ਪੰਜਾਬ `ਚ ਪਹਿਲਾਂ ਮੀਂਹ ਕਾਰਨ ਝੋਨੇ ਦੀ ਫ਼ਸਲ ਤਬਾਹ ਹੋਈ ਤੇ ਹੁਣ ਹੋਰ ਕਈ ਕਾਰਨਾਂ ਕਰਕੇ ਇਹ ਸਿਲਸਿਲਾ ਜਾਰੀ ਹੈ। ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਦਾ ਫ਼ਸਲਾਂ `ਤੇ ਬਹੁਤ ਮਾੜਾ ਅਸਰ ਪਿਆ ਹੈ। ਇਨ੍ਹਾਂ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਜ਼ਮੀਨ `ਤੇ ਵਿਛ ਗਈਆਂ ਹਨ। ਇਸਦੇ ਨਾਲ ਹੀ ਤਾਜ਼ਾ ਬੀਜੇ ਹੋਏ ਆਲੂ, ਮੂਲੀ, ਗੋਭੀ ਆਦਿ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
ਮੋਰਿੰਡਾ ਇਲਾਕੇ `ਚ ਵੀ ਮੀਂਹ ਤੇ ਤੇਜ਼ ਹਵਾਵਾਂ ਕਾਰਨ ਗੰਨੇ ਤੇ ਜੀਰੀ ਦੀ ਫਸਲ ਖੇਤਾਂ `ਚ ਡਿੱਗ ਗਈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਇਸ ਕਾਰਨ ਜਿੱਥੇ ਕਿਸਾਨ ਨੂੰ 350 ਕੁਇੰਟਲ ਪ੍ਰਤੀ ਏਕੜ ਝਾੜ ਦੀ ਉਮੀਦ ਸੀ ਓਥੇ ਉਨ੍ਹਾਂ ਨੂੰ ਸਿਰਫ 200 ਤੋਂ 250 ਕੁਇੰਟਲ ਪ੍ਰਤੀ ਏਕੜ ਝਾੜ ਮਿਲਣ ਦੇ ਹੀ ਆਸਾਰ ਲਗ ਰਹੇ ਹਨ।
ਪੰਜਾਬ `ਚ ਹੋਰ ਕਈ ਕਾਰਨਾਂ ਕਰਕੇ ਫ਼ਸਲਾਂ ਬਰਬਾਦ:
ਮੰਡੀ `ਚ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ:
ਬਨੂੜ ਮੰਡੀ `ਚ ਵਿਕਣ ਆਇਆ ਸੈਂਕੜੇ ਕੁਇੰਟਲ ਝੋਨਾ ਪਾਣੀ `ਚ ਡੁੱਬ ਗਿਆ। ਇੰਨਾ ਹੀ ਨਹੀਂ, ਝੋਨੇ ਦੀਆਂ ਢੇਰੀਆਂ ਪੁੰਗਰਨ ਵੀ ਲੱਗ ਗਈਆਂ। ਇਸ ਦਾ ਮੁੱਖ ਕਾਰਨ ਮੰਡੀ `ਚ ਪ੍ਰਸ਼ਾਸਨ ਵੱਲੋਂ ਕੀਤੀ ਅਣਗਹਿਲੀ ਤੇ ਝੋਨੇ ਦੀ ਚੰਗੀ ਸਾਂਭ ਸੰਭਾਲ ਨਾ ਕਰਨਾ ਹੈ। ਇਸ ਮਗਰੋਂ ਕਿਸਾਨ ਭਰਾ ਮੀਂਹ ਹੋਣ ਦੇ ਬਾਵਜੂਦ ਵੀ ਮੰਡੀ `ਚੋਂ ਝੋਨਾ ਘਰ ਲਿਜਾਂਦੇ ਵੇਖੇ ਗਏ।
ਮੰਡੀ `ਚ ਸ਼ੈਡ ਨਾ ਹੋਣ ਕਾਰਨ:
