ਕਿਸਾਨਾਂ ਦੀ ਮਦਦ ਲਈ ਸਰਕਾਰ ਹਮੇਸ਼ਾ ਤੋਂ ਵਚਨਬੱਧ ਹੈ। ਜਿਸਦੇ ਚਲਦਿਆਂ ਸਰਕਾਰ ਸਮੇਂ-ਸਮੇਂ 'ਤੇ ਕਿਸਾਨਾਂ ਦੀ ਸਾਰ ਵੀ ਲੈਂਦੀ ਰਹਿੰਦੀ ਹੈ। ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਸੋਲਰ ਪੰਪ 'ਤੇ ਮਿਲਦੀ ਸਬਸਿਡੀ ਬਾਰੇ ਦੱਸਣ ਜਾ ਰਹੇ ਹਾਂ। ਪੜੋ ਪੂਰੀ ਖ਼ਬਰ...
ਕਦੇ ਪਾਣੀ ਕਦੇ ਬਿਜਲੀ, ਕਿਸਾਨ ਨੂੰ ਹਮੇਸ਼ਾ ਕਿਸੇ-ਨਾ-ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸਾਡੀਆਂ ਸਰਕਾਰਾਂ ਖੇਤੀਬਾੜੀ ਨਾਲ ਸੰਬੰਧਿਤ ਕੰਮ ਨੂੰ ਸੁਖਾਲਾ ਬਣਾਉਣ ਲਈ ਹਮੇਸ਼ਾ ਤੋਂ ਕਿਸਾਨਾਂ ਨਾਲ ਖੜੀਆਂ ਹਨ। ਜਿਕਰਯੋਗ ਹੈ ਕਿ ਬਿਜਲੀ ਦੀ ਸਮੱਸਿਆ ਕਾਰਨ ਕਈ ਵਾਰ ਕਿਸਾਨ ਆਪਣੀ ਫ਼ਸਲ ਦੀ ਸਮੇਂ ਸਿਰ ਸਿੰਚਾਈ ਨਹੀਂ ਕਰ ਪਾਉਂਦੇ, ਜਿਸਦੇ ਸਿੱਟੇ ਵੱਜੋਂ ਉਨ੍ਹਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਅਜਿਹੇ 'ਚ ਪ੍ਰਧਾਨ ਮੰਤਰੀ ਕੁਸੁਮ ਯੋਜਨਾ ਕਿਸਾਨਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਰਹੀ ਹੈ। ਦੱਸ ਦਈਏ ਕਿ ਇਸ ਯੋਜਨਾ ਤਹਿਤ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਨੂੰ ਸੋਲਰ ਪੰਪਾਂ 'ਤੇ ਸਬਸਿਡੀ ਦਿੰਦੀ ਹੈ।
ਸੋਲਰ ਪੰਪਾਂ ਦੀ ਮਦਦ ਨਾਲ ਜਿੱਥੇ ਕਿਸਾਨ ਸਮੇਂ ਸਿਰ ਆਪਣੀ ਫ਼ਸਲ ਦੀ ਸਿੰਚਾਈ ਕਰ ਸਕਦੇ ਹਨ, ਉੱਥੇ ਹੀ ਖਾਲੀ ਪਈ ਬੰਜਰ ਜ਼ਮੀਨ 'ਤੇ ਸੋਲਰ ਸਿਸਟਮ ਲਗਾ ਕੇ ਹਰ ਮਹੀਨੇ ਪੱਕੀ ਆਮਦਨ ਵੀ ਹਾਸਲ ਕਰ ਸਕਦੇ ਹਨ। ਮਾਹਿਰਾਂ ਦੀ ਮੰਨੀਏ ਤਾਂ ਇੱਕ ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਲਗਾਉਣ ਲਈ ਲਗਭਗ 4 ਤੋਂ 5 ਏਕੜ ਜ਼ਮੀਨ ਉਪਲਬਧ ਹੋਣੀ ਚਾਹੀਦੀ ਹੈ। ਇਸ ਨਾਲ ਇਕ ਸਾਲ 'ਚ ਕਰੀਬ 15 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾ ਸਕਦਾ ਹੈ।
