Kisan Andolan 2.0: ਭਾਰਤ ਦੇ 2 ਵੱਡੇ ਫ਼ੋਰਮਾਂ, ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜਦੂਰ ਮੋਰਚਾ ਦੇ ਸੱਦੇ 'ਤੇ ਕਿਸਾਨਾਂ ਮਜਦੂਰਾਂ ਦੀ ਹੱਕੀ ਮੰਗਾਂ ਮਨਵਾਉਣ ਲਈ, ਦਿੱਲੀ ਅੰਦੋਲਨ 2.0 ਦੀ ਕਾਲ ਦੇ ਚਲਦੇ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਸੂਬਾ ਆਗੂ ਅਤੇ ਕੇ ਐਮ ਐਮ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਰੀਬ ਇੱਕ ਹਜ਼ਾਰ ਟ੍ਰੈਕਟਰ ਟਰਾਲੀਆਂ ਸਮੇਤ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਦੇ ਕਾਫਲੇ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 13 ਫਰਵਰੀ ਨੂੰ ਦਿੱਲੀ ਪਹੁੰਚਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ, ਜਿਸਦੇ ਚਲਦਿਆਂ ਬੀਤੇ ਕੱਲ੍ਹ ਹੀ ਸਭ ਕਿਸਾਨ ਮਜਦੂਰ ਅਤੇ ਔਰਤਾਂ ਵੱਡੀ ਗਿਣਤੀ ਵਿਚ ਵੱਖ ਵੱਖ ਥਾਵਾਂ ਤੇ ਇੱਕਠੇ ਹੋ ਗਏ ਸਨ ਅਤੇ 12 ਫਰਵਰੀ ਦੀ ਸਵੇਰ ਨੂੰ ਚਾਲੇ ਪਾਏ ਗਏ ਹਨ ਅਤੇ ਅੱਜ ਸ਼ਾਮ ਤੱਕ ਪੰਜਾਬ ਭਰ ਦੇ ਕਿਸਾਨ ਮਜਦੂਰ ਫ਼ਤਹਿਗੜ ਸਾਬ੍ਹ ਜਾ ਕੇ ਰੁਕਣਗੇ ਅਤੇ ਕੱਲ੍ਹ ਅਗਲਾ ਸਫ਼ਰ ਸ਼ੁਰੂ ਕੀਤਾ ਜਾਵੇਗਾ।
BKU ਦੋਆਬਾ ਅੰਦੋਲਨ 'ਚ ਸ਼ਾਮਿਲ
ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲੇ ਦਿੱਲੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਵੱਡੀ ਜਥੇਬੰਦੀ ਬੀ.ਕੇ. ਯੂ. ਦੋਆਬਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਹੀ ਵਿੱਚ ਕਿਸਾਨ ਮਜਦੂਰ ਮੋਰਚਾ ਦਾ ਹਿੱਸਾ ਬਣਦੇ ਹੋਏ ਅੰਦੋਲਨ ਵਿੱਚ ਸ਼ਾਮਿਲ ਹੋ ਗਈ ਹੈ, ਜਿਸ ਨਾਲ ਲਹਿਰ ਨੂੰ ਹੋਰ ਬਲ ਮਿਲੇਗਾ।
ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ: ਪੰਧੇਰ
ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਮਜ਼ਦੂਰ ਲੋਕਤੰਤਰਿਕ ਹੱਕ ਅਨੁਸਾਰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪ੍ਰਦਰਸ਼ਨ ਕਰਨ ਜਾ ਰਹੇ ਹਨ ਸੋ ਜੇਕਰ ਉਨ੍ਹਾਂ ਨੂੰ ਰਸਤੇ ਵਿੱਚ ਰੋਕਿਆ ਜਾਂਦਾ ਹੈ ਤਾਂ ਉਹ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਣਗੇ ਅਤੇ ਅਗਰ ਇਸ ਦਰਮਿਆਨ ਸਰਕਾਰ ਵੱਲੋਂ ਕੋਈ ਹਿੰਸਾ ਕੀਤੀ ਜਾਂਦੀ ਹੈ ਤਾਂ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇਗਾ ਪਰ ਅਜਿਹੇ ਦੌਰਾਨ ਹੋਏ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਗੱਲਬਾਤ ਦਾ ਸੱਦਾ
ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲਬਾਤ ਦਾ ਸੱਦਾ ਵੀ ਪ੍ਰਾਪਤ ਹੋਇਆ ਹੈ ਸੋ ਅੱਜ ਵਾਰਤਾ ਦਾ ਦੌਰ ਵੀ ਚਲੇਗਾ ਅਤੇ ਜਥੇਬੰਦੀਆਂ ਟੇਬਲ ਟਾਕ ਤੋਂ ਕਦੀ ਵੀ ਪਿੱਛੇ ਨਹੀਂ ਹਟਣ ਵਾਲੀਆਂ। ਤੁਹਾਨੂੰ ਦੱਸ ਦੇਈਏ ਕਿ 8 ਫਰਵਰੀ 2024 ਨੂੰ ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਕੇਂਦਰੀ ਮੰਤਰੀਆਂ ਨੇ ਕਿਹਾ ਸੀ ਕਿ ਉਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਮੰਗਾਂ ’ਤੇ ਵਿਚਾਰ ਕਰਨ ਲਈ 13 ਤੋਂ ਪਹਿਲਾਂ ਇੱਕ ਹੋਰ ਮੀਟਿੰਗ ਕਰਨਗੇ।
ਇਹ ਵੀ ਪੜ੍ਹੋ: KISAN ANDOLAN-2: ਕਿਸਾਨ ਅੰਦੋਲਨ 2.0 ਲਈ ਪ੍ਰਸ਼ਾਸਨ ਦੇ ਸਖ਼ਤ ਪ੍ਰਬੰਧ, ਦਿੱਲੀ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਸੀਲ, Punjab-Haryana-Delhi Border 'ਤੇ ਅਜਿਹੇ ਹਾਲਾਤ
ਕੀ ਹਨ ਮੰਗਾਂ?
ਕਿਸਾਨਾਂ ਨੇ ਪੂਰੇ ਦੇਸ਼ ਲਈ ਸਾਰੀਆਂ ਫ਼ਸਲਾਂ ਦੀ ਖਰੀਦ ਲਈ ਐਮ ਐਸ ਪੀ ਗਰੰਟੀ ਕਨੂੰਨ ਅਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਅਤੇ ਗੰਨੇ ਦਾ ਅਫ਼ ਆਰ ਪੀ ਅਤੇ ਐਸ ਏ ਪੀ ਤਹਿ ਕਰਵਾਉਣਾ, ਕਿਸਾਨਾਂ ਤੇ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ, ਕਿਸਾਨ ਅਤੇ ਖੇਤ ਮਜ਼ਦੂਰ ਲਈ ਪੈਨਸ਼ਨ, ਲਖੀਮਪੁਰ ਖੀਰੀ ਕਤਲਕਾਂਡ ਦਾ ਇੰਨਸਾਫ਼ ਲੈਣਾ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ, ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣਾ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਕੱਢਣ, ਫ਼ਸਲ ਬੀਮਾ ਯੋਜਨਾ ਲਾਗੂ ਕਰਵਾਉਣ, ਭੂਮੀ ਗ੍ਰਹਿਣ ਕਾਨੂੰਨ ਨੂੰ 2013 ਵਾਲੇ ਸਰੂਪ ਵਿੱਚ ਲਾਗੂ ਕਰਵਾਉਣਾ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ ਮਿਹਨਤਾਨਾ 700 ਰੁਪਏ ਕਰਨ, ਬੀਜ਼ਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਨਕਲੀ ਖੇਤੀ ਕੀਟਨਾਸ਼ਕ ਅਤੇ ਹੋਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਜ਼ਾਵਾਂ ਅਤੇ ਜੁਰਮਾਨੇ, ਆਦਿਵਾਸੀਆਂ ਦੇ ਅਧਿਕਾਰਾਂ ਦੇ ਹਮਲੇ ਬੰਦ ਕਰਕੇ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਅੰਦੋਲਨ ਦਾ ਆਗਾਜ਼ ਕੀਤਾ ਜਾ ਰਿਹਾ ਹੈ।
Summary in English: BREAKING: Lakhs of farmers-labourers with thousands of tractor-trolleys headed towards Delhi, Bharatiya Kisan Union Doaba joins KISAN ANDOLAN 2.0, Important meeting between farmers and government today