ਨੌਕਰੀਪੇਸ਼ਾ ਵਰਗ ਲਈ ਇਹ ਰਾਹਤ ਭਰੀ ਖ਼ਬਰ ਹੈ। ਕੋਰੋਨਾ ਸੰਕਟ ਦੇ ਦੌਰ ‘ਚ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੈ, ਉਨ੍ਹਾਂ ਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਹੁਣ ਸੈਲਰੀ ਦਾ 50 ਫੀਸਦੀ ਪੈਸਾ ਬਤੌਰ ਬੇਰੁਜ਼ਗਾਰੀ ਰਾਹਤ ਰਾਸ਼ੀ ਪ੍ਰਾਪਤ ਕਰਨ ਲਈ ਕਲੇਮ ਕਰ ਸਕਣਗੇ। ESIC ਦੇ ਮੈਂਬਰ ਇਸ ਸੁਵਿਧਾ ਦੇ ਪਾਤਰ ਹੋਣਗੇ। ਕੇਂਦਰੀ ਕਿਰਤ ਮੰਤਰਾਲੇ ਨੇ ਇਸ ਸਬੰਧ ‘ਚ ਵੀਰਵਾਰ ਨੂੰ ਨਿਯਮਾਵਲੀ ਜਾਰੀ ਕਰ ਦਿੱਤੀ ਹੋਈ ਹੈ।
ਮੰਤਰਾਲੇ ਮੁਤਾਬਿਕ ਲਾਕਡਾਊਨ ਕਾਰਨ ਨੌਕਰੀ ਗੁਆਉਣ ਵਾਲੇ ਲੋਕਾਂ ਲਈ ਬੇਰੁਜ਼ਗਾਰੀ ਰਾਹਤ ਭੱਤਾ ਵੀ ਵਧਾ ਕੇ 50 ਫੀਸਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਪਹਿਲਾਂ 25 ਫੀਸਦੀ ਸੀ। ਮੰਤਰਾਲੇ ਨੇ ਜਨਹਿੱਤ ‘ਚ ਬਿਆਨ ਜਾਰੀ ਕਰਦਿਆਂ ਇਹ ਵੀ ਸਪਸ਼ਟ ਕੀਤਾ ਹੈ ਕਿ ਨੌਕਰੀ ਗੁਆ ਚੁੱਕੇ ਲੋਕਾਂ ਨੂੰ ਅਟਲ ਬੀਮਿਤ ਕਲਿਆਣ ਯੋਜਨਾ ਤਹਿਤ ਅਪਲਾਈ ਕਰਨ ਦਾ ਫਾਇਦਾ ਮਿਲੇਗਾ।ਕਿਰਤ ਮੰਤਰਾਲੇ ਨੇ ਇਹ ਵੀ ਕਿਹਾ ਕਿ ESIC ਦੀ ਅਧਿਕਾਰਤ ਵੈੱਬਸਾਈਟ ‘ਤੇ ਇਹ ਕਲੇਮ ਕੀਤਾ ਜਾ ਸਕਦਾ ਹੈ।
ਇਸ ਕਲੇਮ ਦੀ ਪ੍ਰਕਿਰਿਆ ਦੌਰਾਨ ਹਲਫਨਾਮਾ, ਆਧਾਰ ਕਾਰਡ ਦੀ ਫੋਟੋਕਾਪੀ ਤੇ ਬੈਂਕ ਅਕਾਊਂਟ ਦੀ ਡਿਟੇਲ ਸਬੰਧਿਤ ਵਿਅਕਤੀ ESIC ਦੇ ਦਫ਼ਤਰ ‘ਚ ਭੇਜਣੀ ਪਵੇਗੀ। ਉਹ ਜਾਂ ਤਾਂ ਖ਼ੁਦ ਜਾ ਕੇ ਦੇ ਸਕਦੇ ਹਨ ਜਾਂ ਡਾਕ ਰਾਹੀਂ ਭੇਜ ਸਕਦੇ ਹਨ। ਰਾਹਤ ਰਾਸ਼ੀ ਦਾ ਭੁਗਤਾਨ ਸਿੱਧੇ ਮੁਲਾਜ਼ਮਾਂ ਦੇ ਬੈਂਕ ਖ਼ਾਤਿਆਂ ‘ਚ ਜਮ੍ਹਾਂ ਕੀਤਾ ਜਾਵੇਗਾ।
ਕਿਰਤ ਮੰਤਰੀ ਨੇ ESIC ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਨਿਗਮ ਮੌਜੂਦਾ ਦੌਰ ‘ਚ ਦੇਸ਼ ਦੇ ਕਰੀਬ 3.49 ਕਰੋੜ ਪਰਿਵਾਰਾਂ ਨੂੰ ਵੱਖ-ਵੱਖ ਲਾਭ ਤੇ ਸੇਵਾਵਾਂ ਪ੍ਰਦਾਨ ਕਰਦਾ ਹੈ। ਰਾਹਤ ਦੀ ਵਧੀ ਹੋਈ ਦਰ ਤੇ ਦਾਅਵਿਆਂ ਲਈ ਅਪਲਾਈ ਸਬੰਧੀ ਸੁਵਿਧਾ ਦਾ ਫਾਇਦਾ 24 ਮਾਰਚ 2020 ਤੋਂ 31 ਦਸੰਬਰ 2020 ਵਿਚਕਾਰ ਕੀਤਾ ਜਾਣਾ ਜਾਰੀ ਰਹੇਗਾ। ਇਸ ਸਬੰਧ ‘ਚ ਕਿਰਤ ਮੰਤਰਾਲੇ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਮੁਤਾਬਿਕ ESIC ਨੇ ਅਟਲ ਬੀਮਿਤ ਕਲਿਆਣ ਯੋਜਨਾ ਦਾ 1 ਜੁਲਾਈ 2020 ਤੋਂ 30 ਜੂਨ 2021 ਯਾਨੀ 1 ਸਾਲ ਲਈ ਵਿਸਤਾਰ ਕਰਨ ਦਾ ਫ਼ੈਸਲਾ ਕੀਤਾ ਹੈ।
Summary in English: Enempolyed youth now will get relief fund by increasing 50% more