Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਖਿਡਾਰੀਆਂ ਨੇ 21ਵੀਂ ਆਲ ਭਾਰਤੀ ਅੰਤਰ-ਖੇਤੀਬਾੜੀ ਯੂਨੀਵਰਸਿਟੀ ਖੇਡ ਮੀਟ 2022-23 (21st All India Inter-Agricultural University Sports Meet 2022-23) ਦੇ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਿਲ ਕੀਤਾ।
ਇਹ ਖੇਡ ਮੁਕਾਬਲੇ ਚੌਧਰੀ ਚਰਨ ਸਿੰਘ, ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਖੇ ਹੋਏ। ਇਸ ਵਿੱਚ ਮੁਲਕ ਦੀਆਂ ਖੇਤੀਬਾੜੀ, ਵੈਟਨਰੀ ਯੂਨੀਵਰਸਿਟੀਆਂ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੀਆਂ ਰਾਸ਼ਟਰੀ ਸੰਸਥਾਵਾਂ ਦੇ 2500 ਖਿਡਾਰੀਆਂ ਨੇ 65 ਟੀਮਾਂ ਦੇ ਰੂਪ ਵਿਚ ਹਿੱਸਾ ਲਿਆ। ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਖਿਡਾਰੀਆਂ ਨੇ ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ ਅਤੇ ਟੇਬਲ ਟੈਨਿਸ ਦੀ ਖੇਡ ਵਿਚ ਸ਼ਮੂਲੀਅਤ ਕੀਤੀ।
ਲੜਕੀਆਂ ਬੈਡਮਿੰਟਨ 'ਚ ਚੈਂਪੀਅਨ ਬਣੀਆਂ ਜਦਕਿ ਲੜਕਿਆਂ ਦੀ ਬੈਡਮਿੰਟਨ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਬਾਸਕਟਬਾਲ ਲੜਕਿਆਂ ਦੀ ਟੀਮ ਨੇ ਚਾਂਦੀ ਤਗਮਾ ਜਿੱਤਿਆ ਅਤੇ ਗੋਲਾ ਸੁੱਟਣ ਵਿਚ ਸੌਰਵ ਉੱਪਲ ਨੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ : Veterinary University ਦੇ 10 ਵਿਦਿਆਰਥੀ ਸਿਖਲਾਈ ਲਈ ਅਸਟ੍ਰੇਲੀਆ ਰਵਾਨਾ
ਡਾ. ਅਪਮਿੰਦਰ ਪਾਲ ਸਿੰਘ ਬਰਾੜ, ਟੀਮ ਮੈਨੇਜਰ ਨੇ ਦੱਸਿਆ ਕਿ ਚੈਂਪੀਅਨਸ਼ਿਪ ਟਰਾਫੀ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਈ ਜਦਕਿ ਦੂਜਾ ਨੰਬਰ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਨੇ ਪ੍ਰਾਪਤ ਕੀਤਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੇ ਖਿਡਾਰੀਆਂ ਅਤੇ ਯੂਨੀਵਰਸਿਟੀ ਦੇ ਸੰਬੰਧਿਤ ਖੇਡ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਬੜੀ ਉੱਘੀ ਪ੍ਰਾਪਤੀ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਛੋਟੀ ਯੂਨੀਵਰਸਿਟੀ ਅਤੇ ਘੱਟ ਵਿਦਿਆਰਥੀਆਂ ਦੇ ਹੋਣ ਦੇ ਬਾਵਜੂਦ ਵੀ ਵੈਟਨਰੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਸ਼ਾਨਦਾਰ ਅਤੇ ਜ਼ਿਕਰਯੋਗ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਇਸੇ ਤਰੀਕੇ ਨਾਲ ਹੀ ਜ਼ਿੰਦਗੀ ਦੇ ਹਰ ਖੇਤਰ ਵਿਚ ਮੋਹਰੀ ਬਣ ਕੇ ਰਹਿਣ।
ਇਹ ਵੀ ਪੜ੍ਹੋ : International Workshop: "ਭੋਜਨ ਸੁਰੱਖਿਆ ਤੇ ਵਾਤਾਵਰਣ ਸਥਿਰਤਾ ਲਈ ਜੀਨੋਮ ਸੰਪਾਦਨ" ਵਿਸ਼ੇ `ਤੇ ਕਾਰਜਸ਼ਾਲਾ
ਡਾ. ਸਤਿਆਵਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਅਸੀਂ ਪੂਰੇ ਯਤਨਸ਼ੀਲ ਹਾਂ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਈਏ ਤਾਂ ਜੋ ਪੜ੍ਹਾਈ ਦੇ ਨਾਲ-ਨਾਲ ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਉਹ ਵਧੀਆ ਪ੍ਰਦਰਸ਼ਨ ਕਰ ਸਕਣ।
Summary in English: GADVASU players won second place in the competition