾਉਂਦੇ ਹਨ। ਇਹਨਾਂ ਸਾਰੇ ਪ੍ਰੋਡਕਟਸ ਦਾ ਉਹ ਵਿਗੋਰ ਬਰਾਂਡ ਨਾਮ ਹੇਠ ਮੰਡੀਕਰਨ ਕਰਦੇ ਹਨ।
ਇੱਕ ਹੋਰ ਪਹਿਲਕਦਮੀ ਕਰਦਿਆਂ ਉਹ ਤਿੰਨ ਸੁਆਦਾਂ (ਇਲਾਇਚੀ, ਸਟ੍ਰਾਬੇਰੀ ਅਤੇ ਬਟਰ ਸਕੌਚ) ਵਿੱਚ ਡੇਅਰੀ ਮਿਲਕ ਵੀ ਤਿਆਰ ਕਰ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅਨੇਕਾਂ ਵਿਦਿਆਰਥੀ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਉਹਨਾਂ ਦੇ ਸੋਇਆਬੀਨ ਪ੍ਰੋਸੈਸਿੰਗ ਪਲਾਂਟ ਦਾ ਅਕਸਰ ਹੀ ਦੌਰਾ ਕਰਦੇ ਰਹਿੰਦੇ ਹਨ। ਦੇਸ਼ ਦੇ ਕਈ ਖੇਤੀਬਾੜੀ ਸੰਸਥਾਨਾਂ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਈ ਮੌਕਿਆਂ ਦੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨਾਲ ਉਹ ਬਹੁਤ ਨੇੜਿਓਂ ਜੁੜੇ ਹੋਏ ਹਨ।
ਸਰੋਤ: ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਸੰਗਰੂਰ
Summary in English: Bachitar Singh Garcha set a unique example for agricultural entrepreneurs with his unique venture: Dr Satbir Singh Gosal