ਬਿਜਲੀ ਵਿਭਾਗ ਵੱਲੋ ਇਸਨੂੰ ਕਰੀਬ 3 ਰੁਪਏ 7 ਪੈਸੇ ਦੇ ਹਿਸਾਬ ਨਾਲ ਖਰੀਦਿਆ ਜਾਂਦਾ ਹੈ। ਅਜਿਹੇ 'ਚ ਕਿਸਾਨ ਇਸ ਸੋਲਰ ਪੈਨਲ ਸਿਸਟਮ ਤੋਂ ਇੱਕ ਸਾਲ 'ਚ ਆਸਾਨੀ ਨਾਲ 45 ਲੱਖ ਰੁਪਏ ਕਮਾ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਫਸਲਾਂ ਦੀ ਸਿੰਚਾਈ ਦੌਰਾਨ ਖਰਚੇ ਜਾਣ ਵਾਲੇ ਡੀਜ਼ਲ ਤੋਂ ਵੀ ਛੁਟਕਾਰਾ ਪਾ ਸਕਦੇ ਹਨ।
ਕੁਸੁਮ ਯੋਜਨਾ ਦੇ ਤਹਿਤ ਕਿਸਾਨਾਂ, ਕਿਸਾਨ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਦਾ ਇੱਕ ਸਮੂਹ ਸੋਲਰ ਪੰਪ ਲਗਾਉਣ ਲਈ ਅਰਜ਼ੀ ਦੇ ਸਕਦਾ ਹੈ। ਇਸ ਸਕੀਮ ਤਹਿਤ ਸਰਕਾਰ ਵੱਲੋਂ ਕਿਸਾਨਾਂ ਨੂੰ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਲਾਗਤ ਦੀ 30 ਫੀਸਦੀ ਰਾਸ਼ੀ ਵੀ ਸਰਕਾਰ ਵੱਲੋਂ ਹੀ ਅਦਾ ਕੀਤੀ ਜਾਂਦੀ ਹੈ। ਇਸ ਲਈ ਕਿਸਾਨਾਂ ਨੂੰ ਸਿਰਫ਼ 10 ਫੀਸਦੀ ਖਰਚਾ ਹੀ ਝੱਲਣਾ ਪੈਂਦਾ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਆਪਣੇ ਪੱਧਰ 'ਤੇ ਇਸ ਨੂੰ ਸੰਚਾਲਿਤ ਕਰਦੀਆਂ ਹਨ। ਅਜਿਹੇ ਵਿੱਚ ਕਿਸਾਨ ਆਪਣੇ ਸੂਬੇ ਦੇ ਬਿਜਲੀ ਵਿਭਾਗ ਨਾਲ ਸੰਪਰਕ ਕਰਕੇ ਇਸ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਗ੍ਰੀਨਹਾਉਸ ਉੱਤੇ 85% ਤੱਕ ਸਬਸਿਡੀ! ਜਾਣੋ ਪੂਰੀ ਖ਼ਬਰ
ਇਸ ਯੋਜਨਾ ਦੇ ਤਹਿਤ ਬੰਜਰ ਜ਼ਮੀਨ 'ਤੇ ਕਿਸਾਨਾਂ ਲਈ 10,000 ਮੈਗਾਵਾਟ ਦੇ ਵਿਕੇਂਦਰੀਕ੍ਰਿਤ ਨਵਿਆਉਣਯੋਗ ਊਰਜਾ ਪਲਾਂਟ ਲਗਾਏ ਗਏ ਹਨ, ਜੋ ਬੰਜਰ ਜ਼ਮੀਨ 'ਤੇ ਗਰਿੱਡ ਨਾਲ ਜੁੜੇ ਹੋਏ ਹਨ। ਇਸ ਸਕੀਮ ਤਹਿਤ ਕਿਸਾਨਾਂ ਨੂੰ ਸੋਲਰ ਐਗਰੀਕਲਚਰ ਪੰਪ ਲਗਾਉਣ ਲਈ 17.50 ਲੱਖ ਰੁਪਏ ਦਾ ਫੰਡ ਵੀ ਜਾਰੀ ਕੀਤਾ ਗਿਆ ਹੈ।
Summary in English: Farmers get subsidy on solar pumps! Learn important information related to this!