ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸੰਗਰੂਰ ਜ਼ਿਲ੍ਹੇ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ, ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਅਤੇ ਪਸਾਰ ਸਿੱਖਿਆ ਵਿਭਾਗ, ਪੀ ਏ ਯੂ, ਲੁਧਿਆਣਾ ਦੇ ਸਾਂਝੇ ਯਤਨਾਂ ਅਤੇ ਪੰਜਾਬ ਰਾਜ ਬੀਜ ਨਿਗਮ (ਪਨਸੀਡ), ਮੋਹਾਲੀ ਦੇ ਵਿਸ਼ੇਸ਼ ਸਹਿਯੋਗ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨੰਨਹੇੜਾ ਵਿਖੇ ਫ਼ਸਲੀ ਰਹਿੰਦ-ਖੂਹੰਦ ਦੇ ਸੁਚੱਜੇ ਪ੍ਰਬੰਧਨ, ਖੇਤੀ ਸਹਾਇਕ ਧੰਦਿਆਂ ਅਤੇ ਖੇਤੀ ਵਿਿਭੰਨਤਾ ਵਿਸ਼ੇ ਨੂੰ ਸਮਰਪਿਤ ਸੀ ਆਰ ਐਮ ਪ੍ਰੋਜੈਕਟ ਅਧੀਨ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ।
ਇਸ ਮੇਲੇ ਵਿੱਚ ਡਾ. ਸਤਿਬੀਰ ਸਿੰਘ ਗੋਸਲ, ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਸ. ਮਹਿੰਦਰ ਸਿੰਘ ਸਿੱਧੂ, ਚੇਅਰਮੈਨ, ਪਨਸੀਡ, ਪੰਜਾਬ ਅਤੇ ਮੈਂਬਰ ਖੇਤੀਬਾੜੀ ਨੀਤੀ ਕਮੇਟੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।
ਇਸ ਤੋਂ ਇਲਾਵਾ ਇਸ ਕਿਸਾਨ ਮੇਲੇ ਵਿੱਚ ਸ. ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਸੰਗਰੂਰ, ਡਾ ਅਸ਼ੋਕ ਕੁਮਾਰ, ਸਾਬਕਾ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡੀਨ, ਪੀਏਯੂ ਲੁਧਿਆਣਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਕਿਸਾਨ ਮੇਲੇ ਦੀ ਪ੍ਰਧਾਨਗੀ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ ਏ ਯੂ ਲੁਧਿਆਣਾ ਨੇ ਕੀਤੀ।
ਕਿਸਾਨ ਮੇਲੇ ਦੇ ਮੁੱਖ ਮਹਿਮਾਨ ਡਾ. ਸਤਿਬੀਰ ਸਿੰਘ ਗੋਸਲ, ਉਪ ਕੁਲਪਤੀ, ਪੀਏਯੂ, ਲੁਧਿਆਣਾ ਨੇ ਕਿਸਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਘਟਾ ਕੇ ਸਬਜ਼ੀਆਂ, ਫ਼ਲਾਂ ਅਤੇ ਸਹਾਇਕ ਧੰਦਿਆਂ ਵੱਲ ਮੋੜਾ ਕੱਟ ਕੇ ਖੇਤੀ ਵਿਿਭੰਨਤਾ ਅਪਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਪੀਏਯੂ ਵੱਲੋਂ ਵਿਕਸਤ ਸੰਯੁਕਤ ਖੇਤੀਬਾੜੀ ਮਾਡਲ ਅਪਣਾ ਕੇ ਘਰੇਲੂ ਜ਼ਰੂਰਤਾਂ ਖੇਤ ਵਿੱਚੋਂ ਹੀ ਪੂਰੀਆਂ ਕਰਨ ਦਾ ਵੀ ਸੱਦਾ ਦਿੱਤਾ।
