Commonwealth Games 2022: ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਵੇਟਲਿਫਟਰਾਂ ਦਾ ਯਾਦਗਾਰ ਪ੍ਰਦਰਸ਼ਨ ਜਾਰੀ ਹੈ। ਹੁਣ ਅਚਿੰਤਾ ਸ਼ਿਉਲੀ ਨੇ 73 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਸੋਨ ਤਮਗਾ ਹਾਸਿਲ ਕੀਤਾ ਹੈ। ਅਚਿੰਤਾ ਸ਼ਿਉਲੀ ਨੇ ਰਿਕਾਰਡ 313 ਕਿਲੋ ਭਾਰ ਚੁੱਕਿਆ। ਦੱਸ ਦੇਈਏ ਕਿ ਮੌਜੂਦਾ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਇਹ ਤੀਜਾ ਸੋਨ ਤਗਮਾ ਹੈ।
Gold Medal 2022: ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪਹਿਲਾਂ ਮੀਰਾਬਾਈ ਚਾਨੂ ਫਿਰ ਜੇਰੇਮੀ ਲਾਲਰਿਨੁੰਗਾ ਅਤੇ ਹੁਣ ਅਚਿੰਤਾ ਸ਼ਿਉਲੀ ਦੇ ਬਿਹਤਰੀਨ ਪ੍ਰਦਰਸ਼ਨ ਨੇ ਭਾਰਤ ਦੀ ਝੋਲੀ 'ਚ ਤੀਜਾ ਸੋਨ ਤਮਗਾ ਪਾਇਆ ਹੈ। 20 ਸਾਲਾ ਅਚਿੰਤਾ ਸ਼ਿਉਲੀ ਨੇ 73 ਕਿਲੋ ਵੇਟਲਿਫਟਿੰਗ ਪੁਰਸ਼ ਭਾਰ ਵਰਗ ਵਿੱਚ ਇਹ ਤਗ਼ਮਾ ਜਿੱਤਿਆ।
ਅਚਿੰਤਾ ਸ਼ਿਉਲੀ ਨੇ ਸੋਨ ਤਗਮਾ ਜਿੱਤਿਆ
ਅਚਿੰਤਾ ਸ਼ਿਉਲੀ ਨੇ ਕੁੱਲ 313 ਕਿਲੋ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ। ਦਰਅਸਲ, ਅਚਿੰਤਾ ਸ਼ਿਉਲੀ ਨੇ ਸਨੈਚ ਰਾਊਂਡ ਵਿੱਚ 143 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲੀ ਵਾਰ ਖੇਡ ਰਿਕਾਰਡ ਤੋੜਿਆ ਹੈ। ਇਸ ਤੋਂ ਬਾਅਦ ਉਹ ਕਲੀਨ ਐਂਡ ਜਰਕ ਰਾਊਂਡ 'ਚ 170 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤਣ 'ਚ ਕਾਮਯਾਬ ਰਹੇ। ਅਜਿਹੇ 'ਚ ਉਨ੍ਹਾਂ ਨੇ ਕੁੱਲ 313 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਆਪਣੇ ਨਾਂ ਕਰ ਲਿਆ ਹੈ।
ਇਸ ਈਵੈਂਟ ਵਿੱਚ ਦੂਜਾ ਸਥਾਨ ਮਲੇਸ਼ੀਆ ਦੇ ਇਰੀ ਹਿਦਾਇਤ ਮੁਹੰਮਦ ਨੂੰ ਮਿਲਿਆ। ਹਿਦਾਇਤ ਮੁਹੰਮਦ ਨੇ ਕੁੱਲ ਮਿਲਾ ਕੇ 303 ਕਿਲੋ ਭਾਰ ਚੁੱਕਿਆ ਅਤੇ ਉਹ ਅਚਿੰਤਾ ਸ਼ਿਉਲੀ ਨਾਲੋਂ 10 ਕਿਲੋ ਘੱਟ ਭਾਰ ਚੁੱਕ ਸਕੇ। ਕੈਨੇਡਾ ਦੇ ਸ਼ਾਦ ਦਰਸਿਗਨੀ ਨੇ ਕਾਂਸੀ ਦਾ ਤਗਮਾ ਜਿੱਤਿਆ। ਦੱਸ ਦੇਈਏ ਕਿ ਦਰਸਿਗਨੀ ਨੇ ਕੁੱਲ 298 ਕਿਲੋਗ੍ਰਾਮ ਭਾਰ ਚੁੱਕਿਆ।
ਇਹ ਵੀ ਪੜ੍ਹੋ: 1 ਅਗਸਤ ਤੋਂ ਇਨ੍ਹਾਂ 6 ਨਿਯਮਾਂ 'ਚ ਬਦਲਾਅ, ਖੱਜਲ-ਖੁਆਰੀ ਤੋਂ ਬਚਣ ਲਈ ਇਹ ਜਾਣਕਾਰੀ ਜ਼ਰੂਰੀ
ਭਾਰਤ ਨੇ 3 ਸੋਨ ਤਮਗੇ ਜਿੱਤੇ
ਇਸ ਤੋਂ ਪਹਿਲਾਂ ਸਟਾਰ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਪੁਰਸ਼ਾਂ ਦੀ 67 ਕਿਲੋਗ੍ਰਾਮ ਵੇਟਲਿਫਟਿੰਗ ਵਿੱਚ ਦੇਸ਼ ਲਈ ਦੂਜਾ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ 300 ਕਿਲੋਗ੍ਰਾਮ ਦੀ ਸੰਯੁਕਤ ਵੇਟਲਿਫਟਿੰਗ ਵਿੱਚ ਇੱਕ ਨਵਾਂ ਖੇਡ ਰਿਕਾਰਡ ਬਣਾਇਆ। ਇਸ ਦੇ ਨਾਲ ਹੀ ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਮੀਰਾਬਾਈ ਚਾਨੂ ਨੇ ਕੁੱਲ 201 ਕਿਲੋਗ੍ਰਾਮ ਭਾਰ ਚੁੱਕ ਕੇ ਵੇਟਲਿਫਟਿੰਗ ਵਿੱਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ।
ਭਾਰਤ ਨੇ ਹੁਣ ਤੱਕ 6 ਤਮਗੇ ਜਿੱਤੇ
ਜਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ 2022 ਵਿਚ ਭਾਰਤ ਨੇ ਹੁਣ ਤੱਕ 6 ਤਮਗੇ ਜਿੱਤੇ ਹਨ ਅਤੇ ਇਹ ਸਾਰੇ ਮੈਡਲ ਵੇਟਲਿਫਟਰਾਂ ਨੇ ਹਾਸਲ ਕੀਤੇ ਹਨ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਜੇਰੇਮੀ ਲਾਲਰਿਨੁੰਗਾ ਨੇ 67 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਿਆ। ਪੁਰਸ਼ਾਂ ਦੇ 55 ਕਿਲੋ ਭਾਰ ਵਰਗ ਵਿੱਚ ਸੰਕੇਤ ਮਹਾਦੇਵ ਸਰਗਰ ਅਤੇ ਔਰਤਾਂ ਦੇ 55 ਕਿਲੋ ਭਾਰ ਵਰਗ ਵਿੱਚ ਬਿੰਦਿਆਰਾਣੀ ਦੇਵੀ ਨੇ ਵੀ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਗੁਰੂਰਾਜਾ ਪੁਜਾਰੀ 61 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਿਹਾ।
Summary in English: Gold Medal: India's third gold medal in Commonwealth Games, Shiuli's brilliant performance