1. Home
  2. ਖਬਰਾਂ

ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਇਹ ਵਿਧੀ ਅਪਨਾਉਣ ਦੀ ਸਲਾਹ, ਕੀਮਤੀ ਕੁਦਰਤੀ ਸਰੋਤ ਦੀ ਹੋਵੇਗੀ 15 ਤੋਂ 20 ਪ੍ਰਤੀਸ਼ਤ ਤੱਕ ਬੱਚਤ

ਖੇਤੀਬਾੜੀ ਯੂਨੀਵਰਸਿਟੀ ਦੇ ਜਲ ਤਕਨਾਲੋਜੀ ਅਤੇ ਪ੍ਰਬੰਧਨ ਕੇਂਦਰ ਦੇ ਵਿਗਿਆਨੀਆਂ ਡਾ. ਅਜਮੇਰ ਸਿੰਘ ਬਰਾੜ ਅਤੇ ਡਾ. ਸੁਖਪ੍ਰੀਤ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਿੱਚ ਸਿੰਚਾਈ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਹੈ। ਨਾਲ ਹੀ ਝੋਨੇ ਦੀ ਫ਼ਸਲ ਲਈ ਇਹ ਵਿਧੀ ਅਪਨਾਉਣ ਦੀ ਸਲਾਹ ਦਿੱਤੀ ਹੈ।

Gurpreet Kaur Virk
Gurpreet Kaur Virk
ਝੋਨੇ ਦੀ ਫ਼ਸਲ ਵਿੱਚ ਸਿੰਚਾਈ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦਾ ਸੁਨੇਹਾ

ਝੋਨੇ ਦੀ ਫ਼ਸਲ ਵਿੱਚ ਸਿੰਚਾਈ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦਾ ਸੁਨੇਹਾ

New Technology: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪਿਛਲੇ 6-7 ਦਹਾਕਿਆਂ ਤੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੰਮ ਕਰ ਰਹੀ ਹੈ ਅਤੇ ਇਸ ਅਦਾਰੇ ਨੇ ਦੇਸ਼ ਨੂੰ ਅੰਨ ਦੀ ਘਾਟ ਵਾਲੇ ਦੇਸ਼ ਤੋਂ ਅੰਨ ਦੀ ਬਹੁਤਾਤ ਵਾਲਾ ਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਪਰ ਇਸ ਟੀਚੇ ਨੂੰ ਪੂਰਾ ਕਰਨ ਲਈ ਸੂਬੇ ਦੇ ਕੁਦਰਤੀ ਸਰੋਤਾਂ ਖ਼ਾਸ ਕਰਕੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਉੱਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ। ਇਸ ਬੇਸ਼ਕੀਮਤੀ ਸਰੋਤ ਨੂੰ ਬਚਾਉਣ ਲਈ ਸੂਬੇ ਦੇ ਹਰ ਇੱਕ ਸ਼ਕਸ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।

ਖੇਤੀਬਾੜੀ ਯੂਨੀਵਰਸਿਟੀ ਦੇ ਜਲ ਤਕਨਾਲੋਜੀ ਅਤੇ ਪ੍ਰਬੰਧਨ ਕੇਂਦਰ ਦੇ ਵਿਗਿਆਨੀਆਂ ਡਾ. ਅਜਮੇਰ ਸਿੰਘ ਬਰਾੜ ਅਤੇ ਡਾ. ਸੁਖਪ੍ਰੀਤ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਿੱਚ ਸਿੰਚਾਈ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਝੋਨੇ ਦੀਆਂ ਘੱਟ ਜਾਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਅਪਨਾ ਕੇ ਇਸ ਫ਼ਸਲ ਵਿੱਚ ਸਿੰਚਾਈ ਵਾਲੇ ਪਾਣੀ ਦੀ 10 ਤੋਂ 15 ਪ੍ਰਤੀਸ਼ਤ ਬੱਚਤ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੀ ਪਨੀਰੀ ਨੂੰ ਯੂਨੀਵਰਸਿਟੀ ਵੱਲੋਂ ਦਿੱਤੀਆਂ ਤਰੀਕਾਂ ਤੇ ਖੇਤ ਵਿੱਚ ਲਾਉਣ ਨਾਲ ਸਿੰਚਾਈ ਵਾਲੇ ਪਾਣੀ ਦੀ ਹੋਰ ਵੀ ਬੱਚਤ ਕੀਤੀ ਜਾ ਸਕਦੀ ਹੈ।

