ਹਾੜੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਕਿਸਾਨਾਂ ਵੱਲੋਂ ਬਿਜਾਈ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਬਾਵਜੂਦ ਪੰਜਾਬ ਦੇ ਕਿਸਾਨ ਬਿਜਾਈ ਦੇ ਕੰਮ ਵਿੱਚ ਪਛੜ ਰਹੇ ਹਨ। ਇਸ ਦਾ ਮੁੱਖ ਕਾਰਨ ਸੂਬੇ ਵਿੱਚ ਲੋੜੀਂਦੀ ਮਾਤਰਾ ਵਿੱਚ ਡੀਏਪੀ ਖਾਦ ਦਾ ਨਾ ਮਿਲਣਾ ਹੈ। ਅਜਿਹੇ 'ਚ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਖਾਦ ਦੀ ਕਮੀ ਨਾਲ ਜੂਝ ਰਹੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਹੁਣ ਪੰਜਾਬ ਸਰਕਾਰ ਜਲਦੀ ਹੀ ਖਾਦਾਂ ਦੀ ਕਮੀ ਨੂੰ ਦੂਰ ਕਰਨ ਦੀ ਤਿਆਰੀ ਕਰ ਰਹੀ ਹੈ।
ਹਾੜੀ ਦੇ ਸੀਜ਼ਨ ਲਈ ਡੀਏਪੀ ਖਾਦ ਦੀ ਘਾਟ ਪੰਜਾਬ ਦੇ ਕਿਸਾਨਾਂ ਲਈ ਮੁਸੀਬਤ ਬਣੀ ਹੋਈ ਹੈ। ਦਰਅਸਲ, ਕਿਸਾਨਾਂ ਨੂੰ ਖਾਦਾਂ ਦੀ ਘਾਟ ਕਾਰਨ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਪੂਰੀ ਕਰਨ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚਲਦਿਆਂ ਕਿਸਾਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਸਮੇਂ ਸਿਰ ਹੱਲ ਕੀਤਾ ਜਾਵੇ।
ਹਰਕਤ 'ਚ ਆਈ ਪੰਜਾਬ ਸਰਕਾਰ
ਪੰਜਾਬ 'ਚ ਖਾਦ ਦੀ ਕਮੀ ਦੀਆਂ ਖ਼ਬਰਾਂ ਦੇ ਨਸ਼ਰ ਹੋਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਹਰਕਤ ਵਿੱਚ ਆਈ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਕਿਸੇ ਵੀ ਕਿਸਾਨ ਨੂੰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਅਤੇ ਸੂਬੇ 'ਚ ਡੀਏਪੀ ਖਾਦ ਦੀ ਸਮੱਸਿਆ ਝੱਲ ਰਹੇ ਕਿਸਾਨਾਂ ਦੀ ਫੌਰੀ ਤੌਰ 'ਤੇ ਮਦਦ ਕੀਤੀ ਜਾਵੇਗੀ।
ਕਿਸਾਨਾਂ 'ਚ ਰੋਸ
ਕਣਕ ਦੀ ਬਿਜਾਈ ਲਈ ਸਮੇਂ ਸਿਰ ਖਾਦ ਨਾ ਮਿਲਣ ਕਾਰਨ ਕਿਸਾਨਾਂ 'ਚ ਭਾਰੀ ਰੋਸ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਨੂੰ ਲੱਗੀ ਬਿਮਾਰੀ ਨੇ ਪਹਿਲਾਂ ਹੀ ਕਿਸਾਨਾਂ ਦੇ ਲੱਕ ਤੋੜੇ ਹੋਏ ਹਨ ਅਤੇ ਹੁਣ ਸਰਕਾਰ ਵੱਲੋਂ ਸਮੇਂ ਸਿਰ ਡੀ.ਏ.ਪੀ. ਖਾਦ ਨਾ ਮਿਲਣ ਕਾਰਨ ਕਣਕ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਸਹਿਕਾਰੀ ਸਭਾਵਾਂ ਦੇ ਨੁਮਾਇੰਦੇ ਉਨ੍ਹਾਂ ਨੂੰ ਘੰਟਿਆਂਬੱਧੀ ਬਿਠਾ ਕੇ ਸ਼ਾਮ ਨੂੰ ਬਿਨਾਂ ਖਾਦ ਦਿੱਤੇ ਵਾਪਸ ਤੋਰ ਦਿੰਦੇ ਹਨ।
ਕਿਸਾਨਾਂ ਵੱਲੋਂ ਮਦਦ ਦੀ ਅਪੀਲ
