ਜੈਵਿਕ ਖੇਤੀ ਮਿੱਟੀ ਦੀ ਸਿਹਤ, ਵਾਤਾਵਰਣ ਤੇ ਖੇਤੀਬਾੜੀ ਉਤਪਾਦਾਂ ਦੀ ਗੁਣਵੱਤਾ ਦੇ ਸੁਧਾਰ ਲਈ ਇਕ ਵਿਆਪਕ ਖੇਤ ਪ੍ਰਬੰਧਨ ਹੈ। ਇਸ `ਚ ਰਸਾਇਣਕ ਖਾਦਾਂ ਤੇ ਖੇਤੀ ਰਸਾਇਣਾ ਦੀ ਵਰਤੋਂ ਕੀਤੇ ਬਿਨਾਂ ਟਿਕਾਊ ਉਤਪਾਦਕਤਾ ਪ੍ਰਾਪਤ ਕੀਤੀ ਜਾਂਦੀ ਹੈ। ਜੈਵਿਕ ਖੇਤੀ ਲਈ ਕੁਝ ਜੈਵਿਕ ਮਾਪਦੰਡ ਹੁੰਦੇ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਜ਼ਰੂਰੀ ਹੁੰਦਾ ਹੈ। ਇਨ੍ਹਾਂ ਜੈਵਿਕ ਮਾਪਦੰਡਾਂ ਦਾ ਉਦੇਸ਼ ਵਾਤਾਵਰਣ ਲਈ ਅਨੂਕੂਲ ਤਰੀਕੇ ਨਾਲ ਵਧੀਆ ਗੁਣਵੱਤਾ ਵਾਲੇ ਖੇਤੀ ਉਤਪਾਦ ਪੈਦਾ ਕਰਨਾ ਹੈ।
ਜੈਵਿਕ ਭੋਜਨ ਤੇ ਹੋਰ ਜੈਵਿਕ ਖੇਤੀ ਉਤਪਾਦਾਂ ਦੇ ਪ੍ਰਮਾਣੀਕਰਣ ਲਈ ਇੱਕ ਪ੍ਰਕਿਰਿਆ ਹੈ, ਜਿਸਨੂੰ ਜੈਵਿਕ ਪ੍ਰਮਾਣੀਕਰਣ ਕਿਹਾ ਜਾਂਦਾ ਹੈ। ਜੈਵਿਕ ਪ੍ਰਮਾਣੀਕਰਣ ਪ੍ਰਣਾਲੀ ਇੱਕ ਗੁਣਵੱਤਾ ਭਰੋਸਾ ਪਹਿਲ ਹੈ, ਜਿਸਦਾ ਉਦੇਸ਼ ਗੁਣਵੱਤਾ ਨੂੰ ਯਕੀਨੀ ਬਣਾਉਣਾ, ਧੋਖਾਧੜੀ ਨੂੰ ਰੋਕਣਾ ਤੇ ਵਪਾਰ ਨੂੰ ਉਤਸ਼ਾਹਿਤ ਕਰਨਾ ਹੈ। ਜੈਵਿਕ ਪ੍ਰਮਾਣੀਕਰਣ ਮਿਆਰਾਂ ਤੇ ਨੈਤਿਕਤਾ ਦੇ ਇੱਕ ਸਮੂਹ 'ਤੇ ਅਧਾਰਤ ਹੈ।
ਜੈਵਿਕ ਪ੍ਰਮਾਣੀਕਰਣ ਉਤਪਾਦਾਂ ਦੀ ਭਰੋਸੇ ਯੋਗਤਾ ਦੀ ਗਰੰਟੀ ਪ੍ਰਦਾਨ ਕਰਦਾ ਹੈ ਤੇ ਇਹ ਭਰੋਸਾ ਦਵਾਉਂਦਾ ਹੈ ਕਿ ਉਤਪਾਦਨ ਤੇ ਪ੍ਰੋਸੈਸਿੰਗ ਦੌਰਾਨ ਵਰਤੀਆਂ ਗਈਆਂ ਤਕਨੀਕਾਂ ਤੇ ਵਸਤਾਂ ਜੈਵਿਕ ਮਾਪਦੰਡਾਂ ਉੱਪਰ ਖਰੀਆਂ ਉਤਰਦੀਆਂ ਹਨ। ਜੈਵਿਕ ਪ੍ਰਮਾਣੀਕਰਣ ਕਰਵਾਉਣ ਦੀਆਂ ਦੋ ਪ੍ਰਣਾਲੀਆਂ ਉਪਲੱਬਧ ਹਨ:-