ਡਾ. ਬਰਾੜ ਨੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਿੱਚ ਸੁਕਾ-ਸੁਕਾ ਕੇ ਪਾਣੀ ਲਾਉਣ ਦੀ ਵਿਧੀ ਅਪਨਾਉਣ ਦੀ ਸਲਾਹ ਦਿੱਤੀ ਜਿਸ ਨਾਲ ਇਸ ਕੀਮਤੀ ਕੁਦਰਤੀ ਸ੍ਰੋਤ ਦੀ 15 ਤੋਂ 20 ਪ੍ਰਤੀਸ਼ਤ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਵਿੱਚ ਪਹਿਲੇ 10-15 ਦਿਨ ਹੀ ਪਾਣੀ ਨੂੰ ਖੜ੍ਹਾ ਰੱਖਣ ਦੀ ਲੋੜ ਹੁੰਦੀ ਹੈ ਅਤੇ ਉਸ ਤੋਂ ਬਾਦ ਪਹਿਲੇ ਪਾਣੀ ਦੀ ਜ਼ੀਰਨ ਦੇ 2-3 ਦਿਨ ਬਾਅਦ ਹੀ ਅਗਲਾ ਪਾਣੀ ਲਗਾਉਣਾ ਚਾਹੀਦਾ ਹੈ, ਪਾਣੀ ਵੱਧ ਤੋਂ ਵੱਧ 2 ਇੰਚ ਤੱਕ ਲਗਾਉਣਾ ਚਾਹੀਦਾ ਹੈ ਅਤੇ ਫ਼ਸਲ ਦੀ ਕਟਾਈ ਤੋਂ 15 ਦਿਨ ਪਹਿਲਾਂ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ।

ਡਾ. ਸੁਖਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਗਰਮੀ ਰੁੱਤ ਵਿੱਚ ਬੀਜੀ ਜਾਣ ਵਾਲੀ ਮੱਕੀ ਦੀ ਫ਼ਸਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਫ਼ਸਲ ਦੇ ਵਾਧੇ ਦੌਰਾਨ ਵਾਤਾਵਰਣ ਵਿੱਚ ਨਮੀ ਬਹੁਤ ਘੱਟ ਹੁੰਦੀ ਹੈ, ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਗਰਮ ਹਵਾਵਾਂ ਚੱਲਦੀਆਂ ਹਨ ਜਿਸ ਕਰਕੇ ਇਸ ਫ਼ਸਲ ਦੀ ਪਾਣੀ ਦੀ ਲੋੜ ਬਹੁਤ ਵੱਧ ਜਾਂਦੀ ਹੈ। ਇਸ ਫ਼ਸਲ ਨੂੰ ਲਗਾਏ ਗਏ ਪਾਣੀ ਦਾ ਬਹੁਤ ਵੱਡਾ ਹਿੱਸਾ ਵਾਸ਼ਪੀਕਰਨ ਨਾਲ ਉੱਡ ਜਾਂਦਾ ਹੈ ਅਤੇ ਸੂਬੇ ਦੇ ਸਿਸਟਮ ਵਿੱਚੋਂ ਬਾਹਰ ਹੋ ਜਾਂਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿਨ੍ਹਾਂ ਖੇਤਾਂ ਵਿੱਚ ਸਰਕਾਰ ਦੇ ਉੱਦਮ ਨਾਲ ਨਹਿਰੀ ਪਾਣੀ ਪਹੁੰਚ ਚੁੱਕਾ ਹੈ ਉਨ੍ਹਾਂ ਨੂੰ ਟਿਊਬ-ਵੈੱਲ ਵਾਲੇ ਪਾਣੀ ਦੀ ਵਰਤੋਂ ਸਿਰਫ਼ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਫ਼ਸਲ ਦੇ ਝਾੜ ਤੇ ਪ੍ਰਭਾਵ ਪੈਣ ਦੀ ਸ਼ੰਕਾ ਹੋਵੇ।

ਇਹ ਵੀ ਪੜ੍ਹੋ: Crop Protection: ਟਮਾਟਰ ਦੀ ਫ਼ਸਲ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉ ਅਤੇ ਪੂਰਾ ਝਾੜ ਪਾਉ

ਅਖੀਰ ਵਿੱਚ ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਸੂਬੇ ਦੇ ਹਰ ਇੱਕ ਬਾਸ਼ਿੰਦੇ ਦੀ ਹੈ ਅਤੇ ਇਸ ਨੂੰ ਬਚਾਉਣ ਲਈ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਇਸਦੀ ਬੂੰਦ-ਬੂੰਦ ਦੀ ਬੱਚਤ ਕਰਨੀ ਪਵੇਗੀ ਅਤੇ ਪਾਣੀ ਨੂੰ ਬਰਬਾਦ ਕਰਨ ਵਾਲੀਆਂ ਗਤੀਵਿਧੀਆਂ ਜਿਵੇਂ ਕਿ ਕਾਰਾਂ ਤੇ ਫ਼ਰਸ਼ਾਂ ਦੀ ਧੁਆਈ ਲਈ ਅਤੇ ਘਰ ਦੇ ਕੰਮਾਂ ਵਿੱਚ ਪਾਣੀ ਦੀ ਬੇਲੋੜੀ ਵਰਤੋਂ ਆਦਿ ਨੂੰ ਰੋਕਣਾ ਚਾਹੀਦਾ ਹੈ। ਜੇ ਹਰ ਇੰਨਸਾਨ ਇਸ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝੇਗਾ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਅਤੀ ਜ਼ਰੂਰੀ ਸ੍ਰੋਤ ਤੋਂ ਵਾਝੇਂ ਹੋਣ ਤੋਂ ਬਚਾ ਸਕਾਂਗੇ।

Summary in English: Farmers advised to adopt this method for paddy crop, saving 15 to 20 percent of valuable natural resources

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters