ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਵਿਖੇ ’ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ’ ਬਨਾਉਣ ਸੰਬੰਧੀ ਪੰਜ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਇਸ ਸਿਖਲਾਈ ਪ੍ਰੋਗਰਾਮ ਵਿਚ ਕੁੱਲ 19 ਸਿੱਖਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਤਿੰਨ ਔਰਤਾਂ, ਪੰਜ ਪੱਟੀਦਰਜ ਭਾਈਚਾਰੇ ਦੇ ਉਮੀਦਵਾਰ ਅਤੇ ਤਿੰਨ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਸਿੱਖਿਆਰਥੀ ਸਨ।ਇਸ ਸਿਖਲਾਈ ਪਿੱਛੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ, ਵੱਲੋਂ ਕਿਸਾਨਾਂ ਲਈ ਅਣਥੱਕ ਸੇਵਾ ਦੇਣ ਦੇ ਜਜ਼ਬੇ ਦੀ ਸੋਚ ਕੰਮ ਕਰਦੀ ਸੀ।
ਪ੍ਰਮਾਣ ਪੱਤਰ ਵੰਡ ਸਮਾਰੋਹ ਦੇ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਜਤਿੰਦਰ ਪਾਲ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਪਧਾਰੇ।ਉਨ੍ਹਾਂ ਕਿਹਾ ਕਿ ਦੁੱਧ ਦੀ ਪ੍ਰਾਸੈਸਿੰਗ ਕਰਕੇ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਪੰਜਾਬ ਦਾ ਕਿਸਾਨ ਆਪਣੀ ਆਰਥਿਕਤਾ ਨੂੰ ਬਿਹਤਰ ਕਰ ਸਕਦਾ ਹੈ।ਉਨ੍ਹਾਂ ਨੇ ਕਾਲਜ ਦੀ ਟੀਮ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਬਹੁਤ ਵਧੀਆ ਅਤੇ ਵਿਗਿਆਨਕ ਢੰਗ ਦੀ ਸਿਖਲਾਈ ਦਿੱਤੀ।ਉਨ੍ਹਾਂ ਆਏ ਕਿਸਾਨਾਂ ਨੂੰ ਆਪਣੇ ਕਿੱਤੇ ਸਥਾਪਿਤ ਕਰਨ ਲਈ ਵੀ ਪ੍ਰੇਰਿਆ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਰ ਵਕਤ ਉਨ੍ਹਾਂ ਦੇ ਨਾਲ ਖੜੀ ਹੈ।
ਡੇਅਰੀ ਸਾਇੰਸ ਕਾਲਜ ਦੇ ਡੀਨ, ਡਾ. ਰਮਨੀਕ ਨੇ ਕਿਹਾ ਕਿ ਸਾਨੂੰ ਦੁੱਧ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਉਦਮੀ ਬਨਾਉਣਾ ਚਾਹੀਦਾ ਹੈ।ਉਨ੍ਹਾਂ ਨੇ ਮੰਡੀਕਾਰੀ ਦੀਆਂ ਬਿਹਤਰ ਸਹੂਲਤਾਂ ਦੀ ਲੋੜ ਦੀ ਚਰਚਾ ਵੀ ਕੀਤੀ ਅਤੇ ਢੁੱਕਵੇਂ ਵੇਚ ਸਥਾਨ ਬਾਰੇ ਵੀ ਨੁਕਤੇ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫਾ ਮਿਲੇਗਾ।
ਕੋਰਸ ਦੇ ਸੰਯੋਜਕ, ਡਾ. ਅਮਨਦੀਪ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਵਿਚ ਇਨ੍ਹਾਂ ਸਿੱਖਿਆਰਥੀਆਂ ਨੂੰ ਦੁੱਧ ਦੀਆਂ 7 ਗੁਣਵੱਤਾ ਭਰਪੂਰ ਵਸਤਾਂ ਬਨਾਉਣ ਲਈ ਸਿੱਖਿਅਤ ਕੀਤਾ ਗਿਆ।ਇਹ ਵਸਤਾਂ ਮਿਲਕ ਕੇਕ, ਪਨੀਰ, ਪਨੀਰ ਦੇ ਪਾਣੀ ਦੇ ਪਦਾਰਥ, ਸੁਗੰਧਿਤ ਦਹੀ, ਲੱਸੀ, ਮੌਜ਼ਰੇਲਾ ਪਨੀਰ ਅਤੇ ਸੁਗੰਧਿਤ ਦੁੱਧ ਸਨ।
ਸਿਖਲਾਈ ਵਿਚ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਸੰਬੰਧੀ, ਬਿਹਤਰ ਤਰੀਕੇ ਨਾਲ ਸੰਭਾਲਣ ਸੰਬੰਧੀ ਅਤੇ ਦੁੱਧ ਤੋਂ ਤਿਆਰ ਕੀਤੇ ਉਤਪਾਦਾਂ ਦੀ ਸੰਭਾਲ ਬਾਰੇ ਵੀ ਗਿਆਨ ਦਿੱਤਾ ਗਿਆ।ਕਿਸਾਨਾਂ ਨੇ ਵੀ ਸਿਖਲਾਈ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਉਹ ਇਸ ਸਿਖਲਾਈ ਦਾ ਪੂਰਨ ਫਾਇਦਾ ਲੈਣਗੇ।ਸਾਰੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ।ਕਾਲਜ ਵੱਲੋਂ ਭਵਿੱਖ ਵਿਚ ਵੀ ਅਜਿਹੇ ਹੋਰ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ ਜਿਸ ਨਾਲ ਕਿ ਕਿਸਾਨਾਂ ਨੂੰ ਉਦਮੀ ਬਣਨ ਸੰਬੰਧੀ ਸਿਖਲਾਈ ਅਤੇ ਪ੍ਰੇਰਨਾ ਮਿਲੇਗੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Complete training on 'Quality Milk Products' at Veterinary University