Seed Shops: ਸਾਉਣੀ ਸੀਜ਼ਨ ਦਾ ਸਮਾਂ ਚੱਲ ਰਿਹਾ ਹੈ, ਅਜਿਹੀ 'ਚ ਕਿਸਾਨਾਂ ਵੱਲੋਂ ਫਸਲਾਂ ਦੀ ਬਿਜਾਈ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਈ ਸੂਬਿਆਂ ਵਿੱਚ ਝੋਨਾ, ਬਾਜਰਾ, ਮੱਕੀ ਆਦਿ ਫ਼ਸਲਾਂ ਦੀ ਬਿਜਾਈ ਨੂੰ ਲੈ ਕੇ ਬੀਜ ਖਰੀਦਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।
ਇੱਥੇ ਜੇਕਰ ਵਧੀਆ ਉਤਪਾਦਨ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਬਿਜਾਈ ਲਈ ਵਧੀਆ ਬੀਜਾਂ ਦੀ ਲੋੜ ਪੈਂਦੀ ਹੈ। ਪਰ ਅਕਸਰ ਦੇਖਿਆ ਜਾਂਦਾ ਹੈ ਕਿ ਕਿਸਾਨ ਬਾਜ਼ਾਰ ਤੋਂ ਜੋ ਬੀਜ ਖਰੀਦਦੇ ਹਨ, ਉਹ ਕਈ ਵਾਰ ਨਕਲੀ ਜਾਂ ਘਟੀਆ ਕਿਸਮ ਦੇ ਹੁੰਦੇ ਹਨ, ਜਿਸ ਦੀ ਗੁਣਵੱਤਾ ਇਨ੍ਹੀ ਮਾੜੀ ਹੁੰਦੀ ਹੈ ਕਿ ਕਿਸਾਨਾਂ ਨੂੰ ਕਈ ਵਾਰ ਭਾਰੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਪਰ ਅੱਜ ਅਸੀਂ ਤੁਹਾਡੇ ਨਾਲ ਅਜਿਹੀ ਜਾਣਕਾਰੀ ਸਾਂਝੀ ਕਰ ਰਹੇ ਹਾਂ, ਜਿਸ ਤੋਂ ਬਾਅਦ ਹੁਣ ਕਿਸਾਨਾਂ ਨਾਲ ਕੋਈ ਠੱਗੀ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਹਫ਼ਤੇ ਦੇ ਸੱਤੇ ਦਿਨ ਆਸਾਨੀ ਨਾਲ ਬੀਜ ਪ੍ਰਾਪਤ ਹੋਵੇਗਾ, ਉਹ ਵੀ ਬਿਨਾਂ ਕਿਸੇ ਖੱਜਲ-ਖੁਆਰੀ ਦੇ। ਆਓ ਜਾਣਦੇ ਹਾਂ ਕਿਵੇਂ...?
ਹਫਤੇ ਦੇ ਸੱਤੇ ਦਿਨ ਖੁੱਲੀਆਂ ਰਹਿਣਗੀਆਂ ਦੁਕਾਨਾਂ
ਦਰਅਸਲ, ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਪੀ.ਏ.ਯੂ. ਨੇ ਝੋਨੇ ਦੇ ਆਉਂਦੇ ਸੀਜ਼ਨ ਲਈ ਮਿਆਰੀ ਬੀਜ ਕਿਸਾਨਾਂ ਨੂੰ ਉਪਲੱਬਧ ਕਰਾਉਣ ਦੇ ਮੰਤਵ ਨਾਲ ਇਕ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਅਨੁਸਾਰ ਹੁਣ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ ਹਫਤੇ ਦੇ ਸੱਤੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ।
ਇਨ੍ਹਾਂ ਥਾਵਾਂ ਤੋਂ ਵੀ ਮਿਲਣਗੇ ਬੀਜ
ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਪੀ.ਏ.ਯੂ. ਦੀਆਂ ਮਿਆਰੀ ਕਿਸਮਾਂ ਦਾ ਬੀਜ ਮਿਲ ਸਕੇਗਾ। ਪੀ.ਏ.ਯੂ. ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਸਥਾਪਿਤ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ 'ਤੇ ਵੀ ਕਿਸਾਨ ਇਹ ਬੀਜ ਪ੍ਰਾਪਤ ਕਰ ਸਕਣਗੇ।
ਇਹ ਵੀ ਪੜ੍ਹੋ : Paddy Varieties: ਕਿਸਾਨ ਵੀਰੋਂ PAU ਵੱਲੌਂ ਝੋਨੇ ਦੀਆਂ ਇਨ੍ਹਾਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨੂੰ ਹੀ ਬੀਜੋ, ਮਿਲੇਗਾ ਵਧੀਆ ਲਾਭ
ਝੋਨੇ ਦਾ ਮਿਆਰੀ ਬੀਜ ਮੁਹੱਈਆ
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਘੱਟ ਸਮੇਂ ਵਿਚ ਪੱਕਣ ਵਾਲੀਆਂ ਮਿਆਰੀ ਪੀ ਆਰ ਕਿਸਮਾਂ ਦਾ ਬੀਜ ਰਾਜ ਦੇ ਕਿਸਾਨਾਂ ਨੂੰ ਮੁਹੱਈਆ ਕਰਾਉਣਾ ਹੈ। ਉਹਨਾਂ ਕਿਹਾ ਕਿ 2023 ਦੇ ਅੰਕੜਿਆਂ ਅਨੁਸਾਰ ਝੋਨੇ ਦੀ ਕਾਸ਼ਤ ਵਾਲੇ 70 ਪ੍ਰਤੀਸ਼ਤ ਦੇ ਕਰੀਬ ਰਕਬੇ ਉੱਪਰ ਪੀ ਆਰ ਕਿਸਮਾਂ ਦੀ ਕਾਸ਼ਤ ਹੋਈ ਹੈ।
ਇਸ ਸਾਲ ਇਹ ਰਕਬਾ ਵਧਾਉਣ ਦੇ ਮੰਤਵ ਨਾਲ ਕਿਸਾਨਾਂ ਨੂੰ ਬੀਜ ਉਪਲੱਬਧ ਕਰਾਉਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਡਾ. ਗੋਸਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਪੱਖੀ ਖੇਤੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵਿਚ ਯੂਨੀਵਰਸਿਟੀ ਦੀ ਧਿਰ ਬਣਨ ਲਈ ਘੱਟ ਮਿਆਦ ਵਿਚ ਪੱਕਣ ਵਾਲੀਆਂ ਪੀ ਆਰ -126 ਵਰਗੀਆਂ ਕਿਸਮਾਂ ਦੀ ਕਾਸ਼ਤ ਯਕੀਨੀ ਬਨਾਉਣ।
Summary in English: Good news for the farmers of Punjab, now the farmers will get quality paddy seeds seven days a week, the seed shop will be open from 9 am to 5 pm.