ਮਨੁੱਖ ਦੇ ਜੀਵਨ ਅਤੇ ਵਾਤਾਵਰਣ ਪ੍ਰਣਾਲੀ ਵਿਚ ਕੁੱਤੇ ਇਕ ਬਹੁਤ ਅਹਿਮ ਜੀਵ ਹਨ। ਕੁੱਤਿਆਂ ਦੀ ਇਸ ਮਹੱਤਤਾ ਦੇ ਸਿੱਟੇ ਵਜੋਂ ਹੀ ਉਨ੍ਹਾਂ ਦੀਆਂ ਬਿਮਾਰੀਆਂ ਅਤੇ ਨਿਵਾਰਣ ਸੰਬੰਧੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਵਿਖੇ ਇਕ ਹਫ਼ਤੇ ਦਾ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ’ਵਿਸ਼ਾਣੂ ਬਿਮਾਰੀਆਂ ਦੇ ਨਿਰੀਖਣ ਅਤੇ ਨਿਵਾਰਣ ਸੰਬੰਧੀ ਮੁਹਾਰਤ ਵਿਕਾਸ’।
ਇਸ ਸਿਖਲਾਈ ਦੇ ਪ੍ਰਬੰਧਕੀ ਸਕੱਤਰ, ਡਾ. ਦੀਪਕ ਡੇਕਾ ਨੇ ਦੱਸਿਆ ਕਿ ਇਹ ਸਿਖਲਾਈ ਕੁੱਤਿਆਂ ਵਿਚ ਡਿਸਟੈਂਪਰ ਵਿਸ਼ਾਣੂ ਦੀ ਬਿਮਾਰੀ ਲਈ ਟੀਕੇ ਦੀ ਖੋਜ ਕਰਨ ਸੰਬੰਧੀ ਖੋਜ ਪ੍ਰਾਜੈਕਟ ਅਧੀਨ ਕਰਵਾਈ ਗਈ। ਇਹ ਖੋਜ ਪ੍ਰਾਜੈਕਟ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਦੇ ਸਹਿਯੋਗ ਅਧੀਨ ਚੱਲ ਰਿਹਾ ਹੈ।
ਇਸ ਸਿਖਲਾਈ ਵਿਚ 26 ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਾਇੰਸਦਾਨਾਂ ਨੇ ਸਿੱਖਿਆਰਥੀਆਂ ਨਾਲ ਗਿਆਨ ਚਰਚਾ ਕੀਤੀ।ਡਾ. ਸੁਰੇਸ਼ ਕੇ ਟੀਕੂ, ਨਿਰਦੇਸ਼ਕ ਜਨਤਕ ਸਿਹਤ ਸਕੂਲ, ਯੂਨੀਵਰਸਿਟੀ ਆਫ ਸਸਕੈਚਵਨ, ਕੈਨੇਡਾ ਅਤੇ ਡਾ. ਸੁਨੀਲ ਮੋਰ, ਯੂਨੀਵਰਸਿਟੀ ਆਪ ਮਿਨੀਸੋਟਾ, ਅਮਰੀਕਾ ਨੇ ਕੁੱਤਿਆਂ ਦੀਆਂ ਬਿਮਾਰੀਆਂ ਸੰਬੰਧੀ ਨਵੀਆਂ ਨਿਰੀਖਣ ਵਿਧੀਆਂ ਅਤੇ ਨਿਰੀਖਣ ਸੰਬੰਧੀ ਨਵੀਆਂ ਅੰਤਰ ਦ੍ਰਿਸ਼ਟੀਆਂ ਬਾਰੇ ਚਰਚਾ ਕੀਤੀ। ਸਾਰੇ ਹੀ ਮਾਹਿਰ ਬਹੁਤ ਨਾਮੀ ਖੋਜ ਸੰਸਥਾਵਾਂ ਨਾਲ ਜੁੜੇ ਹੋਏ ਸਨ।
ਵੈਟਨਰੀ ਯੂਨੀਵਰਸਿਟੀ ਵਿਖੇ ਬਾਇਓਤਕਨਾਲੋਜੀ ਵਿਭਾਗ ਦੇ ਕੁੱਤਿਆਂ ਸੰਬੰਧੀ ਖੋਜ ਕੇਂਦਰ ਪ੍ਰੋਗਰਾਮ ਦੇ ਸੰਯੋਜਕ, ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਜਾਣਕਾਰੀ ਦਿੱਤੀ ਕਿ ਇਹ ਸਿਖਲਾਈ ਇਸ ਪ੍ਰਾਜੈਕਟ ਦੇ ਤਹਿਤ ਮਨੁੱਖੀ ਸਾਧਨਾਂ ਦੇ ਵਿਕਾਸ ਹਿਤ ਕਰਵਾਈ ਗਈ। ਉਨ੍ਹਾਂ ਨੇ ਬਾਇਓਤਕਨਾਲੋਜੀ ਵਿਭਾਗ ਦਾ ਇਸ ਪ੍ਰਾਜੈਕਟ ਲਈ ਧੰਨਵਾਦ ਵੀ ਕੀਤਾ। ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਡੀਨ, ਡਾ. ਯਸ਼ਪਾਲ ਸਿੰਘ ਮਲਿਕ ਨੇ ਇਸ ਸਿਖਲਾਈ ਦੇ ਸਮਾਪਨ ਸੰਬੋਧਨ ਵਿਚ ਜਿਥੇ ਕਾਲਜ ਦੀਆਂ ਖੋਜ ਗਤੀਵਿਧੀਆਂ ਬਾਰੇ ਦੱਸਿਆ ਉਥੇ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਵਿਚ ਕੁੱਤਿਆਂ ਦੀ ਮਹੱਤਤਾ ਜਿਥੇ ਸਾਡੇ ਜੀਵਨ ਵਿਚ ਹੋਰ ਵੱਧ ਗਈ ਹੈ ਕਿਉਂਕਿ ਵਿਗਿਆਨਕ ਪ੍ਰਯੋਗਾਂ ਵਿਚ ਵੀ ਇਸ ਦੀ ਲੋੜ ਵਧੀ ਹੈ। ਇਸ ਸਿਖਲਾਈ ਨੂੰ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਫੇਸਬੁੱਕ ਪੇਜ ’ਤੇ ਵੀ ਜੀਵੰਤ ਪੇਸ਼ ਕੀਤਾ ਗਿਆ ਸੀ ਤਾਂ ਕਿ ਹੋਰ ਲੋਕ ਵੀ ਇਸ ਤੋਂ ਲਾਭ ਲੈ ਸਕਣ।
ਇਕ ਹਫ਼ਤੇ ਦੀ ਇਸ ਸਿਖਲਾਈ ਵਿਚ 21 ਸੂਬਿਆਂ ਦੇ 90 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਹ ਸਿੱਖਿਆਰਥੀ 31 ਵੱਖ-ਵੱਖ ਸੰਸਥਾਵਾਂ ਜਾਂ ਕਾਲਜਾਂ ਤੋਂ ਜੁੜੇ ਸਨ ਜਿਨ੍ਹਾਂ ਵਿਚ ਦੋ ਰਾਸ਼ਟਰੀ ਸੰਸਥਾਵਾਂ ਸ਼ਾਮਿਲ ਹਨ।ਇਨ੍ਹਾਂ ਪ੍ਰਤੀਭਾਗੀਆਂ ਨੂੰ ਬਿਮਾਰੀ ਨਿਰੀਖਣ, ਵਰਤਮਾਨ ਵਿਚ ਨਿਰੀਖਣ ਸੰਬੰਧੀ ਨਵੇਂ ਯਤਨ ਅਤੇ ਟੀਕਿਆਂ ਦੇ ਵਿਕਾਸ ਵਿਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਸਮਾਪਨ ਸਮਾਰੋਹ ਵਿਚ ਡਾ. ਸਤਪ੍ਰਕਾਸ਼ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਮਹੱਤਵਪੂਰਣ ਸਿਖਲਾਈ ਦੀ ਸੰਪੂਰਨਤਾ ’ਤੇ ਵਧਾਈ ਦਿੱਤੀ।
ਇਹ ਵੀ ਪੜ੍ਹੋ :-ਕਿਸਾਨਾਂ ਲਈ ਖੁਸ਼ਖਬਰੀ! 44 ਪ੍ਰਤੀਸ਼ਤ ਸਬਸਿਡੀ ‘ਤੇ ਚੁਕੋ 20 ਲੱਖ ਰੁਪਏ ਦਾ ਲੋਨ
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Completion of 'Expertise in Prevention and Prevention of Viral Diseases' Training at Veterinary University