Kisan Andolan 2: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਲਖਵਿੰਦਰ ਸਿੰਘ ਵਰਿਆਮਨੰਗਲ, ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ ਦੀ ਅਗਵਾਈ ਵਿੱਚ ਦਿੱਲੀ ਅੰਦੋਲਨ 2 ਦੀਆਂ ਤਿਆਰੀਆਂ ਲਗਾਤਾਰ ਮੀਟਿੰਗਾਂ ਅਤੇ ਕਨਵੈਨਸ਼ਨਾਂ ਕਰਕੇ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚਲਦੇ ਕਾਹਨੂੰਵਾਨ ਵਿੱਚ ਚਾਰ ਜੋਨਾ ਦੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ।
ਦੱਸ ਦੇਈਏ ਕਿ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ, ਜੋਨ ਸ਼ਹੀਦ ਬੀਬੀ ਸੁੰਦਰੀ ਜੀ, ਜੋਨ ਸਠਿਆਲੀ, ਜੌਨ ਬੁਰਜ ਸਾਹਿਬ ਜੀ ਦੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਕਿਸਾਨ ਮਜਦੂਰ ਅਤੇ ਬੀਬੀਆਂ ਨੇ ਹਜ਼ਾਰਾ ਦੀ ਗਿਣਤੀ ਵਿੱਚ ਸੈਂਕੜੇ ਟ੍ਰੈਕਟਰ ਟਰਾਲੀਆਂ 'ਤੇ ਸਵਾਰ ਹੋ ਕੇ ਪਹੁੰਚੇ।
ਇਸ ਮੌਕੇ ਬੋਲਦਿਆਂ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਦਿੱਲੀ ਅੰਦੋਲਨ ਦੀ ਅਹਿਮੀਅਤ ਅਤੇ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕਿਸਾਨ ਮਜਦੂਰ ਸੰਘਰਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਅਤੇ ਮਜ਼ਦੂਰ ਨੂੰ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ, ਕਿਉਂਕਿ ਅੱਜ ਸੰਘਰਸ਼ ਓਸ ਮੋੜ 'ਤੇ ਹੈ ਜੋ ਇਨ੍ਹਾਂ ਦਾ ਭਵਿੱਖ ਤਹਿ ਕਰੇਗਾ।
ਅੰਦੋਲਨ-2 ਦੀਆਂ ਮੁੱਖ ਮੰਗਾਂ:
● ਸਾਰੀਆਂ ਫ਼ਸਲਾਂ ਦੀ ਖਰੀਦ 'ਤੇ ਐਮਐਸਪੀ ਗਰੰਟੀ ਕਨੂੰਨ ਬਣਵਾ ਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਲਾਗੂ ਕਰਵਾਉਣਾ
● ਫ਼ਸਲੀ ਬੀਮਾ ਯੋਜਨਾ ਲਾਗੂ ਕਰਵਾਉਣਾ
● ਜ਼ਮੀਨ ਐਕਵਾਇਰ ਕਰਨ ਸਬੰਧੀ ਕਨੂੰਨ 2013 ਵਾਲੇ ਸਰੂਪ ਵਿੱਚ ਲਾਗੂ ਹੋਵੇ
● ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕਰਦੇ ਹੋਏ ਦੋਸ਼ੀਆ ਨੂੰ ਸਜ਼ਾ ਕਰਵਾਉਣਾ
● ਕਿਸਾਨ ਮਜਦੂਰ ਦੀ ਪੈਨਸ਼ਨ ਸਕੀਮ
● ਭਾਰਤ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਹੋਵੇ
● ਆਦਿਵਾਸੀਆਂ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ
● ਗੰਨਾ ਉਤਪਾਦਕਾਂ ਦੀਆਂ ਮੰਗਾਂ ਹੱਲ ਕਰਵਾਈਆਂ ਜਾਣ
ਇਹ ਵੀ ਪੜ੍ਹੋ: ਸਰਕਾਰ ਨੇ ਲਾਂਚ ਕੀਤਾ Bharat Rice, ਕੀਮਤ 29 ਰੁਪਏ ਪ੍ਰਤੀ ਕਿਲੋ, ਇੱਥੋਂ ਖਰੀਦੋ ਸਸਤੇ ਚੌਲ
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ, ਗੁਰਮੁਖ ਸਿੰਘ, ਹਰਚਰਨ ਸਿੰਘ, ਗੁਰਪ੍ਰੀਤ ਕੌਰ, ਹਰਜੀਤ ਕੌਰ, ਗੁਰਦੀਪ ਕੌਰ, ਕੁਲਵਿੰਦਰ ਕੌਰ, ਰਣਜੀਤ ਸਿੰਘ, ਕੈਪਟਨ ਸਮਿੰਦਰ ਸਿੰਘ, ਸਤਨਾਮ ਸਿੰਘ, ਅਨੂਪ ਸਿੰਘ, ਗੁਰਪ੍ਰੀਤ ਨਾਨੋਵਾਲ, ਜਰਨੈਲ ਸਿੰਘ, ਅਤੇ ਵੱਖ-ਵੱਖ ਪਿੰਡਾਂ ਵਿੱਚੋ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਿਰ ਹੋਏ।
Summary in English: Grand Convention at District Gurdaspur for preparations of Kisan Andolan-2, Large number of farmers present