Challenges of Rice Industry: ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਝੋਨੇ ਦੀ ਕਿਸਮ ਪੀਆਰ 126 ਦੇ ਹਾਈਬ੍ਰਿਡ ਅਤੇ ਨਕਲੀ ਬੀਜਾਂ ਦੀ ਵਿਕਰੀ 'ਤੇ ਵਿਚਾਰ ਕਰਨ ਲਈ ਇੱਕ ਅਹਿਮ ਮੀਟਿੰਗ ਬੁਲਾਈ ਗਈ।
ਇਸ ਮੀਟਿੰਗ ਵਿਚ ਝੋਨੇ ਦੇ ਗੈਰ-ਪ੍ਰਮਾਣਿਤ ਬੀਜਾਂ ਦੀ ਵਿਕਰੀ ਅਤੇ ਮਿਲਿੰਗ ਗੁਣਵੱਤਾ ਦੇ ਮੁੱਦਿਆਂ ਸੰਬੰਧੀ ਚਿੰਤਾ ਨਾਲ ਨਜਿੱਠਣ ਲਈ ਵੱਖ-ਵੱਖ ਖੇਤਰਾਂ ਦੇ ਹਿੱਸੇਦਾਰ ਇਕੱਤਰ ਹੋਏ। ਸਾਰੀਆਂ ਧਿਰਾਂ ਨੇ ਚਾਲੂ ਹਲਾਤ ਬਾਰੇ ਵਿਚਾਰਾਂ ਕੀਤੀਆਂ।
ਡਾ. ਗੋਸਲ ਨੇ ਪੀਏਯੂ ਦੁਆਰਾ ਸਿਫ਼ਾਰਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਦੇ ਗੁਣਾਂ ਬਾਰੇ ਗੱਲ ਕੀਤੀ। ਉਹਨਾਂ ਨੇ ਇਨ੍ਹਾਂ ਕਿਸਮਾਂ ਦੇ ਚੌਲਾਂ ਦੇ ਚੰਗੇ ਮਿਆਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ 70% ਝੋਨਾ ਉਤਪਾਦਕ ਖੇਤਰਾਂ ਵਿੱਚ ਇਹ ਕਿਸਮਾਂ ਬੀਜੀਆਂ ਜਾਂਦੀਆਂ ਹਨ। ਵਾਈਸ-ਚਾਂਸਲਰ ਨੇ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਰਾਈਸ ਮਿੱਲਰਜ਼ ਐਸੋਸੀਏਸ਼ਨ ਅਤੇ ਹੋਰ ਹਿੱਸੇਦਾਰਾਂ ਵੱਲੋਂ ਸਮੇਂ ਸਿਰ ਵਿਚਾਰ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੀਆਂ ਧਿਰਾਂ ਨੂੰ ਝੋਨੇ ਦੇ ਬੀਜਾਂ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਅਤੇ ਸ਼ੈਲਰਾਂ ਦੇ ਕੰਮ ਦੇ ਮਿਆਰ ਵਿੱਚ ਸੁਧਾਰ ਲਈ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਵਾਈਸ ਚਾਂਸਲਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਯਤਨ ਪੰਜਾਬ ਦੇ ਚੌਲ ਉਦਯੋਗ ਨੂੰ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹਨ।
ਉਨ੍ਹਾਂ ਦੀਆਂ ਟਿੱਪਣੀਆਂ ਨਾਲ ਚੌਲਾਂ ਬਾਰੇ ਉਦਯੋਗ ਨੂੰ ਦਰਪੇਸ਼ ਚੁਣੌਤੀਆਂ 'ਤੇ ਵਿਆਪਕ ਚਰਚਾ ਆਰੰਭ ਹੋਈ। ਇਸ ਮੌਕੇ ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਤਰਸੇਮ ਲਾਲ ਸੈਣੀ, ਮਿਲਿੰਗ ਉਦਯੋਗ ਦੇ ਹੋਰ ਨੁਮਾਇੰਦੇ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾ: ਰਣਜੋਧ ਸਿੰਘ ਬੈਂਸ ਅਤੇ ਡਾ: ਵਿਕਰਮ ਸਿੰਘ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਨਾਲ ਹੀ ਪੀਏਯੂ, ਲੁਧਿਆਣਾ ਤੋਂ ਝੋਨਾ ਵਿਗਿਆਨੀਆਂ ਦੀ ਟੀਮ ਵੀ ਮੌਕੇ ਤੇ ਮੌਜੂਦ ਰਹੀ।
