Good News: ਪੀ.ਏ.ਯੂ. ਵਿਚ ਚਾਰ ਸਾਲਾਂ ਦੀ ਮਿਆਦ ਲਈ ਡਾ. ਚਰਨਜੀਤ ਸਿੰਘ ਔਲਖ ਨੂੰ ਡੀਨ, ਖੇਤੀਬਾੜੀ ਕਾਲਜ ਨਿਯੁਕਤ ਕੀਤਾ ਹੈ। ਇਹ ਫੈਸਲਾ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਪ੍ਰਬੰਧਕੀ ਬੋਰਡ ਦੀ 313ਵੀਂ ਮੀਟਿੰਗ ਦੌਰਾਨ ਲਿਆ ਗਿਆ।
ਡਾ. ਚਰਨਜੀਤ ਸਿੰਘ ਔਲਖ 1995 ਵਿੱਚ ਪੀਏਯੂ ਵਿੱਚ ਜ਼ਿਲ੍ਹਾ ਪਸਾਰ ਮਾਹਿਰ ਵਜੋਂ ਨਿਯੁਕਤ ਹੋਏ ਅਤੇ 2017 ਵਿੱਚ ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਨਿਰਦੇਸ਼ਕ ਦੇ ਅਹੁਦੇ 'ਤੇ ਪਦਉਨਤ ਹੋਣ ਤਕ ਡਾ. ਔਲਖ ਨੇ ਜੈਵਿਕ ਖੇਤੀ ਅਤੇ ਏਕੀਕ੍ਰਿਤ ਖੇਤੀ ਪ੍ਰਬੰਧ ਦੇ ਖੋਜ ਪ੍ਰੋਜੈਕਟਾਂ ਦੇ ਪ੍ਰਮੁੱਖ ਨਿਗਰਾਨ ਵਜੋਂ ਯੋਗਦਾਨ ਪਾਇਆ।
ਉਨ੍ਹਾਂ ਨੇ ਵੱਖ-ਵੱਖ ਫਸਲਾਂ, ਫਸਲੀ ਪ੍ਰਣਾਲੀਆਂ, ਜੈਵਿਕ ਖੇਤੀ, ਏਕੀਕ੍ਰਿਤ ਪੌਸ਼ਟਿਕ ਪ੍ਰਬੰਧਨ, ਸੰਯੁਕਤ ਖੇਤੀ ਪ੍ਰਣਾਲੀ, ਵਰਮੀ ਕੰਪੋਸਟਿੰਗ, ਨਦੀਨ ਪ੍ਰਬੰਧਨ, ਜੈਵਿਕ ਖਾਦਾਂ ਅਤੇ ਜ਼ੀਰੋ ਟਿਲੇਜ 'ਤੇ 50 ਉਤਪਾਦਨ ਤਕਨਾਲੋਜੀਆਂ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਡਾ. ਔਲਖ ਨੇ 71 ਖੋਜ ਪੱਤਰ, ਦੋ ਸਮੀਖਿਆ ਪੱਤਰ, ਪੰਜ ਕਾਨਫਰੰਸ ਪੇਪਰ ਪ੍ਰਕਾਸ਼ਿਤ ਕੀਤੇ ਹਨ। ਉਹ ਤਿੰਨ ਸਰਵੋਤਮ ਖੋਜ ਕੇਂਦਰ ਅਵਾਰਡ, ਕਾਨਫਰੰਸਾਂ ਵਿੱਚ ਤਿੰਨ ਸਰਵੋਤਮ ਪੇਪਰ ਅਵਾਰਡ, ਅਤੇ ਇੱਕ ਸਰਵੋਤਮ ਖੋਜ ਪੇਪਰ ਅਵਾਰਡ ਵੀ ਜਿੱਤੇ।
ਇਹ ਵੀ ਪੜ੍ਹੋ: ਨਿੰਬੂ ਜਾਤੀ ਦੇ ਫਲਾਂ ਬਾਰੇ International Conference, ਵਿਗਿਆਨੀਆਂ ਨੇ ਜਿੱਤੇ ਇਨਾਮ
ਅਕਾਦਮਿਕ ਖੇਤਰ ਵਿੱਚ, ਡਾ. ਔਲਖ ਨੇ 35 ਸਮੈਸਟਰਾਂ ਲਈ ਅੱਠ ਅੰਡਰ ਗਰੈਜੂਏਟ ਕੋਰਸ ਅਤੇ 22 ਸਮੈਸਟਰਾਂ ਲਈ ਸੱਤ ਪੋਸਟ ਗ੍ਰੈਜੂਏਟ ਕੋਰਸ ਪੜ੍ਹਾਏ। ਉਨ੍ਹਾਂ ਨੇ ਤਿੰਨ ਪੀ.ਐਚ.ਡੀ. ਅਤੇ 10 ਐਮ.ਐਸ.ਸੀ. ਵਿਦਿਆਰਥੀਆਂ ਦੇ ਮੁੱਖ ਸਲਾਹਕਾਰ ਵਜੋਂ ਭੂਮਿਕਾ ਨਿਭਾਈ। ਨਾਲ ਹੀ ਉਨ੍ਹਾਂ ਨੂੰ ਸੱਤ ਕਿਤਾਬਾਂ, ਦੋ ਅਧਿਆਪਨ ਮੈਨੂਅਲ ਅਤੇ 18 ਕਿਤਾਬਾਂ ਦੇ ਅਧਿਆਏ ਲਿਖਣ ਦਾ ਮਾਣ ਹਾਸਲ ਹੈ।
ਪਸਾਰ ਦੇ ਖੇਤਰ ਵਿੱਚ, ਉਨ੍ਹਾਂ ਨੇ 52 ਸਿਖਲਾਈ ਪ੍ਰੋਗਰਾਮ ਅਤੇ ਤਿੰਨ ਸਰਟੀਫਿਕੇਟ ਕੋਰਸ ਆਯੋਜਿਤ ਕੀਤੇ ; 49 ਮਾਹਿਰ ਭਾਸ਼ਣ, 249 ਸਿਖਲਾਈ ਭਾਸ਼ਣ, ਅਤੇ 46 ਟੀਵੀ ਅਤੇ ਰੇਡੀਓ ਵਾਰਤਾਵਾਂ; 81ਪਸਾਰ ਲੇਖ ਵੀ ਉਨ੍ਹਾਂ ਦੇ ਨਾਂ ਨਾਲ ਦਰਜ ਹਨ। ਉਹ 132 ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੈਮੀਨਾਰਾਂ/ਵਰਕਸ਼ਾਪਾਂ ਵਿੱਚ ਭਾਗ ਲੈਣ ਗਏ ਜਿਸ ਵਿੱਚ ਫਿਲੀਪੀਨਜ਼, ਨੀਦਰਲੈਂਡਜ਼, ਮਾਰੀਸ਼ਸ ਅਤੇ ਸਵਿਟਜ਼ਰਲੈਂਡ ਵਿੱਚ ਸ਼ਾਮਲ ਹਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Dr Charanjit Singh Aulakh became the new Dean of PAU College of Agriculture