KVK Hoshiarpur: ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੁਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਅਪਣਾਏ ਪਿੰਡ ਬੁਗਰਾ ਵਿਖੇ ਝੋਨੇ ਦੇ ਪਰਾਲੀ ਵਿੱਚ ਕਣਕ ਦੀ ਸਿੱਧੀ ਬਿਜਾਈ ਦੀਆਂ ਪ੍ਰਦਰਸ਼ਨੀਆਂ ਬਾਬਤ ਵਿਦਿਅਕ ਦੌਰੇ ਦਾ ਆਯੋਜਨ ਮਿਤੀ 17 ਜਨਵਰੀ, 2025 ਨੂੰ ਕੀਤਾ ਗਿਆ।
ਇਹਨਾਂ ਪ੍ਰਦਰਸ਼ਨੀਆਂ ਦੌਰਾਨ ਪਿੰਡ ਬੁਗਰਾ ਦੇ ਅਗਾਂਹਵਧੁ ਤੇ ਇਨਾਮ ਜੇਤੂ ਕਿਸਾਨ, ਸ. ਤਰਨਜੀਤ ਸਿੰਘ ਦੇ ਫਾਰਮ ਤੇ ਕਣਕ ਦੀ ਸਿੱਧੀ ਬਿਜਾਈ ਵੱਖ-ਵੱਖ ਤਕਨੀਕਾਂ ਨਾਲ ਕੀਤੀ ਗਈ ਹੈ ਤਾਂ ਜੋ ਇਹਨਾਂ ਤਕਨੀਕਾਂ ਨਾਲ ਪਰਾਲੀ ਪ੍ਰਬੰਧਨ ਵਾਲੇ ਖੇਤਾਂ ਵਿੱਚ ਉੱਗੀ ਕਣਕ ਦੀ ਸਫਲ ਕਾਸ਼ਤ ਦਾ ਸੰਦੇਸ਼ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ। ਸ. ਤਰਨਜੀਤ ਸਿੰਘ ਦੇ ਖੇਤਾਂ ਵਿੱਚ ਇਹਨਾ ਪ੍ਰਦਰਸ਼ਨੀਆਂ ਦਾ ਦੂਜਾ ਸਾਲ ਹੈ ਅਤੇ ਉਹ ਇਹਨਾਂ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹਨ।
ਕਿਸਾਨਾਂ ਨਾਲ ਰੂਬਰੂ ਹੁੰਦਿਆਂ, ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਖੇਤ ਦੀ ਮਿੱਟੀ ਨੂੰ ਪੋਸ਼ਟਿਕ ਤੱਤਾਂ ਦਾ ਬੈਂਕ ਦੱਸਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਇਸਨੂੰ ਖਾਲੀ ਨਾ ਕਰੀਏ ਕਿਉਂਕਿ ਖਾਦਾਂ ਦਾ ਇਕ ਤਿਹਾਈ ਹਿੱਸਾ ਪਰਾਲੀ ਵਿਚ ਹੁੰਦਾ ਹੈ, ਜੋ ਅੱਗ ਲਗਾਉਣ ਨਾਲ ਇਸਦੇ ਨਾਲ ਹੀ ਨਸ਼ਟ ਹੋ ਜਾਂਦਾ ਹੈ। ਪਰਾਲੀ ਨੂੰ ਖੇਤ ਵਿਚ ਹੀ ਰੱਖਣ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਜਮੀਨ ਦੀ ਸਿਹਤ ਠੀਕ ਰਹਿੰਦੀ ਹੈ ਉੱਥੇ ਖਾਦਾਂ ਤੇ ਖਰਚੇ ਘੱਟ ਹੁੰਦੇ ਹਨ ਅਤੇ ਵਾਤਾਵਰਨ ਵੀ ਪਲੀਤ ਨਹੀਂ ਹੁੰਦਾ।
ਡਾ. ਬੌਂਸ ਨੇ ਪਿੰਡ ਬੁਗਰਾ ਦੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਵੀ ਕੀਤੀ, ਜਿਹਨਾਂ ਦੇ ਇਸ ਸਾਲ ਝੋਨੇ ਦੀ ਪਰਾਲੀ ਦਾ ਪੂਰਣ ਪ੍ਰਬੰਧ ਕੀਤਾ ਅਤੇ ਇਹਨਾਂ ਯਤਨਾਂ ਸਦਕਾ ਪਿੰਡ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਕੋਈ ਕੇਸ ਨਹੀਂ ਦਰਜ ਹੋਇਆ। ਇਸ ਤੋਂ ਇਲਾਵਾ ਡਾ. ਬੌਂਸ ਨੇ ਹਾੜ੍ਹੀ ਦੀਆਂ ਫਸਲਾਂ ਦੇ ਸਰਵਪੱਖੀ ਕੀਟ ਪ੍ਰਬੰਧਨ ਬਾਬਤ ਵੀ ਜਰੂਰੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਕਿਸਾਨਾਂ ਦੀ ਜਾਣਕਾਰੀ ਵਿੱਚ ਵਾਧੇ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਵੱਖ-ਵੱਖ ਤਕਨੀਕੀ ਲੈਕਚਰ ਦਿੱਤੇ ਗਏ।
ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਹਨਾਂ ਨੇ ਇਸ ਮੌਕੇ ਝੋਨੇ ਦੀ ਪਰਾਲੀ ਪ੍ਰਬੰਧਨ ਸੰਬੰਧੀ ਪ੍ਰਦਰਸ਼ਿਤ ਮਸ਼ੀਨਰੀ - ਸਰਫੇਸ ਸੀਡਰ ਤਕਨੀਕ, ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਜੀਰੋ ਡਰਿੱਲ ਦੀ ਵਰਤੋਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ।
ਇਹ ਵੀ ਪੜ੍ਹੋ: ਤੇਲਬੀਜਾਂ ਦੀ ਕਾਸ਼ਤ ਨੂੰ ਹੁਲਾਰਾ, ਵੱਖ-ਵੱਖ ਬਲਾਕਾਂ ਤੇ ਪਿੰਡਾਂ ਵਿੱਚ 125 ਏਕੜ ਰਕਬੇ 'ਤੇ ਗੋਭੀ ਸਰ੍ਹੋਂ ਦੀਆਂ ਲੱਗੀਆਂ ਪ੍ਰਦਰਸ਼ਨੀਆਂ
ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰਫੈਸਰ (ਪਸ਼ੂ ਵਿਗਿਆਨ) ਨੇ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ ਤੇ ਪਸ਼ੂ ਖੁੁਰਾਕ ਤਿਆਰ ਕਰਨ ਬਾਰੇ ਅਤੇ ਡਾ. ਕਰਮਵੀਰ ਸਿੰਘ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਨੇ ਪੌਸ਼ਟਿਕ ਘਰੇਲੂ ਬਗੀਚੀ ਬਾਬਤ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸ. ਅੰਮ੍ਰਿਤਪਾਲ ਸਿੰਘ, ਸ. ਕਸ਼ਮੀਰ ਸਿੰਘ, ਸ. ਹਰਜੋਤ ਸਿੰਘ, ਸ. ਮਨਮੋਹਨ ਸਿੰਘ ਖਾਲਸਾ, ਸ. ਹਰਕੰਵਲ ਸਿੰਘ, ਸ. ਚੈਨ ਸਿੰਘ, ਸ. ਮੋਹਿੰਦਰ ਸਿੰਘ, ਸ. ਤਰਨਜੀਤ ਸਿੰਘ ਤੇ ਸ. ਮਨਪ੍ਰੀਤ ਸਿੰਘ, ਆਦਿ, ਅਗਾਂਹਵਧੂ ਕਿਸਾਨ ਮੌਜੂਦ ਸਨ।ਹਾਜਿਰ ਕਿਸਾਨਾਂ ਨੇ ਇਹਨਾਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਤੇ ਆਪਣੇ ਖਦਸ਼ਿਆਂ ਬਾਬਤ ਮਾਹਿਰਾਂ ਨਾਲ ਵਿਚਾਰ-ਚਰਚਾ ਕੀਤੀ।
Summary in English: Demonstrations of direct sowing of wheat in paddy stubble at Bugra village of Hoshiarpur, message from experts from Progressive Farmer Taranjit Singh's farm