Russia Delegation: ਰੂਸ ਦੇ ਇਕ ਵਫ਼ਦ ਨੇ ਪੀ.ਏ.ਯੂ. ਵਿੱਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਵਫਦ ਦੀ ਅਗਵਾਈ ਭਾਰਤ ਵਿਚ ਰੂਸੀ ਅੰਬੈਸੀ ਦੇ ਖੇਤੀ ਨਾਲ ਸੰਬੰਧਿਤ ਕੌਂਸਲਰ ਡਾ. ਕਾਨਸਤਨਤਿਨ ਮਾਲਾਸ਼ੇਨਕੋਬ ਕਰ ਰਹੇ ਸਨ।
ਉਹਨਾਂ ਨਾਲ ਰੂਸ ਦੇ ਯਾਲਤਾ, ਨਿਕੀਤਾ ਦੇ ਨਿਕੀਸਕਾਈ ਬੋਟੈਨੀਕਲ ਗਾਰਡਨਜ਼ ਦੇ ਨਿਰਦੇਸ਼ਕ ਡਾ. ਯੂਰੀ ਪਲੂਜਾਤਰ ਅਤੇ ਅੰਤਰਰਾਸ਼ਟਰੀ ਗਤੀਵਿਧੀਆਂ ਦੇ ਉਪ ਮੁਖੀ ਡਾ. ਸਰਗੇਈ ਖੋਖਲੋਵ ਵੀ ਮੌਜੂਦ ਰਹੇ। ਵਫਦ ਨੇ ਅੰਤਰਰਾਸ਼ਟਰੀ ਪੱਧਰ ਤੇ ਪੀ.ਏ.ਯੂ. ਨਾਲ ਸਾਂਝ ਦੀ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਨਿਕੀਸਕਾਈ ਬੋਟੈਨੀਕਲ ਗਾਰਡਨਜ਼ ਰੂਸ ਦੇ ਦੱਖਣ ਵਿੱਚ ਸੰਬੰਧਿਤ ਖੇਤਰ ਵਿਚ ਕੰਮ ਕਰ ਰਿਹਾ ਅਗਾਂਹਵਧੂ ਸੰਸਥਾਨ ਹੈ। ਇਸ ਸੰਸਥਾ ਵਿਚ ਸਜਾਵਟੀ ਅਤੇ ਜੜੀ ਬੂਟੀਆਂ ਦੇ ਪੌਦਿਆਂ ਦੇ ਨਾਲ-ਨਾਲ ਫਲ ਉਤਪਾਦਕਾਂ ਨੂੰ ਵਿਗਿਆਨਕ ਅਤੇ ਕਿਸਮਾਂ ਦੀ ਭਿੰਨਤਾ ਦੇਣ ਲਈ ਵਿਸ਼ੇਸ਼ ਕਾਰਜ ਕੀਤਾ ਜਾ ਰਿਹਾ ਹੈ। ਇਹ ਸੰਸਥਾਨ 1812 ਵਿਚ ਸਥਾਪਿਤ ਹੋਇਆ ਅਤੇ ਰੁੱਖਾਂ ਦੀ ਪਨੀਰੀ ਦੇ ਖੇਤਰ ਵਿਚ ਪੂਰੀ ਦੁਨੀਆਂ ਵਿਚ ਪ੍ਰਸਿੱਧੀ ਹਾਸਲ ਕੀਤੀ। ਅੱਜ ਇਹ ਸੰਸਥਾ ਵਿਦੇਸ਼ੀ ਸਲਾਨੀਆਂ, ਮਾਹਿਰਾਂ ਅਤੇ ਪੌਦਾ ਕਿਸਮ ਸੁਧਾਰਕਾਂ ਲਈ ਇਕ ਤੀਰਥ ਸਥਾਨ ਵਾਂਗ ਪ੍ਰਸਿੱਧ ਹੋਇਆ ਹੈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਦੇਸ਼ੀ ਸੰਸਥਾਵਾਂ ਨਾਲ ਪੀਏਯੂ ਦੇ ਸਹਿਯੋਗੀ ਸੰਬੰਧਾਂ ਬਾਰੇ ਗੱਲ ਕਰਦਿਆਂ ਕਿਸਾਨੀ ਸਮਾਜ ਦੀ ਭਲਾਈ ਲਈ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਇਹ ਸੰਸਥਾ ਹਰੀ ਕ੍ਰਾਂਤੀ ਦੀ ਮੋਢੀ ਹੋਣ ਦੇ ਨਾਲ-ਨਾਲ ਬੀਤੇ ਵਰ੍ਹੇ ਦੀ ਰੈਂਕਿੰਗ ਵਿਚ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ ਹੈ। ਯੂਨੀਵਰਸਿਟੀ ਨੇ ਸੁਰੱਖਿਅਤ ਖੇਤੀ, ਸ਼ਹਿਦ ਮੱਖੀ ਪਾਲਣ ਅਤੇ ਖੇਤ ਮਸ਼ੀਨਰੀ ਪੱਖੋਂ ਨਵੀਆਂ ਉਚਾਈਆਂ ਛੋਹੀਆਂ ਹਨ।