ਡਾ. ਗੋਸਲ ਨੇ ਕਣਕ ਦੀ ਫ਼ਸਲ ਨੂੰ ਵੱਧ ਰਹੇ ਤਾਪਮਾਨ ਨੂੰ ਬਚਾਉਣ ਲਈ ਪੀ ਏ ਯੂ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਮਿੱਟੀ ਦੀ ਕਿਸਮ ਮੁਤਾਬਿਕ ਹਲਕਾ ਪਾਣੀ ਲਾਉਣ ਅਤੇ 2% ਪੋਟਾਸ਼ੀਅਮ ਨਾਈਟ੍ਰੇਟ ਦੇ ਸਪਰੇਅ ਕਰਨ ਦੀ ਵੀ ਸਲਾਹ ਦਿੱਤੀ। ਉਹਨਾਂ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਿਊ 826 ਦੇ ਗੁਣਾਂ ਦਾ ਵੀ ਜ਼ਿਕਰ ਕੀਤਾ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਝੋਨੇ ਦੀ ਪੀ ਆਰ 126 ਹੇਠ ਰਕਬਾ ਵਧਾਉਣ ਲਈ ਵੀ ਪ੍ਰੇਰਿਤ ਕੀਤਾ।
ਉਨ੍ਹਾਂ ਗਰਮੀ ਰੁੱਤ ਦੀ ਮੱਕੀ ਨੂੰ ਬੈਡਾਂ ਉੱਤੇ ਅਤੇ ਤੁਪਕਾ ਸਿੰਜਾਈ ਵਿਧੀ ਨਾਲ ਲਾਉਣ ਬਾਰੇ ਵੀ ਨਸੀਹਤ ਦਿੱਤੀ। ਇਸ ਤੋਂ ਇਲਾਵਾ ਉਹਨਾਂ ਕਣਕ ਅਤੇ ਝੋਨੇ ਦਾ ਆਪਣਾ ਬੀਜ ਸੰਭਾਲਣ ਲਈ ਵੀ ਪੁਰਜ਼ੋਰ ਸੁਨੇਹਾ ਦਿੱਤਾ। ਸ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਪਨਸੀਡ ਨੇ ਪੀਏਯੂ ਵਿਖੇ ਆਯੋਜਿਤ ਕੀਤੀ ਪਹਿਲੀ ਸਰਕਾਰ-ਕਿਸਾਨ ਮਿਲਣੀ ਨੂੰ ਚੰਗਾ ਕਦਮ ਦੱਸਿਆ ਅਤੇ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਖੇਤੀ ਮਾਹਿਰਾਂ ਦੀ ਸਲਾਹ ਮੰਨਣ ਲਈ ਆਖਿਆ।
ਇਹ ਵੀ ਪੜ੍ਹੋ : ਕਿਸਾਨ ਮੇਲੇ ਦਾ ਆਯੋਜਨ, ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਦਾ ਸਨਮਾਨ
ਉਨ੍ਹਾਂ ਪਨਸੀਡ ਦੇ ਬੀਜ ਉਤਪਾਦਨ ਪ੍ਰੋਗਰਾਮਾਂ ਨੂੰ ਹੋਰ ਹੁਲਾਰਾ ਦੇਣ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਡਾ. ਅਸ਼ੋਕ ਕੁਮਾਰ, ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡੀਨ ਖੇਤੀਬਾਯੀ ਇੰਜੀਨੀਅਰਿੰਗ ਕਾਲਜ ਨੇ ਖੇਤੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਅਪਣਾਉਣ ਅਤੇ ਖੇਤੀ ਉਪਜ ਦੇ ਉਤਪਾਦ ਬਣਾ ਦੇ ਵੇਚਣ ਦਾ ਸੁਝਾਅ ਦਿੱਤਾ।
ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਲਈ ਆਖਿਆ। ਉਹਨਾਂ ਝੋਨੇ ਦੀਆਂ ਪੀ ਏ ਯੂ ਵੱਲੋਂ ਪ੍ਰਮਾਣਿਤ ਕੀਤੀਆਂ ਥੋੜ੍ਹੇ ਸਮੇਂ ਦੀਆਂ ਕਿਸਮਾਂ ਬੀਜਣ ਦੀ ਅਪੀਲ ਕੀਤੀ।
ਉਨ੍ਹਾਂ ਢੁਕਵੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਵੀ ਸੁਝਾਅ ਦਿੱਤਾ ਅਤੇ ਕਿਸਾਨਾਂ ਨੂੰ ਪੀ ਏ ਯੂ ਨਾਲ ਵੱਧ ਤੋਂ ਵੱਧ ਜੁੜਨ ਲਈ ਵੀ ਪ੍ਰੇਰਿਤ ਕੀਤਾ। ਸ. ਗੁਰਮੇਲ ਸਿੰਘ ਘਰਾਚੋਂ ਨੇ ਕਿਸਾਨਾਂ ਨੂੰ ਕੇ ਵੀ ਕੇ, ਖੇੜੀ ਤੋਂ ਕਿੱਤਾਮੁਖੀ ਸਿਖਲਾਈ ਲੈ ਕੇ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਆਖਿਆ।
ਡਾ. ਬੂਟਾ ਸਿੰਘ ਰੋਮਾਣਾ, ਜਨਰਲ ਮੈਨੇਜਰ, ਪਨਸੀਡ ਨੇ ਖੇਤੀ ਵਿਭਿੰਨਤਾ ਵਿੱਚ ਸਬਜ਼ੀਆਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਸਬਜੀਆਂ ਦੀ ਕਾਸ਼ਤ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਪਨਸੀਡ ਵੱਲੋਂ ਤਿਆਰ ਕੀਤੇ ਜਾਣ ਵਾਲੇ ਅਨਾਜ ਵਾਲੀਆਂ ਫਸਲਾਂ, ਗਰਮੀ ਰੁੱਤ ਦੀਆਂ ਫਸਲਾਂ, ਤੇਲਬੀਜ ਫਸਲਾਂ, ਦਾਲਾਂ ਅਤੇ ਸਬਜੀਆਂ ਦੇ ਬੀਜਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : PUNJAB KISAN MELA 2023: ਮਾਰਚ 'ਚ ਇਨ੍ਹਾਂ ਥਾਵਾਂ 'ਤੇ ਹੋਣਗੇ "ਕਿਸਾਨ ਮੇਲੇ", ਦੇਖੋ ਪ੍ਰੋਗਰਾਮਾਂ ਦੀ ਸੂਚੀ
ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਿਗਆਨ ਕੇਂਦਰ, ਖੇੜੀ ਨੇ ਕੇਵੀਕੇ ਵੱਲੋਂ ਆਯੋਜਿਤ ਕੀਤੇ ਜਾਂਦੇ ਸਿਖਲਾਈ ਕੋਰਸਾਂ ਅਤੇ ਕਿਸਾਨਾਂ ਲਈ ਕੀਤੀਆਂ ਜਾਂਦੀਆਂ ਵੱਖ-ਵੱਖ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕੇਵੀਕੇ ਵਲੋਂ ਫ਼ਸਲੀ ਰਹਿੰਦ-ਖੂਹੰਦ ਪ੍ਰਬੰਧਨ ਪ੍ਰੋਜੈਕਟ ਅਧੀਨ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਸਾਂਝ ਪਾਈ। ਡਾ. ਕੁਲਦੀਪ ਸਿੰਘ, ਮੁਖੀ ਪਸਾਰ ਸਿੱਖਿਆ ਵਿਭਾਗ, ਪੀ ਏ ਯੂ ਲੁਧਿਆਣਾ ਨੇ ਫਾਰਮਰ ਫਸਟ ਪ੍ਰੋਜੈਕਟ ਅਧੀਨ ਕੀਤੀਆਂ ਜਾ ਰਹੀਆਂ ਗਤਵਿਧੀਆਂ ਅਤੇ ਕਿਸਾਨਾਂ ਵੱਲੋਂ ਕੀਤੇ ਉੱਦਮਾਂ ਦਾ ਲੇਖਾ-ਜੋਖਾ ਸਾਂਝਾ ਕੀਤਾ।