ਡੇਰਾਬੱਸੀ ਦੀ ਮੰਡੀ `ਚ ਸ਼ੈਡ ਨਾ ਹੋਣ ਕਾਰਨ ਕਿਸਾਨ ਵੱਲੋਂ ਲਿਆਂਦੀਆਂ ਝੋਨੇ ਦੀਆਂ ਫਸਲਾਂ ਭਿੱਜ ਗਈਆਂ। ਦੱਸਣਯੋਗ ਹੈ ਕਿ ਕਿਸਾਨਾਂ ਨੇ ਤਿਆਰ ਫ਼ਸਲ ਪਹਿਲਾਂ ਹੀ ਮੰਡੀ `ਚ ਪਹੁੰਚਾ ਦਿੱਤੀ ਸੀ, ਪਰ ਮੰਡੀ `ਚ ਪੁਖ਼ਤਾ ਇੰਤਜ਼ਾਮ ਨਾ ਹੋਣ ਕਾਰਨ ਫ਼ਸਲ ਬਰਬਾਦ ਹੋ ਗਈ। ਝੋਨੇ ਨੂੰ ਭਿੱਜਣ ਤੋਂ ਬਚਾਉਣ ਲਈ ਉਸਨੂੰ ਤਰਪਾਲੇ ਨਾਲ ਢਕਿਆ ਵੀ ਗਿਆ, ਪਰ ਫਿਰ ਵੀ ਫ਼ਸਲਾਂ ਭਿੱਜ ਗਈਆਂ।
ਇਹ ਵੀ ਪੜ੍ਹੋ: ਪਸ਼ੂ ਪਾਲਕ ਜਿੱਤ ਸਕਦੇ ਹਨ 5 ਲੱਖ ਤੱਕ ਦਾ ਇਨਾਮ, ਕੇਂਦਰ ਸਰਕਾਰ ਦੀ ਸ਼ਿਲਾਘਯੋਗ ਪਹਿਲ
ਖੇਤਾਂ `ਚ ਪਾਣੀ ਭਰਨ ਕਰਕੇ:
ਨੀਵੇਂ ਖੇਤਾਂ `ਚ ਪਾਣੀ ਭਰਨ ਕਰਕੇ ਝੋਨੇ ਦੀਆਂ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ। ਕਿਸਾਨਾਂ ਨੂੰ ਹੁਣ ਇਸ ਪਾਣੀ `ਚ ਡੁੱਬੇ ਝੋਨੇ ਦੇ ਪੁੰਗਰਨ ਦਾ ਡਰ ਹੈ।
ਸਰਕਾਰ ਤੋਂ ਮੁਆਵਜ਼ੇ ਦੀ ਮੰਗ:
ਬਨੂੜ ਮੰਡੀ `ਚ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਹੀਂ ਹੈ , ਜਿਸ ਕਾਰਨ ਕਿਸਾਨਾਂ `ਚ ਰੋਸ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਨੂੜ ਖੇਤਰ `ਚ ਪਹਿਲਾਂ ਚੀਨੀ ਵਾਇਰਸ ਦੀ ਝੋਨੇ `ਤੇ ਵੱਡੀ ਮਾਰ ਪਈ ਤੇ ਹੁਣ ਮੀਂਹ ਕਾਰਨ ਕਿਸਾਨਾਂ ਦੇ ਸਾਂਹ ਸੁੱਖੇ ਪਏ ਹਨ। ਉਨ੍ਹਾਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਤੋਂ ਸਮੁੱਚੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮੋਰਿੰਡਾ ਇਲਾਕੇ `ਚ ਜੀਰੀ ਤੇ ਗੰਨੇ ਦੇ ਖੇਤਾਂ ਦੀ ਗਿਰਦਾਵਰੀ ਕਰਾਉਣ ਦੀ ਮੰਗ ਵੀ ਕੀਤੀ ਗਈ।
Summary in English: Crops in the markets of Punjab were washed away due to rain, loss of crores to the farmers