ਇਸ ਸਾਲ ਅਸਾਧਾਰਨ ਮੀਂਹ ਕਾਰਨ ਝੋਨੇ ਦੀ ਕਟਾਈ `ਚ ਦੇਰੀ ਹੋਈ, ਜਿਸ ਕਾਰਨ ਕਿਸਾਨਾਂ ਕੋਲ ਕਣਕ ਦੀ ਬਿਜਾਈ ਲਈ ਬਹੁਤ ਘੱਟ ਸਮਾਂ ਬਚਿਆ। ਇਸ ਲਈ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਤੇ ਇਸ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਖੇਤਾਂ ਦੀ ਸਫਾਈ ਕਰ ਰਹੇ ਹਨ। ਅੰਕੜਿਆਂ ਅਨੁਸਾਰ ਸੂਬੇ ਵਿੱਚ ਹਰ ਸਾਲ 180 ਲੱਖ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਹੁੰਦਾ ਹੈ।
ਪੰਜਾਬ ਵਿੱਚ ਪਿਛਲੇ ਹਫ਼ਤੇ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ 3,916 ਮਾਮਲੇ ਦਰਜ ਕੀਤੇ ਗਏ। ਇਹ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਇੱਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ। ਸੂਬੇ ਦੇ ਰਿਮੋਟ ਸੈਂਸਿੰਗ ਅਨੁਸਾਰ 15 ਸਤੰਬਰ ਤੋਂ 11 ਨਵੰਬਰ ਤੱਕ ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਕੁੱਲ 40,677 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। 2020 ਅਤੇ 2021 ਦੀ ਇਸੇ ਮਿਆਦ ਵਿੱਚ, ਸੂਬੇ ਵਿੱਚ 69,333 ਅਤੇ 55,573 ਮਾਮਲੇ ਦਰਜ ਕੀਤੇ ਗਏ ਸਨ।
ਦੱਸ ਦੇਈਏ ਕਿ ਸੂਬੇ ਦੀ ਮਾਲਵਾ ਪੱਟੀ ਵਿੱਚ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ਨਾਲ ਲੱਗਦੇ ਦੱਖਣ-ਪੱਛਮੀ ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਅਜਿਹਾ ਇਸ ਲਈ ਕਿਉਂਕਿ ਕਿਸਾਨ ਭਰਾ ਮਾਹਿਰਾਂ ਵੱਲੋਂ 15 ਨਵੰਬਰ ਤੱਕ ਕਣਕ ਦੀ ਬਿਜਾਈ ਕਰਨ ਲਈ ਦਿੱਤੀ ਗਈ ਸਮਾਂ ਸੀਮਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ, ਪੰਜਾਬ ਸਰਕਾਰ ਨੇ ਕਮਿਸ਼ਨ ਨੂੰ ਭੇਜਿਆ ਪ੍ਰਸਤਾਵ
ਸਟੇਟ ਰਿਮੋਟ ਸੈਂਸਿੰਗ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਸੂਚੀ ਵਿੱਚ ਬਠਿੰਡਾ 523 ਕੇਸਾਂ ਨਾਲ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਮੋਗਾ ਵਿੱਚ 446, ਕਤਸਰ ਵਿੱਚ 434, ਫਾਜ਼ਿਲਕਾ ਵਿੱਚ 385, ਫ਼ਿਰੋਜ਼ਪੁਰ ਵਿੱਚ 305, ਬਰਨਾਲਾ ਅਤੇ ਲੁਧਿਆਣਾ ਵਿੱਚ 296-296, ਫਰੀਦਕੋਟ ਵਿੱਚ 280, ਸੰਗਰੂਰ ਵਿੱਚ 233 ਤੇ ਪਟਿਆਲਾ ਵਿੱਚ 114 ਖੇਤਾਂ ਨੂੰ ਅੱਗ ਲੱਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ ਸੂਬੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੀਆਂ ਕੁੱਲ 5,016 ਮਾਮਲਿਆਂ ਦੇ ਨਾਲ ਸਭ ਤੋਂ ਉੱਪਰ ਹੈ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (National Human Rights Commission) ਨੇ ਦਿੱਲੀ ਸਮੇਤ ਕੌਮੀ ਰਾਜਧਾਨੀ ਖੇਤਰ ਵਿੱਚ ਪਰਾਲੀ ਸਾੜਨ ਕਾਰਨ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ NHRC ਨੇ ਕਿਹਾ ਕਿ ਕਿਸਾਨਾਂ ਨੂੰ ਏਅਰ ਕੁਆਲਿਟੀ ਇੰਡੈਕਸ (AQI) ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਵਧ ਰਹੇ ਹਵਾ ਪ੍ਰਦੂਸ਼ਣ ਲਈ ਚਾਰ ਸੂਬਿਆਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ। ਪਰਾਲੀ ਸਾੜਨਾ ਇੱਕ ਸਦੀਵੀ ਸਮੱਸਿਆ ਬਣ ਗਈ ਹੈ।
Summary in English: In Punjab, 3916 farms caught fire in a single day, Chief Minister's district is on top