ਡਾ. ਗੋਸਲ ਨੇ ਪ੍ਰੋਸੈਸਿੰਗ ਤਕਨੀਕਾਂ ਅਤੇ ਤਕਨਾਲੋਜੀ ਰੂਪਾਂਤਰਣ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਖੋਜਾਂ ਦੀ ਰੌਸ਼ਨੀ ਵਿਚ ਯੂਨੀਵਰਸਿਟੀ ਦੇ ਮਹੱਤਵ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਮੌਜੂਦਾ ਦੌਰ ਵਿਚ ਸੰਸਥਾਂ ਦਾ ਧਿਆਨ ਵਾਤਾਵਰਨ ਪੱਖੀ ਖੇਤੀ ਤਕਨੀਕਾਂ ਦੀ ਖੋਜ ਅਤੇ ਉਹਨਾਂ ਨੂੰ ਲਾਗੂ ਕਰਨ ਵੱਲ ਹੈ। ਅਜੋਕੇ ਸਮੇਂ ਵਿਚ ਭੋਜਨ ਸੁਰੱਖਿਆ ਦੇ ਨਾਲ-ਨਾਲ ਟਿਕਾਊ ਖੇਤੀ ਅਤੇ ਵਾਤਾਵਰਨ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਕੇ ਨਵੀਆਂ ਖੇਤੀ ਖੋਜਾਂ ਨੂੰ ਕਿਸਾਨਾਂ ਲਈ ਪ੍ਰਸਾਰਿਤ ਕਰਨਾ ਪੀ.ਏ.ਯੂ. ਦਾ ਮੁੱਖ ਮੰਤਵ ਹੈ। ਉਹਨਾਂ ਕਿਹਾ ਕਿ ਇਸਦੇ ਨਾਲ-ਨਾਲ ਸਪੀਡ ਬਰੀਡਿੰਗ ਤਕਨੀਕਾਂ ਦੇ ਸੰਬੰਧ ਵਿਚ ਖੋਜ ਕਰਨ ਲਈ ਕੋਸ਼ਿਸ਼ਾਂ ਦੇ ਨਾਲ-ਨਾਲ ਪੋਸ਼ਣ ਸੁਰੱਖਿਆ ਯੂਨੀਵਰਸਿਟੀ ਦੇ ਉਦੇਸ਼ ਵਿਚ ਸ਼ਾਮਿਲ ਹੈ।
ਡਾ. ਗੋਸਲ ਨੇ ਪੀਏਯੂ ਦੀਆਂ ਸਹਿਯੋਗੀ ਸੰਸਥਾਵਾਂ ਸੰਬੰਧੀ ਸੰਸਥਾ ਦੇ ਨਜ਼ਰੀਏ ਉੱਪਰ ਚਾਨਣਾ ਪਾਇਆ। ਉਹਨਾਂ ਕਿਹਾ ਕਿ ਪੀ.ਏ.ਯੂ. ਦਾ ਮਕਸਦ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਖੋਜ ਲੱਭਤਾਂ ਦੇ ਵਟਾਂਦਰੇ, ਮਾਹਿਰਾਂ ਦੇ ਆਦਾਨ ਪ੍ਰਦਾਨ ਅਤੇ ਵਿਦਿਆਰਥੀਆਂ ਦੇ ਆਵਾਗਵਣ ਨੂੰ ਪ੍ਰਫੁੱਲਿਤ ਕਰਨਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਬਾਗਬਾਨੀ ਦੇ ਖੇਤਰ ਵਿਚ ਵਾਤਾਰਵਨਪੱਖੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਖੇਤੀ ਢੰਗਾਂ ਨੂੰ ਅਪਣਾ ਕੇ ਉਤਪਾਦਨ ਅਤੇ ਮੁਨਾਫੇ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੀਏਯੂ ਦੀਆਂ ਖੋਜ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਮਿੱਟੀ ਪਰਖ, ਕਿਸਮ ਸੁਧਾਰ, ਕਿੰਨੂ ਦੀ ਕਾਸ਼ਤ, ਸੁਰੱਖਿਅਤ ਖੇਤੀ ਆਦਿ ਸੰਬੰਧੀ ਹੋ ਰਹੇ ਕਾਰਜਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਬਾਗਬਾਨੀ ਨੂੰ ਉਤਸ਼ਾਹਿਤ ਕਰਕੇ ਖੇਤੀ ਵਿਭਿੰਨਤਾ ਲਈ ਲਗਾਤਾਰ ਯਤਨ ਜਾਰੀ ਹਨ। ਇਸਦੇ ਨਾਲ-ਨਾਲ ਕਿਸਾਨਾਂ ਦੇ ਮੁਨਾਫੇ ਅਤੇ ਆਮਦਨ ਵਿਚ ਵਾਧਾ ਕਰਨਾ ਯੂਨੀਵਰਸਿਟੀ ਦਾ ਮੁੱਖ ਮੰਤਵ ਹੈ। ਡਾ. ਢੱਟ ਨੇ ਫਲਾਂ ਅਤੇ ਸਬਜ਼ੀਆਂ ਦੀਆਂ ਕਈ ਕਿਸਮਾਂ ਦਾ ਜ਼ਿਕਰ ਕੀਤਾ ਜੋ ਦੱਖਣੀ ਰੂਸ ਦੇ ਮੌਸਮ ਅਨੁਸਾਰ ਕਾਸ਼ਤ ਲਈ ਢੁਕਵੀਆਂ ਹੋ ਸਕਦੀਆਂ ਹਨ।
ਇਹ ਵੀ ਪੜੋ: Krishi Vigyan Kendra ਦੇ ਮਈ 2024 ਦੇ ਸਿਖਲਾਈਨਾਮੇ, ਇੱਥੇ ਜਾਣੋ ਵੱਖ-ਵੱਖ ਕੋਰਸਾਂ ਬਾਰੇ ਸੰਪੂਰਨ ਜਾਣਕਾਰੀ
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਇੰਦਰਾ ਸਿੰਘ ਗਿੱਲ ਨੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ ਬਾਰੇ ਚਰਚਾ ਕਰਦਿਆਂ ਬਿਹਤਰ ਅਨੁਭਵਾਂ ਲਈ ਅਮਲੇ ਦੇ ਤਬਾਦਲੇ ਸੰਬੰਧੀ ਗੱਲਬਾਤ ਕੀਤੀ। ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਦੋਵਾਂ ਸੰਸਥਾਵਾਂ ਵਿਚ ਸੰਭਾਵੀ ਸਹਿਯੋਗ ਲਈ ਹਰ ਤਰ੍ਹਾਂ ਦੀ ਪ੍ਰਸ਼ਾਸਨਿਕ ਸਹਾਇਤਾ ਦੀ ਪੇਸ਼ਕਸ਼ ਕੀਤੀ।
ਵਿਚਾਰ-ਚਰਚਾ ਦੌਰਾਨ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਹੋਈ। ਵਫ਼ਦ ਨੇ ਵਿਗਿਆਨੀਆਂ ਦੇ ਵਿਚਾਰਾਂ ਦੇ ਆਦਾਨ ਪ੍ਰਦਾਨ ਨੂੰ ਦੋਵਾਂ ਸੰਸਥਾਵਾਂ ਲਈ ਲਾਹੇਵੰਦ ਕਿਹਾ। ਉਹਨਾਂ ਕਿਹਾ ਕਿ ਬਾਗਬਾਨੀ ਵਿਚ ਨਵੀਆਂ ਪੀੜੀਆਂ ਵੱਲੋਂ ਖੋਜ ਅਤੇ ਹੋਰ ਕਾਰਜਾਂ ਲਈ ਬਿਹਤਰ ਵਾਯੂਮੰਡਲ ਉਸਾਰਨ ਦੀ ਲੋੜ ਹੈ ਇਸਲਈ ਮੁਲਕਾਂ ਦੀਆਂ ਸੀਮਾਵਾਂ ਤੋਂ ਪਾਰ ਅਤੇ ਵਿਸ਼ਵੀ ਪ੍ਰਸੰਗ ਵਿਚ ਇਕ ਸੂਚ ਵਿਕਸਿਤ ਕਰਨੀ ਸਮੇਂ ਦੀ ਲੋੜ ਹੈ। ਇਸ ਦਿਸ਼ਾ ਵਿਚ ਪੀਏਯੂ ਅਤੇ ਨਿਕੀਸਕਾਈ ਬੋਟੈਨੀਕਲ ਗਾਰਡਨਜ਼ ਵਿਚਕਾਰ ਸਹਿਯੋਗ ਬੇਹੱਦ ਲਾਭਾਕਰੀ ਸਾਬਿਤ ਹੋ ਸਕੇਗਾ।
Summary in English: Food security, sustainable agriculture and conservation of environment and dissemination of new agricultural innovations to farmers PAU Main purpose of: VC Dr. Satbir Singh Gosal