ਦੀਵਾਲੀ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਦਰਅਸਲ, ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਦੇਸ਼ ਵਿੱਚ ਕਣਕ, ਸਰ੍ਹੋਂ ਸਮੇਤ ਹਾੜੀ ਦੀਆਂ 6 ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧੇ ਦਾ ਐਲਾਨ ਕੀਤਾ ਹੈ।
ਕੇਂਦਰ ਸਰਕਾਰ ਨੇ ਹਾੜੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਧਾਉਣ ਦਾ ਫੈਸਲਾ ਕਰਕੇ ਕਿਸਾਨਾਂ ਨੂੰ ਦੀਵਾਲੀ ਉਤੇ ਵੱਡੀ ਰਾਹਤ ਦਿੱਤੀ ਹੈ। ਦੱਸ ਦੇਈਏ ਕਿ ਖੇਤੀ ਲਾਗਤਾਂ ਅਤੇ ਕੀਮਤਾਂ ਲਈ ਕਮਿਸ਼ਨ ਨੇ ਕਣਕ, ਸਰ੍ਹੋਂ ਸਮੇਤ ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 9% ਵਾਧੇ ਦੀ ਸਿਫ਼ਾਰਸ਼ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ 'ਚ 110 ਰੁਪਏ ਦਾ ਵਾਧਾ ਕੀਤਾ ਹੈ ਤੇ ਭਾਅ ਹੁਣ 2,125 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ ਸਰ੍ਹੋਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵੀ 400 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਇਹ ਹੁਣ 5,450 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਜਾਵੇਗੀ।
ਹਾੜ੍ਹੀ ਦੀਆਂ 6 ਫ਼ਸਲਾਂ ਦੀ ਐਮਐੱਸਪੀ (MSP) ਵਧਾਉਣ ਬਾਰੇ ਫ਼ੈਸਲਾ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਦੱਸ ਦੇਈਏ ਕਿ ਸਰਕਾਰ ਹਾੜ੍ਹੀ ਤੇ ਸਾਉਣੀ ਦੀਆਂ 23 ਫ਼ਸਲਾਂ ਲਈ ਐਮਐੱਸਪੀ ਤੈਅ ਕਰ ਰਹੀ ਹੈ। ਜਿਸ ਵਿੱਚ ਕਣਕ ਤੇ ਸਰ੍ਹੋਂ ਹਾੜ੍ਹੀ ਦੀਆਂ ਵੱਡੀਆਂ ਫ਼ਸਲਾਂ ਹਨ। ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ 2023-24 ਲਈ ਹਾੜੀ ਦੀਆਂ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜਿਕਰਯੋਗ ਹੈ ਕਿ ਐਮਐੱਸਪੀ (MSP) 'ਚ ਵਾਧਾ 2022-23 ਦੇ ਫ਼ਸਲੀ ਵਰ੍ਹੇ ਤੇ 2023-24 ਦੇ ਮੰਡੀਕਰਨ ਸਾਲ ਲਈ ਕੀਤਾ ਗਿਆ ਹੈ। ਐਮਐੱਸਪੀ 'ਚ ਸਭ ਤੋਂ ਜ਼ਿਆਦਾ ਵਾਧਾ ਮਸਰਾਂ ਦੀ ਦਾਲ ਲਈ ਕੀਤਾ ਗਿਆ ਹੈ, ਜੋ ਕਿ 500 ਰੁਪਏ ਪ੍ਰਤੀ ਕੁਇੰਟਲ ਹੈ। ਇਸ ਤੋਂ ਪਹਿਲਾਂ ਕਣਕ ਲਈ 2,015 ਰੁਪਏ ਪ੍ਰਤੀ ਕੁਇੰਟਲ ਐਮਐੱਸਪੀ ਦਿੱਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਕ੍ਰਿਸ਼ੀ ਮੰਤਰਾਲੇ `ਚ ਸਟਾਰਟਅੱਪਸ ਦੇ ਲਈ ਵੱਖਰਾ ਡਿਵੀਜ਼ਨ ਬਣਾਵਾਂਗੇ: ਤੋਮਰ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਕਣਕ ਤੇ ਸਰ੍ਹੋਂ ਉਤਪਾਦਨ ਉਤੇ ਆਉਂਦੇ ਖ਼ਰਚ ਦੇ ਕੇਸ ਵਿਚ 100 ਪ੍ਰਤੀਸ਼ਤ ਲਾਭ ਵਾਪਸ ਮਿਲੇ। ਜਦੋਂਕਿ, ਦੂਜੀਆਂ ਹਾੜ੍ਹੀ ਦੀਆਂ ਫ਼ਸਲਾਂ ਦੇ ਉਤਪਾਦਨ ਖ਼ਰਚ 'ਤੇ 50 ਤੋਂ 85 ਪ੍ਰਤੀਸ਼ਤ ਤੱਕ ਲਾਭ ਮੋੜਨਾ ਯਕੀਨੀ ਬਣਾਇਆ ਗਿਆ ਹੈ।
Summary in English: Government has increased the msp of 6 rabi crops including wheat and mustard