ਸ੍ਰੀ ਤਰਸੇਮ ਲਾਲ ਸੈਣੀ ਨੇ ਪੀ.ਏ.ਯੂ. ਦੀ ਪੀ.ਆਰ.126 ਚੌਲਾਂ ਦੀ ਕਿਸਮ ਦੀ ਮਿਲਿੰਗ ਗੁਣਵੱਤਾ ਦੀ ਤਾਰੀਫ਼ ਕੀਤੀ ਪਰ ਨਕਲੀ ਬੀਜਾਂ ਦੀ ਵੱਡੇ ਪੱਧਰ 'ਤੇ ਵਿਕਰੀ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਰਾਈਸ ਮਿੱਲਰਾਂ ਨੂੰ ਹਾਈਬ੍ਰਿਡ ਕਿਸਮਾਂ ਦੀ ਪ੍ਰੋਸੈਸਿੰਗ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਵਿਚ ਟੁੱਟੇ ਚੌਲਾਂ ਦੀ ਮਿਕਦਾਰ ਵੱਧ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਹਾਈਬ੍ਰਿਡਾਂ ਵਿੱਚ ਟੁੱਟੇ ਚੌਲਾਂ ਦੀ ਮਿਕਦਾਰ ਪੀਆਰ 126 ਨਾਲੋਂ ਲਗਭਗ ਦੁੱਗਣੀ ਹੈ, ਇਹ ਹੀ ਚੌਲ ਉਦਯੋਗ ਤੇ ਸ਼ੈਲਰਾਂ ਲਈ ਵੱਡੀ ਚੁਣੌਤੀ ਹੈ।
ਇਹ ਵੀ ਪੜ੍ਹੋ : PAU ਦਾ Grainsera Private limited ਨਾਲ ਕਰਾਰ, ਸ਼ੂਗਰ ਦੇ ਮਰੀਜ਼ਾਂ ਲਈ Multigrain Flour Technology ਦੇ ਪਸਾਰ ਲਈ ਕੀਤਾ MoU Sign
ਮੀਟਿੰਗ ਦੌਰਾਨ ਨਕਲੀ ਬੀਜਾਂ ਦੀ ਵਿਕਰੀ ਰੋਕਣ ਲਈ ਕਦਮ ਸਖ਼ਤੀ ਨਾਲ ਚੁੱਕਣ ਉੱਪਰ ਸਹਿਮਤੀ ਬਣੀ। ਸ੍ਰੀ ਸੈਣੀ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਗੈਰ-ਪ੍ਰਵਾਨਿਤ ਹਾਈਬ੍ਰਿਡਾਂ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ। ਇਸ ਸੁਝਾਅ ਨੂੰ ਵਿਭਾਗੀ ਨੁਮਾਇੰਦਿਆਂ ਨੇ ਵੀ ਸਮਰਥਨ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਖੁਰਾਕ ਨਿਗਮ ਦੇ ਨਮੀ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੇ ਅਣਅਧਿਕਾਰਤ ਬੀਜਾਂ ਦੀ ਖਰੀਦ ਲਈ ਆੜ੍ਹਤੀਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਮੀਟਿੰਗ ਨਕਲੀ ਬੀਜਾਂ ਦੀ ਵਿਕਰੀ ਨੂੰ ਰੋਕਣ ਅਤੇ ਚੌਲਾਂ ਦੇ ਹਾਈਬ੍ਰਿਡ ਦੇ ਮਿਆਰ ਨੂੰ ਵਧਾਉਣ ਲਈ ਸਾਰੀਆਂ ਧਿਰਾਂ ਦੀ ਵਚਨਬੱਧਤਾ ਨਾਲ ਸਮਾਪਤ ਹੋਈ। ਡਾ. ਗੋਸਲ ਨੇ ਹਾਜ਼ਰ ਪਤਵੰਤਿਆਂ ਦਾ ਉਹਨਾਂ ਦੀ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਹਨਾਂ ਸਾਂਝੇ ਯਤਨਾਂ ਨਾਲ ਸੂਬੇ ਦੇ ਝੋਨਾ ਉਤਪਾਦਨ ਅਤੇ ਮਿਲਿੰਗ ਦੇ ਮਿਆਰ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ।
Summary in English: Discussion on Uncertified Paddy Seed and Challenges of Rice Industry, PR 126 Variety Appreciated by Sheller Owners