1) ਥਰਡ ਪਾਰਟੀ ਗਰੰਟੀ ਸਿਸਟਮ:
ਇਹ ਪ੍ਰਮਾਣੀਕਰਣ ਸਰਕਾਰ ਤੋਂ ਮਾਨਤਾ ਪ੍ਰਾਪਤ ਪ੍ਰਮਾਣੀਕਰਣ ਏਜੰਸੀ ਵੱਲੋਂ ਲਾਗੂ ਕੀਤਾ ਜਾਂਦਾ ਹੈ। ਇਸ `ਚ ਉਤਪਾਦਨ, ਭੰਡਾਰਨ, ਪ੍ਰੋਸੈਸਿੰਗ ਤੇ ਢੋਆ ਢੁਆਈ ਦੇ ਵੱਖ-ਵੱਖ ਪਹਿਲੂਆਂ ਦਾ ਲੇਖਾ ਜੋਖਾ ਰੱਖਿਆ ਜਾਂਦਾ ਹੈ ਤਾਂ ਜੋ ਖਪਤਕਾਰਾਂ ਤੱਕ ਪਹੁੰਚਣ ਤੱਕ ਜੈਵਿਕ ਉਤਪਾਦਾਂ ਦੀ ਗੁਣਵੱਤਾ ਬਰਕਰਾਰ ਰੱਖੀ ਜਾ ਸਕੇ।
ਪ੍ਰਮਾਣੀਕਰਣ ਵਿਧੀ:
● ਕਿਸਾਨ ਆਪਣੇ ਫ਼ਾਰਮ ਨੂੰ ਪ੍ਰਮਾਣਿਤ ਕਰਵਾਉਣ ਲਈ ਕਿਸੇ ਇਕ ਪ੍ਰਮਾਣੀਕਰਣ ਏਜੰਸੀ ਦੀ ਚੋਣ ਕਰਨ ਤੇ ਉਸ ਨੂੰ ਫ਼ਾਰਮ ਪ੍ਰਮਾਣਿਤ ਕਰਾਉਣ ਲਈ ਅਰਜ਼ੀ ਦੇਣ।
● ਏਜੰਸੀ ਵੱਲੋਂ ਅਰਜ਼ੀ ਦੀ ਛਾਣ-ਬੀਣ ਕਰਨ ਉਪਰੰਤ ਕਿਸਾਨ ਨੂੰ ਪ੍ਰਮਾਣੀ ਕਰਣ ਦੇ ਅਨੁਮਾਨਿਤ ਖਰਚੇ ਬਾਰੇ ਦੱਸਿਆ ਜਾਵੇਗਾ।
● ਕਿਸਾਨ ਵੱਲੋਂ ਪ੍ਰਮਾਣੀਕਰਣ ਦੇ ਖਰਚੇ ਨੂੰ ਸਵੀਕਾਰ ਕਰਨ ਉਪਰੰਤ ਕਿਸਾਨ ਤੇ ਏਜੰਸੀ ਦੇ ਵਿਚਕਾਰ ਇਕ ਸਮਝੌਤਾ ਸਹੀ ਬੱਧ ਕੀਤਾ ਜਾਵੇਗਾ।
● ਉਸਤੋਂ ਬਾਅਦ ਪ੍ਰਮਾਣੀਕਰਣ ਏਜੰਸੀ ਕਿਸਾਨਾਂ ਤੋਂ ਵਿਸਤ੍ਰਿਤ ਸਲਾਨਾ ਉਤਪਾਦ ਯੋਜਨਾ ਲੈਂਦੀ ਹੈ ਤੇ ਉਨ੍ਹਾਂ ਨੂੰ ਜੈਵਿਕ ਖੇਤੀ `ਚ ਉਹ ਕੀ ਕਰ ਸਕਦੇ ਹਨ ਤੇ ਕੀ ਨਹੀਂ ਕਰ ਸਕਦੇ ਹਨ, ਬਾਰੇ ਦੱਸਦੀ ਹੈ।