ਤਕਨੀਕੀ ਸੈਸ਼ਨ ਦੌਰਾਨ ਡਾ. ਅਸ਼ੋਕ ਕੁਮਾਰ ਨੇ ਮਿੱਟੀ-ਪਾਣੀ ਪਰਖ, ਡਾ. ਗੁਰਬੀਰ ਕੌਰ ਨੇ ਸਰਵਪਖੀ ਰੋਗ ਪ੍ਰਬੰਧ, ਡਾ. ਰਵਿੰਦਰ ਕੌਰ ਨੇ ਪੌਸ਼ਟਿਕ ਬਗੀਚੀ, ਡਾ. ਸੁਨੀਲ ਕੁਮਾਰ ਨੇ ਖੇਤੀ ਮਸ਼ੀਨਰੀ, ਡਾ. ਅਮਨਦੀਪ ਕੌਰ ਨੇ ਗਰਮੀ ਰੁੱਤ ਦੀ ਮੂੰਗੀ ਅਤੇ ਮੱਕੀ ਬਾਰੇ ਜਾਣਕਾਰੀ ਦਿੱਤੀ।
ਕਿਸਾਨ ਮੇਲੇ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ ਜਸਕੰਵਲ ਸਿੰਘ ਅਤੇ ਲੀਡ ਬੈਂਕ ਮੈਨੇਜਰ ਸ਼੍ਰੀ ਸੰਜੀਵ ਕੁਮਾਰ ਨੇ ਵੀ ਸੰਬੋਧਨ ਕੀਤਾ। ਡਾ. ਪੰਕਜ ਕੁਮਾਰ, ਪਸਾਰ ਸਿੱਖਿਆ ਵਿਭਾਗ, ਪੀ ਏ ਯੂ ਵੀ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਮੌਜੂਦ ਰਹੇ। ਇਸ ਕਿਸਾਨ ਮੇਲੇ ਵਿੱਚ 30 ਤੋਂ ਵੱਧ ਸ਼ੈਲਫ਼ ਹੈਲਪ ਗਰੁੱਪਾਂ ਅਤੇ ਕਿਸਾਨ ਉੱਦਮੀਆਂ ਨੇ ਖੇਤੀ ਨੁਮਾਇਸ਼ਾਂ ਲਗਾਈਆਂ।
ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸ. ਵਿੰਦਰ ਸਿੰਘ ਅਤੇ ਸ. ਖੁਸ਼ੀਆ ਸਿੰਘ ਦੇ ਸਬਜ਼ੀ ਫਾਰਮ ਅਤੇ ਸ. ਨਿਰਭੈ ਸਿੰਘ ਅਤੇ ਸ. ਦਾਰਾ ਸਿੰਘ ਦੇ ਖੁੰਬ ਅਤੇ ਸ਼ਹਿਦ ਫਾਰਮ ਦਾ ਦੌਰਾ ਕੀਤਾ ਗਿਆ ਅਤੇ ਇਹਨਾਂ ਦੇ ਖੇਤੀ ਉੱਦਮਾਂ ਦੀ ਖੂਬ ਸ਼ਲਾਘਾ ਕੀਤੀ ਗਈ। ਅਖੀਰ ਵਿੱਚ ਖੇਤੀ ਵਿਿਭੰਨਤਾ ਦੇ ਰੋਲ ਮਾਡਲ, ਝੋਨੇ ਦੀ ਪਰਾਲੀ ਨਾ ਸਾੜਨ ਅਤੇ ਸਹਾਇਕ ਧੰਦੇ ਅਪਨਾਉਣ ਵਾਲੇ 20 ਕਿਸਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਖੁੰਬਾਂ ਦੀ ਸਫਲ ਟਰੇਨਿੰਗ ਕਰਨ ਵਾਲੇ ਕਿਸਾਨਾਂ ਨੂੰ ਸਰਟੀਫਿਕੇਟ ਦਿੱਤੇ ਗਏ।
ਕਿਸਾਨ ਮੇਲੇ ਦੀ ਕਾਮਯਾਬੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਫਾਰਮਰ ਫਸਟ ਪ੍ਰੋਜੈਕਟ ਦੀ ਸਮੁੱਚੀ ਟੀਮ ਨੇ ਦਿਨ ਰਾਤ ਇੱਕ ਕਰ ਦਿੱਤਾ। ਫਾਰਮਰ ਫਸਟ ਪ੍ਰੋਜੈਕਟ ਦੇ ਫੀਲਡ ਸੁਪਰਵਾਈਜ਼ਰਾਂ ਸ. ਸੰਦੀਪ ਸਿੰਘ ਅਤੇ ਸ੍ਰੀ ਰਵੀ ਸ਼ੰਕਰ ਨੇ ਜ਼ਿਕਰਯੋਗ ਮਿਹਨਤ ਕੀਤੀ।
Summary in English: Farmers of Punjab to prefer farming technologies of PAU: Dr. Satbir Singh Gosal