2nd Sarkar Kisan Milni: ਪੀਏਯੂ 11 ਮਈ ਨੂੰ ਦੂਜੀ ਪੰਜਾਬ ਸਰਕਾਰ-ਕਿਸਾਨ ਮਿਲਣੀ ਅਤੇ ਪਰਵਾਸੀ ਕਿਸਾਨ ਸੰਮੇਲਨ ਦੀਆਂ ਤਿਆਰੀ ਮੁਕੰਮਲ ਹਨ। ਇਹ ਮਿਲਣੀ ਪੰਜਾਬ ਦੀ ਕਿਸਾਨੀ ਦੇ ਮਸਲਿਆਂ ਬਾਰੇ ਸਰਕਾਰੀ ਪਹੁੰਚ ਨੂੰ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿਚ ਇਕ ਨਿਵੇਕਲਾ ਕਦਮ ਸਾਬਿਤ ਹੋਣ ਜਾ ਰਹੀ ਹੈ।
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਅਤੇ ਵੱਖ ਵੱਖ ਵਿਭਾਗਾਂ ਦੇ ਨਿਰਦੇਸ਼ਕਾਂ ਤੇ ਅਧਿਕਾਰੀਆਂ ਨੇ 11 ਮਈ ਨੂੰ ਹੋਣ ਵਾਲੀ ਮਿਲਣੀ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਅੱਜ ਪੀਏਯੂ ਵਿਖੇ ਇੱਕ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਯਾਦ ਰਹੇ ਕਿ ਪਰਵਾਸੀ ਕਿਸਾਨ ਸੰਮੇਲਨ ਵਿੱਚ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਤਨਜ਼ਾਨੀਆ ਅਤੇ ਜ਼ੈਂਬੀਆ ਤੋਂ 15 ਦੇ ਕਰੀਬ ਅਗਾਂਹਵਧੂ ਕਿਸਾਨ ਵਿਦੇਸ਼ੀ ਜ਼ਮੀਨਾਂ 'ਤੇ ਖੇਤੀ ਦੇ ਆਪਣੇ ਤਜਰਬੇ ਸਾਂਝੇ ਕਰਨਗੇ ਅਤੇ ਖੇਤੀ ਆਮਦਨ ਵਧਾਉਣ ਦੇ ਨਵੇਂ ਤਰੀਕਿਆਂ ਬਾਰੇ ਸੁਝਾਅ ਦੇਣਗੇ। 11 ਮਈ ਨੂੰ ਸਿੱਧੇ ਖੇਤਾਂ ਤੋਂ ਪਰਵਾਸੀ ਕਿਸਾਨਾਂ ਅਤੇ ਪੰਜਾਬ ਦੇ ਕਿਸਾਨਾਂ ਦਾ ਵਿਚਾਰ ਵਟਾਂਦਰਾ ਹੁਸ਼ਿਆਰਪੁਰ ਵਿਖੇ ਹੋਵੇਗਾ।
ਇਹ ਵੀ ਪੜ੍ਹੋ : International Conference ਵਿੱਚ PAU ਨੂੰ ਮਿਲਿਆ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਅਵਾਰਡ
ਫਰਵਰੀ 2023 ਵਿੱਚ ਪਹਿਲੀ ਸਰਕਾਰ-ਕਿਸਾਨ ਮਿਲਣੀ ਦੇ ਸਫਲ ਤਜਰਬੇ ਨੂੰ ਦੇਖਦੇ ਹੋਏ, ਸਮਕਾਲੀ ਸਮੇਂ ਵਿੱਚ ਦਰਪੇਸ਼ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਖੇਤੀਬਾੜੀ ਨੂੰ ਵਧੇਰੇ ਪ੍ਰਭਾਵਸ਼ਾਲੀ, ਲਾਭਕਾਰੀ ਅਤੇ ਲਾਹੇਵੰਦ ਬਣਾਉਣ ਲਈ ਦੂਜੀ ਮਿਲਣੀ ਆਯੋਜਿਤ ਕੀਤੀ ਜਾ ਰਹੀ ਹੈ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਹਾ ਕਿ ਸਰਕਾਰ ਕਿਸਾਨ ਮਿਲਣੀ ਅਤੇ ਕਿਸਾਨ ਸੰਮੇਲਨ ਦਾ ਉਦੇਸ਼ ਖੇਤੀ ਸਮੱਸਿਆਵਾਂ ਹੱਲ ਵੱਲ ਤੁਰਨਾ ਹੈ, ਖਾਸ ਤੌਰ 'ਤੇ ਕੁਦਰਤੀ ਸਰੋਤਾਂ ਜਿਵੇਂ ਕਿ ਪਾਣੀ ਦੀ ਕਮੀ, ਘੱਟ ਮਿਆਦ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਬਾਰੇ ਜਾਗਰੂਕਤਾ ਅਤੇ ਮੌਜੂਦਾ ਸਾਉਣੀ ਸੀਜ਼ਨ ਵਿੱਚ ਕਪਾਹ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਸਮੇਂ ਸਿਰ ਪ੍ਰਬੰਧਨ ਕਰਨ ਵਿਚ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : IYOM 2023: ਪਿੰਡ ਸਵੱਦੀ ਕਲਾਂ ਵਿੱਚ ਮੋਟੇ ਅਨਾਜਾਂ ਬਾਰੇ ਜਾਗਰੂਕਤਾ ਕੈਂਪ
ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਅਤੇ ਹੋਰ ਨਵੀਆਂ ਰਣਨੀਤੀਆਂ ਤਿਆਰ ਕਰਨ ਲਈ ਉਨ੍ਹਾਂ ਦੀਆਂ ਰਾਵਾਂ ਜਾਨਣਾ ਜ਼ਰੂਰੀ ਹੈ ਤੇ ਇਹ ਸਮਾਰੋਹ ਇਸ ਦਿਸ਼ਾ ਵਿਚ ਪੁਖਤਾ ਕਦਮਾਂ ਨੂੰ ਅੱਗੇ ਲਿਆਉਣਗੇ।
ਜਾਣਕਾਰੀ ਲਈ ਦੱਸ ਦੇਈਏ ਕਿ 11 ਫਰਵਰੀ ਨੂੰ ਪੀਏਯੂ ਵਿੱਚ ਪਹਿਲੀ ਸਰਕਾਰ ਕਿਸਾਨ ਮਿਲਣੀ ਕਰਵਾਈ ਗਈ ਸੀ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਜਦੋਂਕਿ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵਿਸੇਸ ਮਹਿਮਾਨ ਵਜੋਂ ਸਾਮਿਲ ਹੋਏ।
ਇਹ ਵੀ ਪੜ੍ਹੋ : SARKAR KISAN MILNI: ਨਵੇਂ ਬੀਜ, ਬਿਜਾਈ, ਸਿੰਚਾਈ ਅਤੇ ਮੰਡੀਕਰਨ ਨਾਲ ਨਵੀਂ ਖੇਤੀ ਸੰਭਵ: CM
ਪਹਿਲੀ ਸਰਕਾਰ ਮਿਲਣੀ ਦਾ ਉਦੇਸ਼ ਪੰਜਾਬ ਦੀ ਨਵੀਂ ਖੇਤੀ ਨੀਤੀ (New Agricultural Policy) ਬਨਾਉਣ ਲਈ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕਰਨਾ ਅਤੇ ਉਹਨਾਂ ਦੀਆਂ ਰਾਵਾਂ ਜਾਨਣਾ ਸੀ। ਇਸ ਮਿਲਣੀ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ। 20 ਦੇ ਕਰੀਬ ਸਟਾਲਾਂ ਤੇ ਕਿਸਾਨਾਂ ਨੇ ਆਪਣੀ ਦਿਲਚਸਪੀ ਅਨੁਸਾਰ ਫਸਲ ਦੀ ਬਿਜਾਈ ਅਤੇ ਹੋਰ ਮੁੱਦਿਆਂ ਬਾਰੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Dooji Sarkar-Kisan Milni and NRI Farmers' Conclave on May 11