● ਕਿਸਾਨਾਂ ਦੇ ਏਜੰਸੀ ਨੂੰ ਫ਼ੀਸ ਅਦਾ ਕਰਨ ਤੋਂ ਬਾਅਦ ਏਜੰਸੀ ਦੁਆਰਾ ਕਿਸਾਨਾਂ ਦੇ ਖੇਤ ਦੇ ਨਿਰਧਾਰਤ ਜਾਂ ਅਣ-ਨਿਰਧਾਰਤ ਨਿਰੀਖਣ ਕੀਤੇ ਜਾਂਦੇ ਹਨ ਤੇ ਮਿੱਟੀ ਤੇ ਉਤਪਾਦਾਂ ਦੇ ਨਮੂਨੇ ਲਏ ਜਾਂਦੇ ਹਨ।
● ਮਾਪ ਦੰਡਾਂ ਦੀ ਪਾਲਣਾ ਕਰਨ `ਤੇ ਖੇਤ ਦੇ ਉਤਪਾਦ ਨੂੰ ਜੈਵਿਕ ਪ੍ਰਮਾਣੀਕਰਣ ਦਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਰਾਲੀ ਸਮੱਸਿਆ ਦੇ ਹੱਲ ਲਈ 2024 ਤੱਕ ਦਾ ਟੀਚਾ ਮਿੱਥਿਆ
2) ਭਾਗੀਦਾਰੀ ਗਰੰਟੀ ਸਿਸਟਮ:
● ਇਹ ਇੱਕ ਸਥਾਨਕ ਪੱਧਰ ਤੇ ਕੇਂਦ੍ਰਿਤ ਪ੍ਰਣਾਲੀ ਹੈ। ਇਸ `ਚ ਨੇੜਲੇ ਖੇਤਰ ਦੇ ਕਿਸਾਨ ਇੱਕ ਦੂਜੇ ਦੇ ਉਤਪਾਦਨ ਦੇ ਤਰੀਕਿਆਂ ਦਾ ਮੁਲਾਂਕਣ ਕਰਨ, ਜਾਂਚ ਕਰਨ ਤੇ ਤਸਦੀਕ ਕਰਨ ਲਈ ਇੱਕ ਸਮੂਹ ਬਣਾਉਂਦੇ ਹਨ ਤੇ ਮਿਲਕੇ ਉਸ ਸਮੂਹ ਨੂੰ ਜੈਵਿਕ ਘੋਸ਼ਿਤ ਕਰਦੇ ਹਨ।
● ਖੇਤਰੀ ਵਿਧਾਨ ਸਭਾਵਾਂ ਤੇ ਸੁਵਿਧਾ ਏਜੰਸੀਆਂ ਕਿਸਾਨ ਸਮੂਹਾਂ ਨੂੰ ਸਮਰੱਥਾ ਵਧਾਉਣ, ਤਕਨੀਕੀ ਜਾਣਕਾਰੀ ਤੇ ਪੀ.ਜੀ.ਐੱਸ ਦੀ ਵੈਬਸਾਈਟ ਤੇ ਡਾਟਾ ਅਪਲੋਡ ਕਰਨ `ਚ ਸਹਾਇਤਾ ਕਰਦੀਆ ਹਨ।
● ਸਮੂਹ ਦੇ ਮੈਂਬਰ ਪੀ.ਜੀ.ਐੱਸ ਦੇ ਨਿਯਮਾਂ, ਸਿਧਾਂਤਾਂ ਤੇ ਮਾਪ ਦੰਡਾਂ ਦੀ ਪਾਲਣਾ ਕਰਨ ਲਈ ਲਿਖਤੀ ਰੂਪ `ਚ ਵਚਨ ਬੱਧ ਹੁੰਦੇ ਹਨ।
