Paddy Varieties: ਸਾਉਣੀ ਦੇ ਮੌਸਮ ਵਿੱਚ ਦੇਸ਼ ਦੇ ਕਿਸਾਨ ਭਰਾਵਾਂ ਲਈ ਝੋਨੇ ਦੀ ਫ਼ਸਲ ਸਭ ਤੋਂ ਵੱਧ ਫਲਦਾਇਕ ਮੰਨੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਤੋਂ ਚੰਗਾ ਉਤਪਾਦਨ ਲੈਣ ਲਈ ਝੋਨੇ ਦੀਆਂ ਉੱਨਤ ਕਿਸਮਾਂ ਨੂੰ ਅਪਣਾਉਣਾ ਚਾਹੀਦਾ ਹੈ।
ਸਾਡੇ ਦੇਸ਼ ਵਿੱਚ ਕੁਝ ਕਿਸਾਨ ਅਜਿਹੇ ਹਨ ਜੋ ਝੋਨੇ ਦੀਆਂ ਚੰਗੀਆਂ ਕਿਸਮਾਂ ਬਾਰੇ ਨਹੀਂ ਜਾਣਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨਾ ਤਾਂ ਫਸਲ ਦਾ ਚੰਗਾ ਉਤਪਾਦਨ ਮਿਲਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਜ਼ਿਆਦਾ ਮੁਨਾਫਾ ਮਿਲਦਾ ਹੈ। ਇਸ ਸਬੰਧ ਵਿੱਚ ਅੱਜ ਅਸੀਂ ਤੁਹਾਨੂੰ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਉਨ੍ਹਾਂ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿੰਨਾ ਦੀ ਪੀ.ਏ.ਯੂ. ਨੇ ਸਾਉਣੀ ਸੀਜ਼ਨ 2024 (Kharif Season 2024) ਲਈ ਸਿਫਾਰਸ਼ ਕੀਤੀ ਹੈ।
ਪੀਏਯੂ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਪਰਾਲੀ ਨੂੰ ਸਾੜਨ ਦੇ ਰੁਝਾਨ ਦੀ ਰੋਕਥਾਮ ਦੇ ਮੱਦੇਨਜ਼ਰ ਝੋਨੇ ਦੀ ਕਾਸ਼ਤ ਲਈ ਵਿਕਸਿਤ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ। ਇਸ ਬਾਰੇ ਗੱਲ ਕਰਦਿਆਂ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਦੇ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਮੁੱਖ ਮੁੱਦਾ ਹੈ। ਇਸ ਲਈ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਕੁਝ ਉੱਨਤ ਕਿਸਮਾਂ ਦੀ ਕਾਸ਼ਤ ਲਈ ਕਿਸਾਨਾਂ ਨੂੰ ਸਿਫਾਰਿਸ਼ ਕੀਤੀ ਜਾਂਦੀ ਹੈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਉੱਨਤ ਕਿਸਮਾਂ ਪੀ ਆਰ 130, ਪੀ ਆਰ 129, ਪੀ ਆਰ 128, ਪੀ ਆਰ 126, ਪੀ ਆਰ 121, ਪੀ ਆਰ 114 ਦੀ ਕਾਸ਼ਤ ਲਈ ਕਿਸਾਨਾਂ ਨੂੰ ਸਿਫਾਰਿਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਕਿਸਾਨ ਵੀਰੋ ਝੋਨੇ ਦੀ ਕਾਸ਼ਤ ਦੌਰਾਨ ਪਾਣੀ ਦੀ ਸੁਚੱਜੀ ਵਰਤੋਂ ਲਈ ਅਪਣਾਓ ਇਹ 5 ਤਰੀਕੇ
ਉਨ੍ਹਾਂ ਬਾਸਮਤੀ ਦੀਆਂ ਕਿਸਮਾਂ ਪੰਜਾਬ ਬਾਸਮਤੀ 7, ਪੂਸਾ ਬਾਸਮਤੀ 1121, ਪੂਸਾ ਬਾਸਮਤੀ 1847 ਅਤੇ ਪੂਸਾ ਬਾਸਮਤੀ 1509 ਦੀ ਕਾਸ਼ਤ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਮਾਂ ਦਾ ਮਿਆਰੀ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਉਸ ਦੇ ਵੱਖ-ਵੱਖ ਜਿਲ੍ਹਿਆਂ ਵਿਚ ਸਥਾਪਿਤ ਖੋਜ ਕੇਦਂਰਾਂ, ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਦਂਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੇ ਉਪਲਬੱਧ ਹੈ। ਝੋਨੇ ਦੀਆਂ ਇਹ ਕਿਸਮਾਂ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹਨ ਅਤੇ ਘੱਟ ਪਰਾਲੀ ਵਾਲੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਗਰਮੀ ਰੁੱਤ ਦੀ ਮੂੰਗੀ ਦੀ ਕਿਸਮ ਐੱਸ ਐੱਮ ਐੱਲ 1827 ਦਾ ਬੀਜ ਵੀ ਵੱਖ-ਵੱਖ ਕੇਂਦਰਾਂ ਤੇ ਉਪਲਬੱਧ ਹੈ।
Summary in English: Cultivate these types of Paddy for Kharif Season 2024, PAU recommends high yielding varieties of paddy