ਕਿਸਾਨਾਂ ਅੰਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਵੀ ਰੋਹ ਵਧਦਾ ਜਾ ਰਿਹਾ ਹੈ। ਅੱਜ ਸੰਘਰਸ਼ਕਾਰੀ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਫ਼ਲੈਕਸਾਂ ’ਤੇ ਧਾਵਾ ਬੋਲਦਿਆਂ ਬੱਸਾਂ ’ਤੇ ਲੱਗੇ ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਤਸਵੀਰਾਂ ’ਤੇ ਕਾਲੇ ਤੇਲ ਵਾਲੇ ਬੁਰਸ਼ ਫੇਰੇ। ਇਸ ਕੰਮ ’ਚ ਜੁਟੇ ਕਰੀਬ 200 ਕਿਸਾਨਾਂ ਦੇ ਕਾਫ਼ਲੇ ਨੇ ਸ਼ਹਿਰਾਂ ’ਚ ਲੱਗੇ ਹੋਰਡਿੰਗਾਂ ਨੂੰ ਵੀ ਫਾੜ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਾਲੇ ਪ੍ਰਦਰਸ਼ਨਕਾਰੀਆਂ ਨੇ ਜਨਤਕ ਥਾਵਾਂ ਤੇ ਬੱਸਾਂ ’ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਉਂਦੇ ਫ਼ਲੈਕਸਾਂ ਨੂੰ ਨਸ਼ਟ ਕਰ ਦਿੱਤਾ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਤੇ ਗੁਲਾਬੀ ਸੁੰਡੀ ਦੀ ਫੇਟ ’ਚ ਆਈਆਂ ਫ਼ਸਲਾਂ ਦਾ ਮੁਆਵਜ਼ਾ ਤਾਂ ਸਰਕਾਰ ਨੇ ਨਹੀਂ ਦਿੱਤਾ ਪਰ ਇਸ ਫੋਕੀ ਸ਼ੋਹਰਤ ਲਈ ਪ੍ਰਚਾਰ ਫ਼ਲੈਕਸ ਲਾ ਕੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਲਾਂ ਕਿ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ 29 ਅਕਤੂਬਰ ਤੱਕ ਮੁਕੰਮਲ ਕਰ ਲਈ ਜਾਵੇ।
ਉਨ੍ਹਾਂ ਕਿਹਾ ਕਿ ਗੁੰਮਰਾਹਕੁਨ ਪ੍ਰਚਾਰ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ। ਗੌਰਤਲਬ ਹੈ ਕਿ ਗੁਲਾਬੀ ਸੁੰਡੀ ਤੇ ਮੌਸਮੀ ਆਫ਼ਤਾਂ ਕਾਰਣ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਮਾਲਵੇ ਦੇ ਅੱਠ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ 25 ਅਕਤੂਬਰ ਤੋਂ ਇੱਥੋਂ ਦੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : CM ਚੰਨੀ ਦਾ ਇੱਕ ਹੋਰ ਵੱਡਾ ਐਲਾਨ, ਸਰਕਾਰ ਕਰਵਾਏਗੀ ਨੇਤਰਹੀਣਾਂ ਦਾ ਇਲਾਜ
Summary in English: Black oil brushes on pictures of Chief Minister Charanjit Channy by farmers