● ਇੱਕ ਸਮੂਹ ਬਣਾਉਣ ਲਈ ਇੱਕੋ ਜਾਂ ਨੇੜਲੇ ਪਿੰਡਾਂ ਦੇ ਘੱਟੋ-ਘੱਟ ਪੰਜ ਮੈਂਬਰਾਂ ਦੀ ਲੋੜ ਹੁੰਦੀ ਹੈ।
● ਸਮੂਹ ਆਪਣੇ ਆਪ ਨੂੰ ਸਥਾਨਕ ਖੇਤਰੀ ਸਭਾ ਕੋਲ ਰਜਿਸਟਰ ਕਰਾਉਣ ਤੋਂ ਬਾਅਦ ਪੀ.ਜੀ.ਐੱਸ ਦੀ ਵੈਬਸਾਈਟ `ਤੇ ਡਾਟਾ ਅਪਲੋਡ ਕਰਨ ਲਈ ਜ਼ਰੂਰੀ ਉਪਭੋਗਤਾ ਆਈ.ਡੀ ਤੇ ਪਾਸਵਰਡ ਪ੍ਰਾਪਤ ਕਰਦਾ ਹੈ।
● ਇਸ ਪ੍ਰਮਾਣੀਕਰਣ ਲਈ ਸਿਰਫ਼ ਮੁਢਲੇ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਪ੍ਰਮਾਣੀਕਰਣ ਦੀ ਇੱਕ ਘੱਟ ਲਾਗਤ ਵਾਲੀ ਪ੍ਰਣਾਲੀ ਹੈ।
● ਇਹ ਪ੍ਰਮਾਣੀਕਰਣ ਸਿਰਫ਼ ਦੇਸ਼ ਅੰਦਰ ਦੀਆਂ ਘਰੇਲੂ ਮੰਡੀਆਂ ਲਈ ਯੋਗ ਹੁੰਦਾ ਹੈ।
● ਇਸ `ਚ ਹਰ ਕਿਸਾਨ ਨੂੰ ਵਿਅਕਤੀਗਤ ਪ੍ਰਮਾਣ ਪੱਤਰ ਮਿਲਦਾ ਹੈ।
● ਤਬਦੀਲੀ ਦੀ ਮਿਆਦ (Transitional Period) ਦੌਰਾਨ ਪੈਦਾਵਾਰ ਨੂੰ “ਪੀ.ਜੀ.ਐੱਸ ਗ੍ਰੀਨ” ਲੋਗੋ ਮਿਲਦਾ ਹੈ ਤੇ ਮਾਪਦੰਡਾਂ ਦੀ ਪੂਰੀ ਪਾਲਣ ਤੇ ਤਬਦੀਲੀ ਦੀ ਮਿਆਦ ਤੋਂ ਬਾਅਦ “ਪੀ.ਜੀ.ਐੱਸ ਆਰਗੈਨਿਕ” ਲੋਗੋ ਪ੍ਰਾਪਤ ਹੁੰਦਾ ਹੈ।
● ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਸ http://ncof.dacnet.nic.in/ ਵੈਬਸਾਈਟ `ਤੇ ਕਲਿਕ ਕਰੋ।
Summary in English: Get organic certification for your organic products like this