ਖਾਦ ਦੀ ਅਣਹੋਂਦ ਵਿੱਚ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੇ ਚੱਕਰ ਕੱਟ ਕੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪਰ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ 30 ਨਵੰਬਰ ਤੱਕ 7.50 ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਲੋੜ ਹੈ, ਜਦੋਂਕਿ ਪਹਿਲੀ ਅਪਰੈਲ ਤੋਂ ਹੁਣ ਤੱਕ 5.10 ਲੱਖ ਮੀਟਰਿਕ ਟਨ ਡੀਏਪੀ ਖਾਦ ਉਪਲੱਬਧ ਹੋਈ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਲੋੜੀਂਦੀ ਖਾਦ ਦਾ ਪ੍ਰਬੰਧ ਕੀਤਾ ਜਾਵੇ।
ਇਹ ਵੀ ਪੜ੍ਹੋ : Punjab Day 2022: ਪੰਜਾਬ ਦਿਵਸ ਦੇ ਮੌਕੇ ਜਾਣੋ ਇਸਦਾ ਇਤਿਹਾਸ ਤੇ ਮਹੱਤਤਾ
ਜਾਣਕਾਰੀ ਮੁਤਾਬਿਕ ਨਵੀਂ ਸਰਕਾਰ ਨੇ ਇਸ ਵਾਰ ਨਵਾਂ ਤਜਰਬਾ ਕੀਤਾ ਹੈ ਕਿ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਕਰਨ ਵਿੱਚ ਇਫਕੋ ਦੀ ਹਿੱਸੇਦਾਰੀ ਵਿੱਚ ਵਾਧਾ ਕੀਤਾ ਹੈ ਅਤੇ ਇਫਕੋ ਹੀ ਪੇਂਡੂ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਕਰਨ ਵਿੱਚ ਪੱਛੜ ਰਿਹਾ ਹੈ। ਪਿਛਲੇ ਵਰ੍ਹਿਆਂ ਵਿੱਚ ਪੇਂਡੂ ਸਹਿਕਾਰੀ ਸਭਾਵਾਂ ਨੂੰ 75 ਫ਼ੀਸਦੀ ਖਾਦ ਮਾਰਕਫੈੱਡ ਸਪਲਾਈ ਕਰਦਾ ਸੀ, ਜਦੋਂਕਿ 25 ਫ਼ੀਸਦੀ ਖਾਦ ਦੀ ਸਪਲਾਈ ਇਫਕੋ ਵੱਲੋਂ ਦਿੱਤੀ ਜਾਂਦੀ ਸੀ। ਇਸ ਵਾਰ ਸਹਿਕਾਰਤਾ ਵਿਭਾਗ ਨੇ ਇਫਕੋ ਦੀ ਖਾਦ ਸਪਲਾਈ ਵਿੱਚ ਹਿੱਸੇਦਾਰੀ ਵਧਾ ਕੇ 35 ਫ਼ੀਸਦੀ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਤਕਰੀਬਨ 3500 ਪੇਂਡੂ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਨੂੰ ਇਫਕੋ ਨੇ ਕੁੱਲ 1.08 ਲੱਖ ਮੀਟਰਿਕ ਟਨ ਡੀਏਪੀ ਦੀ ਸਪਲਾਈ ਕਰਨੀ ਸੀ, ਪਰ ਇਫਕੋ ਨੇ ਕਰੀਬ 30 ਹਜ਼ਾਰ ਮੀਟਰਿਕ ਟਨ ਦੀ ਸਪਲਾਈ ਕੀਤੀ ਹੈ। ਮਾਰਕਫੈੱਡ ਵੱਲੋਂ ਸਹਿਕਾਰੀ ਸਭਾਵਾਂ ਨੂੰ 1.95 ਲੱਖ ਮੀਟਰਿਕ ਟਨ ਡੀਏਪੀ ਸਪਲਾਈ ਕੀਤੀ ਜਾਣੀ ਸੀ ਅਤੇ ਹੁਣ ਤੱਕ ਮਾਰਕਫੈੱਡ 1.40 ਲੱਖ ਮੀਟਰਿਕ ਟਨ ਡੀਏਪੀ ਸਹਿਕਾਰੀ ਸਭਾਵਾਂ ਨੂੰ ਦੇ ਚੁੱਕਿਆ ਹੈ। ਇਸ ਨਜ਼ਰੀਏ ਤੋਂ ਦੇਖੀਏ ਤਾਂ ਮਾਰਕਫੈੱਡ ਦੀ ਸਪਲਾਈ ਬਿਹਤਰ ਜਾਪਦੀ ਹੈ।
Summary in English: Big relief to farmers, Punjab government will soon remove fertilizer shortage: Dhaliwal